ਬਾਜ਼ਾਰ ਸਪਾਟ : ਸੈਂਸੈਕਸ 35,429 'ਤੇ, ਨਿਫਟੀ 10,743 'ਤੇ ਖੁੱਲ੍ਹਿਆ

06/22/2018 9:22:11 AM

ਮੁੰਬਈ— ਗਲੋਬਲ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਵਿਚਕਾਰ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਸੁਸਤ ਹੋਈ ਹੈ। ਸ਼ੁੱਕਰਵਾਰ ਦੇ ਕਾਰੋਬਾਰੀ ਸਤਰ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 3.97 ਅੰਕ ਦੀ ਮਾਮੂਲੀ ਗਿਰਾਵਟ ਨਾਲ 35,428.42 'ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ 1.60 ਅੰਕ ਵਧ ਕੇ 10,742.70 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੌਰਾਨ ਬੀ. ਐੱਸ. ਈ. ਮਿਡ ਕੈਪ 5.92 ਅੰਕ ਮਜ਼ਬੂਤ ਅਤੇ ਬੈਂਕ ਨਿਫਟੀ 'ਚ 21 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ।
ਸ਼ੁਰੂਆਤੀ ਕਾਰੋਬਾਰ 'ਚ ਨਿਫਟੀ ਅਤੇ ਸੈਂਸੈਕਸ 'ਚ ਮਹਿੰਦਰਾ ਐਂਡ ਮਹਿੰਦਰਾ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੇ ਸਟਾਕ 'ਚ ਤੇਜ਼ੀ ਦੇਖੀ ਗਈ। ਇਸ ਦੇ ਇਲਾਵਾ ਨਿਫਟੀ 'ਚ ਗੇਲ, ਐੱਚ. ਸੀ. ਐੱਲ. ਟੈੱਕ ਅਤੇ ਬੀ. ਪੀ. ਸੀ. ਐੱਲ. ਦੇ ਸਟਾਕ ਤੇਜ਼ੀ 'ਚ ਕਾਰੋਬਾਰ ਕਰਦੇ ਨਜ਼ਰ ਆਏ। ਸੈਂਸੈਕਸ 'ਚ ਐੱਚ. ਡੀ. ਐੱਫ. ਸੀ., ਐਕਸਿਸ ਬੈਂਕ ਅਤੇ ਆਈ. ਟੀ. ਸੀ. 'ਚ ਤੇਜ਼ੀ ਦੇਖਣ ਨੂੰ ਮਿਲੀ।

ਅਮਰੀਕਾ ਦਾ ਚੀਨ, ਯੂਰਪੀ ਸੰਘ ਨਾਲ ਵਧਦੇ ਵਪਾਰ ਯੁੱਧ ਕਾਰਨ ਗਲੋਬਲ ਬਾਜ਼ਾਰਾਂ 'ਚ ਨਰਮੀ ਦੇਖਣ ਨੂੰ ਮਿਲੀ ਹੈ। ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜਿਟ ਹਾਲਾਂਕਿ ਗਿਰਾਵਟ ਤੋਂ ਥੋੜ੍ਹਾ ਉਭਰ ਕੇ ਤਕਰੀਬਨ 10 ਅੰਕ ਦੀ ਤੇਜ਼ੀ ਨਾਲ ਕਾਰੋਬਾਰ ਕਰਦਾ ਦਿਸਿਆ ਹੈ। ਦੱਖਣੀ ਕੋਰੀਆ ਦਾ ਕੋਸਪੀ ਵੀ ਸਪਾਟ ਹੋ ਕੇ ਮਜ਼ਬੂਤੀ 'ਚ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ, ਹਾਂਗ ਕਾਂਗ ਦਾ ਹੈਂਗ ਸੇਂਗ ਕਮਜ਼ੋਰੀ 'ਚ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੇ ਇਲਾਵਾ ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ ਹਲਕੀ ਗਿਰਾਵਟ ਨਾਲ 10,724 ਦੇ ਨਜ਼ਦੀਕ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਉੱਥੇ ਹੀ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਗਿਰਾਵਟ 'ਚ ਬੰਦ ਹੋਏ ਹਨ। ਨੈਸਡੈਕ ਕੰਪੋਜਿਟ ਅਤੇ ਡਾਓ ਜੋਂਸ ਕ੍ਰਮਵਾਰ 0.9 ਫੀਸਦੀ ਅਤੇ 0.8 ਫੀਸਦੀ ਤਕ ਡਿੱਗ ਕੇ ਬੰਦ ਹੋਏ ਹਨ। ਐੱਸ. ਡੀ. ਪੀ.-500 ਇੰਡੈਕਸ 0.6 ਫੀਸਦੀ ਕਮਜ਼ੋਰ ਹੋ ਕੇ ਬੰਦ ਹੋਇਆ।


Related News