ਮਹਾਮਾਰੀ ਦੇ ਨੁਕਸਾਨ ਤੋਂ ਉਭਰਨ ’ਚ ਭਾਰਤੀ ਅਰਥਵਿਵਸਥਾ ਨੂੰ ਲੱਗ ਸਕਦੇ ਹਨ 12 ਸਾਲ : RBI ਰਿਪੋਰਟ
Sunday, May 01, 2022 - 11:18 AM (IST)
ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਹੋਏ ਨੁਕਸਾਨ ਤੋਂ ਪੂਰੀ ਤਰ੍ਹਾਂ ਉਭਰਨ ’ਚ ਭਾਰਤੀ ਅਰਥਵਿਵਸਥਾ ਨੂੰ ਇਕ ਦਹਾਕੇ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ। ਇਸ ਰਿਪੋਰਟ ’ਚ ਅਰਥਵਿਵਸਥਾ ’ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਸ ’ਚ ਅਨੁਮਾਨ ਲਗਾਇਆ ਗਿਆ ਹੈ ਕਿ ਮਹਾਮਾਰੀ ਦੀ ਮਿਆਦ ’ਚ ਭਾਰਤੀ ਅਰਥਵਿਵਸਥਾ ਨੂੰ ਲਗਭਗ 52 ਲੱਖ ਕਰੋੜ ਰੁਪਏ ਦਾ ਉਤਪਾਦਨ ਨੁਕਸਾਨ ਹੋਇਆ ਹੈ।
ਰਿਜ਼ਰਵ ਬੈਂਕ ਦੀ ਸਾਲ 2021-22 ਲਈ ‘ਮੁਦਰਾ ਅਤੇ ਵਿੱਤ ’ਤੇ ਰਿਪੋਰਟ (ਆਰ. ਸੀ. ਐੱਫ.) ਦੇ ਮਹਾਮਾਰੀ ਦੇ ਨਿਸ਼ਾਨ’ ਚੈਪਟਰ ’ਚ ਅਜਿਹਾ ਅਨੁਮਾਨ ਪ੍ਰਗਟਾਇਆ ਗਿਆ ਹੈ। ਇਸ ਦੇ ਮੁਤਾਬਕ ਕੋਵਿਡ-19 ਦੀਆਂ ਵਾਰ-ਵਾਰ ਲਹਿਰਾਂ ਆਉਣ ਕਾਰਨ ਪੈਦਾ ਹੋਈ ਅਵਿਵਸਥਾ ਅਰਥਵਿਵਸਥਾ ਦੇ ਲਗਾਤਾਰ ਰਿਵਾਈਵਲ ਦੇ ਰਾਹ ’ਤੇ ਆਈ ਅਤੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ ਤਿਮਾਹੀ ਰੁਝਾਨ ’ਚ ਵੀ ਮਹਾਮਾਰੀ ਮੁਤਾਬਕ ਉਤਰਾਅ-ਚੜ੍ਹਾਅ ਆਏ। ਰਿਪੋਰਟ ਕਹਿੰਦੀ ਹੈ ਕਿ ਸਾਲ 2020-21 ਦੀ ਪਹਿਲੀ ਤਿਮਾਹੀ ’ਚ ਮਹਾਮਾਰੀ ਦੀ ਪਹਿਲੀ ਲਹਿਰ ਆਉਣ ਕਾਰਨ ਅਰਥਵਿਵਸਥਾ ’ਚ ਡੂੰਘੀ ਕਾਂਟ੍ਰੈਕਸ਼ਨ ਆਈ ਸੀ। ਹਾਲਾਂਕਿ ਉਸ ਤੋਂ ਬਾਅਦ ਅਰਥਵਿਵਸਥਾ ਨੇ ਤੇਜ਼ ਰਫਤਾਰ ਫੜ ਲਈ ਸੀ ਪਰ 2021-22 ਦੀ ਅਪ੍ਰੈਲ-ਜੂਨ ਤਿਮਾਹੀ ’ਚ ਆਈ ਮਹਾਮਾਰੀ ਦੀ ਦੂਜੀ ਲਹਿਰ ਨੇ ਇਸ ’ਤੇ ਡੂੰਘਾ ਅਸਰ ਪਾਇਆ। ਫਿਰ ਜਨਵਰੀ ’ਚ ਆਈ ਤੀਜੀ ਲਹਿਰ ਨੇ ਰਿਵਾਈਵਲ ਦੀ ਪ੍ਰਕਿਰਿਆ ਨੂੰ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਕੀਤਾ।
ਰਿਪੋਰਟ ’ਚ ਕਿਹਾ ਗਿਆ ਕਿ ਮਹਾਮਾਰੀ ਬਹੁਤ ਹੀ ਵੱਡਾ ਘਟਨਾਕ੍ਰਮ ਰਿਹਾ ਹੈ ਅਤੇ ਇਸ ਤੋਂ ਪ੍ਰੇਰਿਤ ਹੋ ਕੇ ਚੱਲ ਰਹੇ ਢਾਂਚਾਗਤ ਬਦਲਾਅ ਨਾਲ ਦਰਮਿਆਨੀ ਮਿਆਦ ’ਚ ਵਾਧੇ ਦਾ ਰਾਹ ਬਦਲਣ ਦਾ ਖਦਸ਼ਾ ਹੈ। ਰਿਪੋਰਟ ਮੁਤਾਬਕ ਕੋਵਿਡ ਤੋਂ ਪਹਿਲਾਂ ਦੇ ਸਮੇਂ ’ਚ ਵਾਧਾ ਦਰ 6.6 ਫੀਸਦੀ (2012-13 ਤੋਂ 2019-20 ਲਈ ਮਿਸ਼ਰਿਤ ਸਾਲਾਨਾ ਵਾਧਾ ਦਰ) ਦੇ ਲਗਭਗ ਸੀ। ਮੰਦੀ ਦੇ ਸਮੇਂ ਨੂੰ ਛੱਡ ਦਈਏ ਤਾਂ ਇਹ 7.1 ਫੀਸਦੀ (2012-13 ਤੋਂ 2016-17 ’ਚ ਮਿਸ਼ਰਿਤ ਸਾਲਾਨਾ ਵਾਧਾ ਦਰ) ਰਹੀ ਹੈ।
ਇਸ ਦੇ ਮੁਤਾਬਕ 2020-21 ਲਈ ਅਸਲ ਵਾਧਾ ਦਰ ਨਾਂਹਪੱਖੀ 6.6 ਫੀਸਦੀ, 2021-22 ਲਈ 8.9 ਫੀਸਦੀ ਅਤੇ 2022-23 ਲਈ 7.2 ਫੀਸਦੀ ਦੀ ਅਨੁਮਾਨਿਤ ਵਾਧਾ ਦਰ ਨੂੰ ਦੇਖਦੇ ਹੋਏ ਅਨੁਮਾਨ ਹੈ ਕਿ ਭਾਰਤ ਕੋਵਿਡ-19 ਤੋਂ ਹੋਏ ਨੁਕਸਾਨ ਦੀ ਭਰਪਾਈ 20340-35 ਤੱਕ ਕਰ ਸਕੇਗਾ। ਰਿਪੋਰਟ ’ਚ ਦੱਸਿਆ ਗਿ ਕਿ 2020-21, 2021-22 ਅਤੇ 2022-23 ’ਚ ਉਤਪਾਦਨ ਨੂੰ ਹੋਇਆ ਨੁਕਸਾਨ ਕ੍ਰਮਵਾਰ : 19.1 ਲੱਖ ਕਰੋੜ ਰੁਪਏ, 17.1 ਲੱਖ ਕਰੋੜ ਰੁਪਏ ਅਤੇ 16.4 ਕਰੋੜ ਰੁਪਏ ਰਿਹਾ ਹੈ।
ਇਹ ਵੀ ਪੜ੍ਹੋ: ਚੀਨ ਦੇ 15 ਫੀਸਦੀ ਰੈਸਟੋਰੈਂਟਾਂ ’ਚ ਵਰਤਿਆ ਜਾਂਦਾ ਹੈ ਗਟਰ ’ਚੋਂ ਕੱਢਿਆ ਗਿਆ ਤੇਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।