ਜਾਣੋ ਕਿਵੇਂ ਡਾਕਘਰ ਨੇ ਅੰਬ-ਸੰਤਰੇ ਅਤੇ ਜਾਨਵਰਾਂ ਦੀ ਖ਼ੁਰਾਕ ਤੋਂ ਕਮਾਏ ਕਰੋੜਾਂ ਰੁਪਏ
Saturday, Oct 03, 2020 - 06:45 PM (IST)
ਨਵੀਂ ਦਿੱਲੀ — ਪਿਛਲੇ 6 ਮਹੀਨਿਆਂ ਵਿਚ ਡਾਕਘਰ ਨੇ ਕੋਰੋਨਾ ਅਤੇ ਤਾਲਾਬੰਦੀ ਦੀ ਮਿਆਦ ਦੌਰਾਨ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਜਦੋਂ ਕੋਰੋਨਾ ਆਫ਼ਤ ਕਾਰਨ ਸਾਰਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ ਤਾਂ ਉਸ ਸਮੇਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਇਕ ਬਹੁਤ ਹੀ ਮਹੱਤਵਪੂਰਣ ਕੰਮ ਸੀ। ਇਸ ਸੇਵਾ ਨੂੰ ਡਾਕਘਰ ਦੇ ਮੁਲਾਜ਼ਮਾਂ ਨੇ ਨਿਭਾਇਆ ਅਤੇ ਕਰੋੜਾਂ ਰੁਪਏ ਦੀ ਕਮਾਈ ਕੀਤੀ ਹੈ। ਉਹ ਵੀ ਅੰਬ-ਸੰਤਰੇ ਅਤੇ ਲੀਚੀ-ਕੌਫੀ ਦੇ ਜ਼ਰੀਏ। ਹੁਣ ਤੁਸੀਂ ਕਹੋਗੇ ਕਿ ਚਿੱਠੀਆਂ ਵੰਡਣ ਵਾਲੇ ਪੋਸਟਮੈਨ ਜਾਂ ਡਾਕ ਵਿਭਾਗ ਦਾ ਅੰਬ ਅਤੇ ਲੀਚੀ ਨਾਲ ਕੀ ਲੈਣਾ-ਦੇਣਾ? ਇਸ ਲਈ ਤੁਹਾਨੂੰ ਦੱਸ ਦੇਈਏ ਕਿ ਜਦੋਂ ਟਰੱਕਾਂ ਦੇ ਪਹੀਏ ਰੁਕ ਗਏ ਸਨ, ਤਾਂ ਉਸ ਸਮੇਂ ਡਾਕਘਰ ਦੇ ਵਾਹਨ ਅਜਿਹੀਆਂ ਕਈ ਜ਼ਰੂਰੀ ਚੀਜ਼ਾਂ ਦੇਸ਼ ਦੇ 75 ਸ਼ਹਿਰਾਂ ਵਿਚ ਪਹੁੰਚਾ ਰਹੇ ਸਨ।
ਡਾਕਘਰ ਦੀਆਂ ਗੱਡੀਆਂ ਨੇ 25,000 ਕਿਲੋਮੀਟਰ ਤੱਕ ਦਾ ਕੀਤਾ ਸਫ਼ਰ
ਸੰਚਾਰ ਰਾਜ ਮੰਤਰੀ ਸੰਜੇ ਧੋਤਰਾ ਨੇ ਲੋਕ ਸਭਾ ਵਿਚ ਇੱਕ ਸਵਾਲ ਦੇ ਜਵਾਬ ਵਿਚ ਕਿਹਾ, 'ਕੋਰੋਨਾ ਅਤੇ ਤਾਲਾਬੰਦੀ ਦੌਰਾਨ ਡਾਕਘਰ ਨੂੰ ਜ਼ਰੂਰੀ ਸਮਾਨ ਸਪਲਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਦੇ ਮੱਦੇਨਜ਼ਰ ਡਾਕਘਰ ਨੇ ਦੇਸ਼ ਦੇ 75 ਮਹੱਤਵਪੂਰਨ ਸ਼ਹਿਰਾਂ ਨੂੰ ਜੋੜਨ ਵਾਲੇ 56 ਰਾਸ਼ਟਰੀ ਰਾਜਮਾਰਗਾਂ 'ਤੇ 24 ਅਪ੍ਰੈਲ ਤੋਂ ਇੱਕ ਨੈੱਟਵਰਕ ਤਿਆਰ ਕੀਤਾ। ਇਸ ਯੋਜਨਾ ਵਿਚ ਸੂਬਿਆਂ ਦੇ 266 ਮੁੱਖ ਰੂਟ ਵੀ ਸ਼ਾਮਲ ਕੀਤੇ ਗਏ ਹਨ। ਇਸ ਨੈਟਵਰਕ 'ਤੇ ਡਾਕਘਰ ਦੀਆਂ ਗੱਡੀਆਂ ਲਗਭਗ 25,000 ਕਿਲੋਮੀਟਰ ਤੱਕ ਦੌੜਦੀਆਂ ਸਨ।'
