ਗੋਲਡ ETF ’ਚ ਨਿਵੇਸ਼ ਕਰਨਾ ਹੋ ਸਕਦੈ ਇਕ ਬਿਹਤਰ ਵਿਕਲਪ

12/12/2019 10:52:40 AM

ਸਿੰਗਾਪੁਰ — ਸਾਲ 2020 ਆਉਣ ’ਚ ਜ਼ਿਆਦਾ ਸਮਾਂ ਬਾਕੀ ਨਹੀਂ ਹੈ। ਉਂਝ ਨਵਾਂ ਸਾਲ ਤੁਹਾਡੀ ਪੂੰਜੀ ’ਚ ਜ਼ੋਰਦਾਰ ਵਾਧਾ ਕਰਵਾ ਸਕਦਾ ਹੈ। ਜੇਕਰ ਤੁਸੀਂ ਨਿਵੇਸ਼ ਕਰਦੇ ਹੋ ਜਾਂ ਨਵੇਂ ਸਾਲ ਤੋਂ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਇਕ ਬਿਹਤਰ ਤਰੀਕਾ ਦੱਸ ਸਕਦੇ ਹਾਂ, ਜਿੱਥੇ ਪੈਸਾ ਲਾ ਕੇ ਤੁਹਾਨੂੰ ਬਿਹਤਰ ਰਿਟਰਨ ਮਿਲ ਸਕਦੀ ਹੈ। ਅਗਲੇ ਸਾਲ ਗੋਲਡ ’ਚ ਨਿਵੇਸ਼ ਕਰਨਾ ਇਕ ਬਿਹਤਰ ਬਦਲ ਹੋ ਸਕਦਾ ਹੈ। 2019 ’ਚ ਭਾਰਤ ’ਚ ਸੋਨਾ ਬਿਹਤਰ ਏਸੈੱਟਸ ਕਲਾਸ ਰਿਹਾ। ਇਸ ’ਚ ਨਿਵੇਸ਼ ਕਰਨ ਵਾਲਿਆਂ ਨੂੰ ਸ਼ੇਅਰਾਂ, ਫਿਕਸਿਡ ਡਿਪਾਜ਼ਿਟ ਅਤੇ ਰੀਅਲ ਅਸਟੇਟ ਤੋਂ ਵੀ ਰਿਟਰਨ ਮਿਲਿਆ। ਜਾਣਕਾਰੀ ਲਈ ਦੱਸ ਦੇਈਏ ਕਿ ਸੋਨੇ ’ਚ 1 ਸਾਲ ਦਾ ਰਿਟਰਨ ਗੋਲਡ ਈ. ਟੀ. ਐੱਫ. ’ਤੇ 14 ਫੀਸਦੀ ਦੇ ਆਸ-ਪਾਸ ਰਿਹਾ ਹੈ। ਉਥੇ ਹੀ ਫਿਜ਼ੀਕਲ ਗੋਲਡ ਨੇ ਲੋਕਾਂ ਨੂੰ ਵੱਡਾ ਬਿਹਤਰ ਰਿਟਰਨ ਦਿੱਤਾ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਤੀ ਦਸ ਗ੍ਰਾਮ 22 ਕੈਰੇਟ ਸੋਨਾ 30,650 ਰੁਪਏ ਸੀ, ਜੋ ਹੁਣ ਮੁੰਬਈ ’ਚ 37,100 ਰੁਪਏ ਪ੍ਰਤੀ ਦਸ ਗ੍ਰਾਮ ਹੈ। ਇਸੇ ਤਰ੍ਹਾਂ 24 ਕੈਰੇਟ ਸੋਨੇ ਦਾ ਰੇਟ 1 ਜਨਵਰੀ 2019 ਨੂੰ 32,600 ਰੁਪਏ ਸੀ, ਜੋ ਹੁਣ ਵਧ ਕੇ 38,100 ਰੁਪਏ ਹੋ ਗਿਆ ਹੈ।

2019 ’ਚ ਗੋਲਡ ’ਚ ਜੋ ਤੇਜ਼ੀ ਦੇਖਣ ਨੂੰ ਮਿਲੀ ਹੈ, ਉਹ 2020 ’ਚ ਵੀ ਜਾਰੀ ਰਹਿ ਸਕਦੀ ਹੈ। ਇਸ ਦੇ ਕਈ ਕਾਰਣ ਹਨ, ਜਿਵੇਂ ਕਿ ਜ਼ਿਆਦਾਤਰ ਕੇਂਦਰੀ ਬੈਂਕਾਂ ਦੀਆਂ ਕਰੰਸੀ ਨੀਤੀਆਂ ’ਚ ਢਿੱਲ ਦਿੱਤੀ ਗਈ ਹੈ, ਜਿਸ ਨਾਲ ਲਿਕਵਿਡੀਟੀ ਵਧ ਗਈ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ’ਚ ਹੋਰ ਵੀ ਜ਼ਿਆਦਾ ਉਛਾਲ ਆਉਣ ਦੀ ਸੰਭਾਵਨਾ ਹੈ। ਦੂਜਾ ਭਾਰਤ ’ਚ ਇਹ ਸੰਭਾਵਨਾ ਹੈ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋਵੇਗਾ। ਯਾਦ ਰੱਖੋ ਜਦੋਂ ਰੁਪਇਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਹੈ ਤਾਂ ਸੋਨੇ ਦੀ ਦਰਾਮਦ ਮਹਿੰਗੀ ਹੋ ਜਾਂਦੀ ਹੈ ਅਤੇ ਇਸ ਲਈ ਸੋਨੇ ਦੀਆਂ ਘਰੇਲੂ ਕੀਮਤਾਂ ਵਧ ਜਾਂਦੀਆਂ ਹਨ। 2020 ’ਚ ਡਾਲਰ ਦੇ ਮੁਕਾਬਲੇ ਰੁਪਏ ਦੇ ਮਜ਼ਬੂਤ ਹੋਣ ਦੇ ਲੱਛਣ ਘੱਟ ਹਨ।

