ਆਵਾਰਾ ਕੁੱਤਿਆਂ ਨੇ ਢਾਹਿਆ ਕਹਿਰ! ਵੱਢ ਖਾਧਾ 12 ਸਾਲਾ ਬੱਚਾ
Tuesday, Nov 18, 2025 - 07:15 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਪਿਛਲੇ ਸਾਲ ਪਿੰਡ ਹਸਨਪੁਰ ਵਿਚ ਤਿੰਨ ਬੱਚਿਆਂ ਨੂੰ ਖੂੰਖਾਰ ਕੁੱਤਿਆਂ ਨੇ ਮਾਰ ਮੁਕਾਇਆ ਸੀ ਅਤੇ ਸਿਵਲ ਪ੍ਰਸ਼ਾਸਨ ਹਰਕਤ ਵਿਚ ਆਇਆ ਸੀ ਅਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਹੁਣ ਫਿਰ 40-50 ਕੁੱਤਿਆਂ ਦਾ 10-10 ਦੀਆਂ ਟੋਲੀਆਂ ਬਣਾ ਕੇ ਘੁੰਮ ਰਿਹਾ ਹੈ ਜਿਸ ਕਾਰਨ ਇਨ੍ਹਾਂ ਨੇ ਆਤੰਕ ਮਚਾਇਆ ਹੋਇਆ ਹੈ। ਸਿਵਲ ਪ੍ਰਸ਼ਾਸਨ ਇੰਨਾਂ ਕੁੱਤਿਆਂ ਦਾ ਪ੍ਰਬੰਧ ਕਰੇ ਨਹੀਂ ਤਾਂ ਮਜਬੂਰਨ ਸੰਘਰਸ਼ ਵਿੱਢਣਾ ਪਵੇਗਾ ਇਹ ਅਲਟੀਮੇਟਮ ਕਿਸਾਨ ਆਗੂ ਜਗਰੂਪ ਸਿੰਘ ਹਸਨਪੁਰ ਅਤੇ ਪਿੰਡ ਵਾਸੀਆਂ ਨੇ ਦਿੱਤਾ ਅਤੇ ਦੱਸਿਆ ਕਿ ਬੀਤੀ ਸ਼ਾਮ ਅਭੀਜੋਤ ਸਿੰਘ ਆਪਣੇ ਪਿਤਾ ਪ੍ਰਿਤਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਚੌਧਰੀ ਨਾਲ ਖੇਤਾਂ ਵਿੱਚ ਗਿਆ ਸੀ ਜੋ ਕਿ ਉਸ ਦੇ ਘਰ ਦੇ ਬਿਲਕੁਲ ਨਾਲ ਹਨ। ਪਿਤਾ ਚਾਰਾ ਕੱਟ ਰਿਹਾ ਸੀ ਅਤੇ ਉਸ ਦਾ ਚਾਚਾ ਕਾਲੀ ਟਰੈਕਟਰ ਨਾਲ ਕਣਕ ਬੀਜ ਰਿਹਾ ਸੀ । ਕਰੀਬ 4 ਵਜੇ 5-6 ਕੁੱਤਿਆਂ ਦਾ ਝੁੰਡ ਖੇਤਾਂ ਵਿੱਚ ਆ ਗਿਆ ਅਤੇ ਅਭੀਜੋਤ ਸਿੰਘ ਨੂੰ ਦੋ ਕੁੱਤਿਆਂ ਨੇ ਵੱਢ ਖਾਧਾ । ਪਿਤਾ ਅਤੇ ਉਸ ਦੇ ਚਾਚੇ ਨੇ ਅਭੀਜੋਤ ਸਿੰਘ ਨੂੰ ਬੜੀ ਮੁਸ਼ਕਿਲ ਨਾਲ ਖੂੰਖਾਰ ਕੁੱਤਿਆਂ ਤੋਂ ਛੁਡਵਾਇਆ ਅਤੇ ਗੰਭੀਰ ਰੂਪ ਵਿਚ ਜਖਮੀ ਹੋਏ ਬੱਚੇ ਨੂੰ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਉਸਦੀ ਜਾਨ ਖਤਰੇ ਤੋਂ ਬਾਹਰ ਹੈ ।
