ਮੰਗੋਲੀਆ ਨੇ ਟੀ-20 ਕੌਮਾਂਤਰੀ ਕ੍ਰਿਕਟ ਦਾ ਦੂਜਾ ਸਭ ਤੋਂ ਘੱਟ ਸਕੋਰ ਬਣਾਇਆ

Thursday, May 09, 2024 - 11:23 AM (IST)

ਮੰਗੋਲੀਆ ਨੇ ਟੀ-20 ਕੌਮਾਂਤਰੀ ਕ੍ਰਿਕਟ ਦਾ ਦੂਜਾ ਸਭ ਤੋਂ ਘੱਟ ਸਕੋਰ ਬਣਾਇਆ

ਸਾਨੋ (ਜਾਪਾਨ)–ਏਸ਼ੀਆਈ ਖੇਡਾਂ ਰਾਹੀਂ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਕਰਨ ਵਾਲਾ ਮੰਗੋਲੀਆ ਇਸ ਦੇ 7 ਮਹੀਨਿਆਂ ਬਾਅਦ ਜਾਪਾਨ ਵਿਰੁੱਧ ਬੁੱਧਵਾਰ ਨੂੰ ਇਥੇ ਸਿਰਫ 12 ਦੌੜਾਂ ’ਤੇ ਆਊਟ ਹੋ ਗਿਆ, ਜੋ ਟੀ-20 ਕੌਮਾਂਤਰੀ ਕ੍ਰਿਕਟ ’ਚ ਦੂਜਾ ਸਭ ਤੋਂ ਘੱਟ ਸਕੋਰ ਹੈ। ਜਾਪਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ’ਤੇ 217 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ’ਚ ਮੰਗੋਲੀਆ ਦੀ ਟੀਮ ਸਿਰਫ 8.2 ਓਵਰਾਂ ’ਚ ਆਊਟ ਹੋ ਗਈ। ਟੀ-20 ਕੌਮਾਂਤਰੀ ਕ੍ਰਿਕਟ ’ਚ ਘੱਟ ਸਕੋਰ ਬਣਾਉਣ ਦਾ ਰਿਕਾਰਡ ਆਈਲ ਆਫ ਮੈਨ ਦੇ ਨਾਂ ’ਤੇ ਹੈ, ਜਿਸ ਦੀ ਟੀਮ 26 ਫਰਵਰੀ 2023 ਨੂੰ ਸਪੇਨ ਵਿਰੁੱਧ 10 ਦੌੜਾਂ ’ਤੇ ਆਊਟ ਹੋ ਗਈ ਸੀ।
ਜਾਪਾਨ ਵਲੋਂ 17 ਸਾਲਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਕਾਜੁਮਾ ਕਾਤੋ ਸਟੈਫੋਰਡ ਨੇ 3.2 ਓਵਰਾਂ ’ਚ 7 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਦਕਿ ਅਬਦੁਲ ਸਮਦ ਨੇ 4 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਮਕੋਤੋ ਤਾਨਿਯਾਮਾ ਨੇ ਬਿਨਾ ਕੋਈ ਦੌੜ ਦਿੱਤਿਆਂ 2 ਵਿਕਟਾਂ ਲਈਆਂ। ਮੰਗੋਲੀਆ ਵਲੋਂ ਤੂਰ ਸੁਮਾਯਾ ਨੇ ਸਭ ਤੋਂ ਵੱਧ 4 ਦੌੜਾਂ ਬਣਾਈਆਂ। ਜਾਪਾਨ ਨੇ ਇਹ ਮੈਚ 205 ਦੌੜਾਂ ਨਾਲ ਜਿੱਤਿਆ, ਜੋ ਟੀ-20 ਕੌਮਾਂਤਰੀ ਕ੍ਰਿਕਟ ’ਚ ਦੌੜਾਂ ਦੇ ਲਿਹਾਜ਼ ਨਾਲ ਚੌਥੀ ਵੱਡੀ ਜਿੱਤ ਹੈ। ਰਿਕਾਰਡ ਨੇਪਾਲ ਦੇ ਨਾਂ ’ਤੇ ਹੈ, ਜਿਸ ਨੇ ਏਸ਼ੀਆਈ ਖੇਡਾਂ ’ਚ ਮੰਗੋਲੀਆ ਨੂੰ 273 ਦੌੜਾਂ ਨਾਲ ਹਰਾਇਆ ਸੀ।


author

Aarti dhillon

Content Editor

Related News