ਈ-ਫਾਈਲਿੰਗ ਲਈ ਸਾਰੇ 7 ਫਾਰਮ ਜਾਰੀ, ਟੈਕਸ ਭਰਨਾ ਹੋਵੇਗਾ ਆਸਾਨ

05/26/2018 2:00:53 PM

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਨੇ ਈ-ਫਾਈਲਿੰਗ ਲਈ ਸਾਰੇ 7 ਆਈ. ਟੀ. ਆਰ. ਫਾਰਮ ਲਾਂਚ ਕਰ ਦਿੱਤੇ ਹਨ। ਇਸ ਦੇ ਨਾਲ ਹੀ ਟੈਕਸ ਦਾਤਾਵਾਂ ਲਈ ਟੈਕਸ ਫਾਈਲਿੰਗ ਜ਼ਿਆਦਾ ਆਸਾਨ ਹੋ ਗਈ ਹੈ। ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਬੀਤੀ 5 ਅਪ੍ਰੈਲ ਨੂੰ ਮੁਲਾਂਕਣ ਸਾਲ 2018-19 ਲਈ ਨਵੇਂ ਇਨਕਮ ਟੈਕਸ ਰਿਟਰਨ ਫਾਰਮ ਨੋਟੀਫਾਈ ਕੀਤੇ ਸਨ। ਵਿਭਾਗ ਮੁਤਾਬਕ ਮੁਲਾਂਕਣ ਸਾਲ 2018-19 ਲਈ ਸਾਰੇ ਆਈ. ਟੀ. ਆਰ. ਫਾਰਮ ਹੁਣ ਈ-ਫਾਈਲਿੰਗ ਲਈ ਉਪਲੱਬਧ ਹਨ। ਟੈਕਸ ਵਿਭਾਗ 5 ਅਪ੍ਰੈਲ ਦੇ ਬਾਅਦ ਹੌਲੀ-ਹੌਲੀ ਆਈ. ਟੀ. ਆਰ. ਫਾਰਮ ਲਾਂਚ ਕਰ ਰਿਹਾ ਹੈ। ਇਸ ਨਾਲ ਟੈਕਸ ਦਾਤਾਵਾਂ ਲਈ 31 ਜੁਲਾਈ ਦੀ ਆਖਰੀ ਤਰੀਕ ਤੋਂ ਪਹਿਲਾਂ ਰਿਟਰਨ ਦਾਖਲ ਕਰਨਾ ਆਸਾਨ ਹੋਣ ਦੀ ਉਮੀਦ ਹੈ। ਸੀ. ਬੀ. ਡੀ. ਟੀ. ਨੇ ਕਿਹਾ ਸੀ ਕਿ ਸਾਰੇ ਆਈ. ਟੀ. ਆਰ. ਫਾਰਮ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://www.incometaxindiaefiling.gov.in 'ਤੇ ਭਰੇ ਜਾਣੇ ਹਨ। ਨਵੇਂ ਆਈ. ਟੀ. ਆਰ. ਫਾਰਮ 'ਚ ਤਨਖਾਹ ਧਾਰਕ ਕਲਾਸ ਨੂੰ ਆਪਣੀ ਤਨਖਾਹ ਦੀ ਸਾਰੀ ਜਾਣਕਾਰੀ ਅਤੇ ਕਾਰੋਬਾਰੀਆਂ ਲਈ ਜੀ. ਐੱਸ. ਟੀ. ਨੰਬਰ ਅਤੇ ਟਰਨਓਵਰ ਦੇਣਾ ਜ਼ਰੂਰੀ ਹੈ। 