ਕਿਸਾਨ ਆਗੂ ਜਗਰੂਪ ਸਿੰਘ ਨੇ ਦੱਸਿਆ ਕਿ ਬੱਚੇ ਦਾ ਹਾਲ ਜਾਨਣ ਅਤੇ ਘਟਨਾ ਦਾ ਜਾਇਜ਼ਾ ਲੈਣ ਲਈ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਅਤੇ ਐੱਸ.ਐੱਚ.ਓ ਹਮਰਾਜ ਸਿੰਘ ਚੀਮਾ ਪਿੰਡ ਹਸਨਪੁਰ ਵਿਖੇ ਪੀੜਤ ਪਰਿਵਾਰ ਦੇ ਘਰ ਪੁੱਜੇ ਅਤੇ ਪਿੰਡ ਵਾਸੀਆਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ । ਪਿੰਡ ਵਾਸੀਆਂ ਅਤੇ ਕਿਸਾਨ ਆਗੂ ਜਗਰੂਪ ਸਿੰਘ ਨੇ ਦੱਸਿਆ ਕਿ ਇਹਨਾਂ ਖੂੰਖਾਰ ਕੁੱਤਿਆਂ ਨੇ ਦੋ ਦਿਨ ਗਹੌਰ ਲਾਗੇ ਇਕ ਵਿਅਕਤੀ ਨੂੰ ਨੋਚ ਕੇ ਖਾ ਗਏ ਜੋ ਥੋੜ੍ਹੀ ਦੇਰ ਬਾਅਦ ਦਮ ਤੋੜ ਗਿਆ । ਪਹਿਲਾਂ ਇਹਨਾਂ ਕੁੱਤਿਆਂ ਨੇ ਪਿੰਡ ਵਿੱਚ ਸੂਰਾਂ ਦੇ ਦੋ ਬੱਚੇ ਖਾ ਲਏ ਸਨ ਅਤੇ ਗੁੱਜਰਾਂ ਦੀਆਂ ਮੱਝਾਂ ਦੇ ਕੱਟਰੂ ਖਾ ਲਏ ਸਨ । ਇਹਨਾਂ ਕੁੱਤਿਆਂ ਦਾ ਐਨਾ ਆਤੰਕ ਫੈਲਿਆ ਹੋਇਆ ਹੈ ਕਿ ਇਹਨਾਂ ਨੇ ਲਾਗਲੇ ਪਿੰਡ ਪਮਾਲ ਵਿਖੇ ਵੀ ਗੁਜਰਾਂ ਦੀਆਂ ਮੱਝਾਂ ਦੇ ਕਟਰੂ ਖਾ ਲਏ ਸਨ । ਉਹਨਾਂ ਦੱਸਿਆ ਕਿ ਪਿੰਡ ਵਿੱਚ ਖੂੰਖਾਰ ਕੁੱਤਿਆਂ ਦਾ ਐਨਾ ਸਹਿਮ ਹੈ ਕਿ ਇਕੱਲਾ ਵਿਅਕਤੀ ਜਾਂ ਬੱਚਾ ਘਰੋਂ ਬਾਹਰ ਨਹੀਂ ਨਿਕਲ ਸਕਦਾ । ਇਸ ਲਈ ਸਿਵਲ ਪ੍ਰਸ਼ਾਸਨ ਇਹਨਾਂ ਖੂੰਖਾਰ ਕੁੱਤਿਆਂ ਨੂੰ ਕਾਬੂ ਕਰੇ ਤਾਂ ਜੋ ਪਿੰਡ ਵਾਸੀ ਖੁਸ਼ਹਾਲ ਜੀਵਨ ਬਿਨਾਂ ਡਰ ਭੈਅ ਤੋਂ ਬਸਰ ਕਰ ਸਕਣ ।