ਈ. ਟੀ. ਐੱਫ. ਨਾਲ ਨਿਵੇਸ਼ਕ ਹੋਏ ਮਾਲਾਮਾਲ

ਗੋਲਡ ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਵਰਗੇ ਉਪਕਰਨਾਂ ’ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੇ ਜ਼ਬਰਦਸਤ ਰਿਟਰਨ ਹਾਸਲ ਕੀਤੀ। ਉਂਝ ਗੋਲਡ ’ਚ ਨਿਵੇਸ਼ ਨਾਲ ਜੁਡ਼ੀ ਇਕ ਜ਼ਰੂਰੀ ਗੱਲ ਤੁਸੀਂ ਜਾਣ ਲਵੋ ਕਿ ਫਿਜ਼ੀਕਲ ਗੋਲਡ ਯਾਨੀ ਸੋਨੇ ਦੇ ਗਹਿਣੇ ਆਦਿ ਦੀ ਥਾਂ ਗੋਲਡ ਦੇ ਈ. ਟੀ. ਐੱਫ. ’ਚ ਨਿਵੇਸ਼ ਕਰਨਾ ਜ਼ਿਆਦਾ ਬਿਹਤਰ ਬਦਲ ਮੰਨਿਆ ਜਾਂਦਾ ਹੈ। ਦਰਅਸਲ ਇਲੈਟ੍ਰਾਨਿਕ ਫਾਮ ’ਚ ਹੋਣ ਕਾਰਣ ਈ. ਟੀ. ਐੱਫ. ਨੂੰ ਜ਼ਿਆਦਾ ਸੁਰੱਖਿਅਤ ਮੰਨਿਆ ਜਾਂਦਾ ਹੈ। ਉਥੇ ਹੀ ਗੋਲਡ ਈ. ਟੀ. ਐੱਫ. ’ਚ ਫਿਜ਼ੀਕਲ ਗੋਲਡ ਦੇ ਮੁਕਾਬਲੇ ਤੁਸੀਂ ਜਲਦ ਪੈਸਾ ਹਾਸਲ ਕਰ ਸਕਦੇ ਹੋ। ਫਿਜ਼ੀਕਲ ਗੋਲਡ ਦੇ ਮੁਕਾਬਲੇ ਗੋਲਡ ਈ. ਟੀ. ਐੱਫ. ਨੂੰ ਜਲਦ ਵੇਚਿਆ ਜਾ ਸਕਦਾ ਹੈ।

2010 ਤੋਂ ਬਾਅਦ ਸਭ ਤੋਂ ਬਿਹਤਰ ਮੁੱਲ

ਇਸ ਗੱਲ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕਿ ਸਾਲ ਦੇ ਆਖਿਰ ਤੱਕ ਕੌਮਾਂਤਰੀ ਪੱਧਰ ’ਤੇ ਗੋਲਡ ਦੇ ਮੁੱਲ ਕਿਸ ਭਾਅ ’ਤੇ ਰਹਿਣਗੇ ਪਰ ਇਸ ਸਮੇਂ ਗੋਲਡ ਦੇ ਭਾਅ ’ਚ 2010 ਤੋਂ ਬਾਅਦ ਸਭ ਤੋਂ ਵੱਡੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਕ ਹੋਰ ਖਾਸ ਗੱਲ ਇਹ ਹੈ ਕਿ ਆਮ ਤੌਰ ’ਤੇ ਸੋਨਾ ਅਤੇ ਸ਼ੇਅਰ ਉਲਟ ਦਿਸ਼ਾਵਾਂ ’ਚ ਚਲਦੇ ਹਨ ਪਰ ਇਸ ਸਾਲ ਇਹ ਦੋਵੇਂ ਇਕ ਹੀ ਦਿਸ਼ਾ ’ਚ ਅੱਗੇ ਵਧੇ ਹਨ। ਇਸ ਦਾ ਮਤਲਬ ਹੈ ਕਿ ਸੋਨੇ ਦੀਆਂ ਕੀਮਤਾਂ ਦੇ ਨਾਲ-ਨਾਲ ਸ਼ੇਅਰਾਂ ’ਚ ਵੀ ਵਾਧਾ ਹੋਇਆ ਹੈ, ਜੋ ਥੋੜ੍ਹਾ ਹੈਰਾਨੀਜਨਕ ਹੈ। ਹਾਲਾਂਕਿ ਕੌਮਾਂਤਰੀ ਪੱਧਰ ’ਤੇ ਲਿਕਵੀਡਿਟੀ ਵਧਣ ਨਾਲ ਅਜਿਹਾ ਹੋਣ ਦੀ ਸੰਭਾਵਨਾ ਹੁੰਦੀ ਹੈ। ਜੇਕਰ ਅਗਲੇ ਸਾਲ ਤੁਸੀਂ ਨਿਵੇਸ਼ ਕਰਨ ਜਾ ਰਹੇ ਹੋ ਤਾਂ ਗੋਲਡ ਨੂੰ ਧਿਆਨ ’ਚ ਜ਼ਰੂਰ ਰੱਖੋ ਕਿਉਂਕਿ ਸ਼ੇਅਰ ਬਾਜ਼ਾਰ ਦੇ ਮੁਕਾਬਲੇ ਜੋਖਮ ਘੱਟ ਹੁੰਦਾ ਹੈ।


Related News