ਨੌਕਰੀਪੇਸ਼ਾ ਲੋਕਾਂ ਨੂੰ ਤਨਖਾਹ ਦੀ ਦੇਣੀ ਹੋਵੇਗੀ ਪੂਰੀ ਡਿਟੇਲ
ਆਈ. ਟੀ. ਆਰ.-1 ਨੂੰ ਸਹਿਜ ਨਾਮ ਦਿੱਤਾ ਗਿਆ ਹੈ, ਜਿਸ ਨੂੰ ਸੈਲੇਰੀ, ਇਕ ਹਾਊਸ ਪ੍ਰਾਪਰਟੀ ਅਤੇ ਐੱਫ. ਡੀ./ਆਰ. ਡੀ ਆਦਿ 'ਤੇ ਮਿਲੇ ਵਿਆਜ ਸਮੇਤ 50 ਲੱਖ ਰੁਪਏ ਤਕ ਦੀ ਆਮਦਨ ਵਾਲੇ ਨੌਕਰੀਪੇਸ਼ਾ ਲੋਕ ਭਰ ਸਕਦੇ ਹਨ। ਆਈ. ਟੀ. ਆਰ.-1'ਚ ਹੁਣ ਸੈਲੇਰੀ ਸਟ੍ਰਕਚਰ ਬਾਰੇ ਵੀ ਦੱਸਣਾ ਹੋਵੇਗਾ। ਨਵੇਂ ਇਨਕਮ ਟੈਕਸ ਰਿਟਰਨ ਫਾਰਮ 'ਚ ਨਿੱਜੀ ਟੈਕਸ ਦਾਤਾਵਾਂ ਕੋਲੋਂ ਉਨ੍ਹਾਂ ਦੇ ਤਨਖਾਹ ਢਾਂਚੇ ਅਤੇ ਜਾਇਦਾਦ ਤੋਂ ਆਮਦਨ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਮੰਗੀ ਗਈ ਹੈ। ਇਸ ਤੋਂ ਪਹਿਲਾਂ ਡਿਟੇਲਡ ਸੈਲੇਰੀ ਸਟ੍ਰਕਚਰ ਆਈ. ਟੀ. ਆਰ. ਫਾਰਮ ਦਾ ਹਿੱਸਾ ਨਹੀਂ ਸੀ, ਜਿਸ ਨੂੰ ਇਸ ਸਾਲ ਜੋੜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹਾਊਸ ਪ੍ਰਾਪਰਟੀ ਤੋਂ ਹੋਈ ਆਮਦਨ ਦੀ ਜਾਣਕਾਰੀ ਵੀ ਦੇਣੀ ਹੋਵੇਗੀ। ਆਈ. ਟੀ. ਆਰ.-1 ਜਾਂ ਸਹਿਜ, ਸੈਲੇਰੀਡ ਟੈਕਸ ਦਾਤਾਵਾਂ ਵੱਲੋਂ ਭਰਿਆ ਜਾਂਦਾ ਹੈ। ਪਿਛਲੇ ਸਾਲ 3 ਕਰੋੜ ਟੈਕਸ ਦਾਤਾਵਾਂ ਨੇ ਇਸ ਸਹਿਜ ਫਾਰਮ ਦਾ ਇਸਤੇਮਾਲ ਕੀਤਾ ਸੀ।
ਆਈ. ਟੀ. ਆਰ. ਫਾਰਮ-2 ਅਜਿਹੇ ਵਿਅਕਤੀ ਜਾਂ ਅਣਵੰਡੇ ਹਿੰਦੂ ਪਰਿਵਾਰ ਭਰ ਸਕਣਗੇ, ਜਿਨ੍ਹਾਂ ਦੀ ਆਮਦਨ ਬਿਜ਼ਨਸ ਜਾਂ ਪ੍ਰੋਫੇਸ਼ਨ ਨੂੰ ਛੱਡ ਕੇ ਹੋਵੇਗੀ। ਉੱਥੇ ਹੀ, ਅਜਿਹੇ ਵਿਅਕਤੀ ਜਾਂ ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.), ਜਿਨ੍ਹਾਂ ਦੀ ਆਮਦਨ ਕਾਰੋਬਾਰ ਜਾਂ ਕਿਸੇ ਪੇਸ਼ੇ ਤੋਂ ਹੈ, ਉਨ੍ਹਾਂ ਨੂੰ ਆਈ. ਟੀ. ਆਰ. ਫਾਰਮ ਤਿੰਨ ਜਾਂ ਆਈ. ਟੀ. ਆਰ. ਫਾਰਮ ਚਾਰ ਭਰਨਾ ਹੋਵੇਗਾ।


Related News