ਇਹ ਵੀ ਪੜ੍ਹੋ- Cox&Kings ਖਿਲਾਫ 170 ਕਰੋੜ ਦੀ ਧੋਖਾਧੜੀ ਦਾ ਕੇਸ, ਜਾਣੋ ਕੀ ਹੈ ਮਾਮਲਾ
ਹਜ਼ਾਰਾਂ ਬੈਗ ਵਿਚ ਸਪਲਾਈ ਹੁੰਦਾ ਸੀ ਕਈ ਟਨ ਮਾਲ
ਸੰਚਾਰ ਰਾਜ ਮੰਤਰੀ ਸੰਜੇ ਧੋਤਰਾ ਨੇ ਇਹ ਵੀ ਕਿਹਾ ਕਿ ਡਾਕਘਰ ਆਪਣੇ ਢੰਗ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਾਮਾਨ ਸਪਲਾਈ ਕਰਦਾ ਹੈ। ਚੀਜ਼ਾਂ ਦੀ ਸਪਲਾਈ ਕਰਨ ਦਾ ਇਸ ਦਾ ਆਪਣਾ ਢੰਗ ਹੈ। ਇਸ ਲਈ ਜੋ ਸਾਮਾਨ ਸਪਲਾਈ ਕੀਤਾ ਜਾਂਦਾ ਸੀ ਉਹ ਡਾਕਘਰ ਦੇ 20 ਬੈਗਾਂ ਵਿਚ ਭਰਿਆ ਜਾਂਦਾ ਸੀ। ਇਹ ਰੋਜ਼ ਦਾ ਨਿਯਮ ਸੀ। ਇਕ ਦਿਨ ਵਿਚ 93 ਟਨ ਸਾਮਾਨ ਲਿਜਾਇਆ ਜਾਂਦਾ ਸੀ। ਡਾਕਘਰ ਨੇ ਤਾਲਾਬੰਦੀ ਦੌਰਾਨ ਇਕ ਜਗ੍ਹਾ ਤੋਂ ਦੂਜੀ ਜਗ੍ਹਾ 3500 ਟਨ ਮਾਲ ਦੀ ਸਪਲਾਈ ਕੀਤੀ।
ਇਹ ਵੀ ਪੜ੍ਹੋ- ਹੁਣ ਨਹੀਂ ਦੇਣਾ ਪਵੇਗਾ ਕਰਜ਼ ਦੇ ਵਿਆਜ 'ਤੇ ਵਿਆਜ, ਸਰਕਾਰ ਨੇ ਸੁਪਰੀਮ ਕੋਰਟ 'ਚ ਦਿੱਤਾ ਹਲਫ਼ਨਾਮਾ
ਡਾਕਘਰ ਨੇ ਇਨ੍ਹਾਂ ਸਥਾਨਾਂ 'ਤੇ ਕੀਤੀ ਸਪਲਾਈ
ਅੰਬ, ਸੰਤਰੇ, ਲੀਚੀ ਆਦਿ ਦਾ ਫਲ ਕਿਸਾਨਾਂ ਦੇ ਖੇਤਾਂ ਵਿਚ ਖ਼ਰਾਬ ਨਾ ਹੋ ਜਾਏ ਅਤੇ ਆਮ ਲੋਕ ਤਾਲਾਬੰਦ ਹੋਣ 'ਤੇ ਵੀ ਇਨ੍ਹਾਂ ਫਲਾਂ ਦਾ ਅਨੰਦ ਲੈ ਸਕਣ ਇਸ ਲਈ ਪੋਸਟ ਆਫਿਸ ਨੇ ਆਪਣਾ ਨੈੱਟਵਰਕ ਸਥਾਪਤ ਕੀਤਾ ਸੀ। ਇਸ ਨਾਲ ਕੋਕੋ ਪਾਊਡਰ, ਪਸ਼ੂਆਂ ਦੀ ਖੁਰਾਕ, ਸਬਜ਼ੀਆਂ ਦੇ ਬੀਜ, ਡ੍ਰਿਪ ਸਿੰਚਾਈ ਦੇ ਪਾਈਪ ਸਮੇਤ ਕਿਸਾਨਾਂ ਲਈ ਹਰ ਮਹੱਤਵਪੂਰਣ ਵਸਤੂ ਨੂੰ ਕਿਸਾਨ ਦੇ ਖੇਤ ਤੱਕ ਪਹੁੰਚਾਇਆ ਗਿਆ। ਡਾਕਘਰ ਨੇ ਪਾਰਸਲ ਅਤੇ ਹੋਰ ਸੇਵਾਵਾਂ ਨਾਲ 5 ਹਜ਼ਾਰ ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ- ਰਿਲਾਇੰਸ ਰਿਟੇਲ ਵਿਚ ਨਿਵੇਸ਼ ਦੀ ਝੜੀ, ਦੋ ਕੰਪਨੀਆਂ ਕਰਨਗੀਆਂ ਇਕ ਅਰਬ ਡਾਲਰ ਦਾ ਨਿਵੇਸ਼