ਹੈਰਾਨੀਜਨਕ: ਪੰਜਾਬ 'ਚ 2,50,00,000 ਰੁਪਏ ਦੀ ਹੇਰਾ-ਫ਼ੇਰੀ! 'ਗਾਇਬ' ਹੋ ਗਈਆਂ...
Monday, Nov 24, 2025 - 04:25 PM (IST)
ਪਟਿਆਲਾ (ਜ.ਬ.)- ਮਾਨਸਾ ਜ਼ਿਲ੍ਹੇ ਦੇ ਬਰੇਟਾ ਵਿਚ ਇਕ ਚੌਲ ਮਿੱਲ (ਸ਼ੈੱਲਰ) ’ਚੋਂ ਝੋਨੇ ਦੀਆਂ 25,000 ਬੋਰੀਆਂ ਗਾਇਬ ਹੋ ਗਈਆਂ ਹਨ। ਸ਼ੈਲਰ ਵਿਚ ਮਿਲਿੰਗ ਲਈ 31,000 ਬੋਰੀਆਂ ਲਗਾਈਆਂ ਗਈਆਂ ਸਨ ਪਰ ਨਿਰੀਖਣ ਦੌਰਾਨ ਸਿਰਫ਼ 6,000 ਬੋਰੀਆਂ ਹੀ ਮਿਲੀਆਂ। ਗੁੰਮ ਹੋਈਆਂ ਬੋਰੀਆਂ ਦੀ ਕੀਮਤ ਲੱਗਭਗ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਸ਼ੈੱਲਰ ਮਾਰਕਫੈੱਡ ਦੀ ਮਲਕੀਅਤ ਵਾਲਾ ਹੈ।
ਐੱਫ. ਸੀ. ਆਈ. ਦੇ ਇਕ ਅਧਿਕਾਰੀ ’ਤੇ ਝੋਨੇ ਦੀਆਂ ਬੋਰੀਆਂ ਗੁੰਮ ਹੋਣ ਦੇ ਮਾਮਲੇ ਵਿਚ ਧੋਖਾਧੜੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਐੱਫ. ਸੀ. ਆਈ. ਦੇ ਇਕ ਤਕਨੀਕੀ ਅਧਿਕਾਰੀ, ਜੋ ਆਪਣੇ ਸਹੁਰੇ ਦੇ ਨਾਂ ’ਤੇ ਸ਼ੈਲਰ ਖਰੀਦ ਰਿਹਾ ਸੀ, ਨੇ ਸ਼ੈਲਰ ਮਾਲਕ ਨੂੰ ਭੁਗਤਾਨ ਕੀਤਾ ਪਰ ਮਾਲਕ ਬਾਅਦ ਵਿਚ ਮੁੱਕਰ ਗਿਆ। ਇਸ ਤੋਂ ਬਾਅਦ ਐੱਫ. ਸੀ. ਆਈ. ਅਧਿਕਾਰੀ ਨੇ ਚਲਾਕੀ ਨਾਲ ਝੋਨੇ ਦੀਆਂ ਬੋਰੀਆਂ ਗਾਇਬ ਕਰਵਾ ਦਿੱਤੀਆਂ।
ਇਸ ਸਬੰਧੀ ਮਾਰਕਫੈੱਡ ਦੇ ਐੱਮ. ਡੀ. ਕੁਮਾਰ ਅਮਿਤ ਨੇ ਕਿਹਾ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਐੱਸ. ਐੱਸ. ਪੀ. ਮਾਨਸਾ ਨੂੰ ਕੇਸ ਦਰਜ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
