USA ''ਚ ਹਰ ਘੰਟੇ ਦੇ ਮਿਲਦੇ ਨੇ ਇੰਨੇ ਪੈਸੇ, ਭਾਰਤ ''ਚ ਸਿਰਫ 25 ਰੁਪਏ ਪ੍ਰਤੀ ਘੰਟਾ

10/23/2020 8:35:15 PM

ਨਵੀਂ ਦਿੱਲੀ– ਸੰਯੁਕਤ ਰਾਜ ਅਮਰੀਕਾ ਦੇ ਸਾਬਕਾ ਉਪ-ਰਾਸ਼ਟਰਪਤੀ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡੇਨ ਨੇ ਕਿਹਾ ਕਿ ਉਹ ਘੱਟੋ-ਘੱਟ ਮਜ਼ਦੂਰੀ ਨੂੰ ਵਧਾ ਕੇ 15 ਡਾਲਰ (ਲਗਭਗ 1103 ਰੁਪਏ) ਪ੍ਰਤੀ ਘੰਟਾ ਕਰਨਗੇ ਅਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਸ ਨਾਲ ਛੋਟੇ ਕਾਰੋਬਾਰੀਆਂ ਨੂੰ ਨੁਕਸਾਨ ਹੋਵੇਗਾ। ਅਮਰੀਕਾ ’ਚ ਇਸ ਸਮੇਂ ਘੱਟੋ-ਘੱਟ ਮਜ਼ਦੂਰੀ 7.25 ਡਾਲਰ ਪ੍ਰਤੀ ਘੰਟਾ ਹੈ, ਯਾਨੀ ਤਕਰੀਬਨ 533 ਰੁਪਏ ਪ੍ਰਤੀ ਘੰਟੇ ਹੈ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇਥੇ ਮਨਰੇਗਾ ਮਜ਼ਦੂਰਾਂ ਨੂੰ ਇਕ ਦਿਨ ਦੇ 202 ਰੁਪਏ ਮਿਲਦੇ ਹਨ। ਜੇਕਰ ਇਸ ਨੂੰ 8 ਘੰਟੇ ਦੇ ਕੰਮ ਮੁਤਾਬਕ ਵੰਡ ਕੇ ਦੇਖੀਏ ਤਾਂ ਇਹ ਸਿਰਫ 25-25 ਰੁਪਏ ਪ੍ਰਤੀ ਘੰਟਾ ਹੀ ਹੁੰਦਾ ਹੈ, ਜੋ ਕੌਮਾਂਤਰੀ ਮਾਪਦੰਡ ਦੀ ਤੁਲਨਾ 'ਚ ਬੇਹੱਦ ਘੱਟ ਹੈ। ਮਨਰੇਗਾ ਦੀ ਮਜ਼ਦੂਰੀ 'ਚ ਵਾਧੇ ਦੀ ਗੱਲ ਕਰੀਏ ਤਾਂ ਸਾਲ 2017-18 ਅਤੇ 2018-19 ਦਰਮਿਆਨ ਦੇਸ਼ ਦੇ ਕੁਲ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 1 ਰੁਪਏ ਵੀ ਮਜ਼ਦੂਰੀ 'ਚ ਵਾਧਾ ਨਹੀਂ ਕੀਤਾ ਗਿਆ, ਇਸ ਤਰ੍ਹਾਂ ਸਾਲ 2018-19 ਅਤੇ 2019-20 ਵਿਚਕਾਰ 6 ਸੂਬਿਆਂ ਅਤੇ ਕੇਂਦਰ ਸ਼ਾਸਿਸ ਪ੍ਰਦੇਸ਼ਾਂ 'ਚ ਮਜ਼ਦੂਰੀ 'ਚ ਵਾਧਾ ਨਹੀਂ ਕੀਤਾ ਗਿਆ। ਇਨ੍ਹਾਂ ਸੂਬਿਆਂ ’ਚ ਪੱਛਮੀ ਬੰਗਾਲ ਅਤੇ ਕਰਨਾਟਕ ਸੂਬੇ ਵੀ ਸ਼ਾਮਲ ਰਹੇ।

ਸਵਿਟਜ਼ਰਲੈਂਡ ਹੋਵੇਗਾ ਸਭ ਤੋਂ ਵੱਧ ਤਨਖਾਹ ਦੇਣ ਵਾਲਾ ਦੇਸ਼
ਦੱਸ ਦਈਏ ਕਿ ਸਵਿਟਜ਼ਰਲੈਂਡ ਦੇ ਜੇਨੇਵਾ ’ਚ ਘੱਟੋ-ਘੱਟ ਤਨਖਾਹ 23 ਸਵਿਸ ਫ੍ਰੈਂਕ ਪ੍ਰਤੀ ਘੰਟਾ (1,839 ਰੁਪਏ ਦੇ ਕਰੀਬ) ਕੀਤੇ ਜਾਣ ਦੀ ਤਿਆਰੀ ਪੂਰੀ ਹੋ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜੇਨੇਵਾ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਘੱਟੋ-ਘੱਟ ਮਜ਼ਦੂਰੀ ਮਿਲੇਗੀ। ਸਵਿਸ ਸਰਕਾਰ ਮੁਤਾਬਕ ਇਸ ਫੈਸਲੇ ਨੂੰ ਲੈ ਕੇ ਵੋਟਿੰਗ ਕਰਵਾਈ ਗਈ ਸੀ ਅਤੇ 58 ਫੀਸਦੀ ਵੋਟਰਾਂ ਨੇ ਇਸ ਦਾ ਸਮਰਥਨ ਕੀਤਾ ਹੈ। ਜੇਨੇਵਾ ’ਚ ਘੰਟੇ ਦੀ ਘੱਟੋ-ਘੱਟ ਮਜ਼ਦੂਰੀ ਲਗਭਗ 25 ਡਾਲਰ ਹੈ।

ਮਜ਼ਦੂਰਾਂ ਦੀ ਘੱਟੋ-ਘੱਟ ਮਜ਼ਦੂਰੀ 'ਚ ਵੱਡਾ ਫਰਕ
ਦੱਖਣੀ ਅਫਰੀਕਾ 'ਚ ਵੱਖ-ਵੱਖ ਵਰਕਰਾਂ ਦੀ ਘੰਟੇ ਦੀ ਘੱਟੋ-ਘੱਟ ਮਜ਼ਦੂਰੀ 1.23 ਡਾਲਰ ਹੈ। ਇਸ ਲਿਹਾਜ ਨਾਲ ਦੇਖੀਏ ਤਾਂ ਦੁਨੀਆ ਭਰ 'ਚ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 'ਚ ਵੱਡਾ ਫਰਕ ਦੇਖਣ ਨੂੰ ਮਿਲਦਾ ਹੈ। ਬ੍ਰਿਟੇਨ 'ਚ ਘੱਟੋ-ਘੱਟ ਮਜ਼ਦੂਰੀ 11.33 ਡਾਲਰ ਪ੍ਰਤੀ ਘੰਟੇ ਅਤੇ ਆਸਟ੍ਰੇਲੀਆ 'ਚ ਘੱਟੋ-ਘੱਟ ਮਜ਼ਦੂਰੀ 19.84 ਡਾਲਰ ਪ੍ਰਤੀ ਘੰਟੇ ਹੈ।
 


Sanjeev

Content Editor

Related News