ਦੀਵਾਲੀਆ ਹੋਵੇਗੀ DHFL, ਰਿਜ਼ਰਵ ਬੈਂਕ ਨੇ NCLT ’ਚ ਭੇਜਿਆ ਮਾਮਲਾ

11/30/2019 7:56:26 AM

ਨਵੀਂ ਦਿੱਲੀ— ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਕਰਜ਼ਾ ਸੰਕਟ ’ਚ ਫਸੀ ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ (ਡੀ. ਐੱਚ. ਐੱਫ. ਐੱਲ.) ਨੂੰ ਦੀਵਾਲੀਆ ਹੱਲ ਲਈ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਕੋਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਡੀ. ਐੱਚ. ਐੱਫ. ਐੱਲ. ਦੀਵਾਲੀਆ ਅਤੇ ਕਰਜ਼ਾਸੋਧ ਅਸਮਰੱਥਾ ਕੋਡ (ਆਈ. ਬੀ. ਸੀ.) ਦੇ ਤਹਿਤ ਹੱਲ ਲਈ ਭੇਜੀ ਜਾਣ ਵਾਲੀ ਪਹਿਲੀ ਐੱਨ. ਬੀ. ਐੱਫ. ਸੀ./ਐੱਚ. ਐੱਫ. ਸੀ. ਬਣ ਗਈ ਹੈ।

 

ਆਰ. ਬੀ. ਆਈ. ਨੇ ਕਿਹਾ ਕਿ ਦੀਵਾਲੀਆ ਪ੍ਰਕਿਰਿਆ ਦੀ ਅਰਜ਼ੀ ਅਤੇ ਉਸ ਦੇ ਮਨਜ਼ੂਰ ਜਾਂ ਖਾਰਿਜ ਹੋਣ ਤੱਕ ਬੈਂਕਾਂ ’ਤੇ ਕੋਈ ਵੀ ਕਦਮ ਚੁੱਕਣ ਤੋਂ ਅੰਤ੍ਰਿਮ ਰੋਕ ਰਹੇਗੀ। ਕੰਪਨੀ ’ਤੇ ਵੱਖ-ਵੱਖ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਦਾ ਲਗਭਗ 82,000 ਕਰੋਡ਼ ਰੁਪਏ ਬਕਾਇਆ ਹੈ। ਡੀ. ਐੱਚ. ਐੱਫ. ਐੱਲ. ਦੇਸ਼ ਦੀ ਤੀਜੀ ਸਭ ਤੋਂ ਵੱਡੀ ਗਿਰਵੀ ਕਰਜ਼ਦਾਤਾ ਕੰਪਨੀ ਹੈ। ਸਰਕਾਰ ਨੇ ਪਿਛਲੇ ਹਫਤੇ ਹੀ ਸੰਕਟ ’ਚ ਫਸੀ ਐੱਨ. ਬੀ. ਐੱਫ. ਸੀ. ਅਤੇ ਘੱਟ ਤੋਂ ਘੱਟ 500 ਕਰੋਡ਼ ਰੁਪਏ ਨੈੱਟਵਰਥ ਵਾਲੀ ਐੱਚ. ਐੱਫ. ਸੀ. ਦੇ ਮਾਮਲਿਆਂ ਨੂੰ ਦੀਵਾਲੀਆ ਅਦਾਲਤ ’ਚ ਭੇਜਣ ਦਾ ਅਧਿਕਾਰ ਆਰ. ਬੀ. ਆਈ. ਨੂੰ ਦੇਣ ਦਾ ਐਲਾਨ ਕੀਤਾ ਸੀ। ਆਰ. ਬੀ. ਆਈ. ਨੇ ਇਕ ਬਿਆਨ ਦੇ ਮਾਧਿਅਮ ਨਾਲ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਦੀਵਾਲੀਆ ਕਾਨੂੰਨ 2019 ਦੇ ਤਹਿਤ ਕੰਪਨੀ ਹੱਲ ਦੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾਵੇਗੀ ਅਤੇ ਹੱਲ ਪੇਸ਼ੇਵਰ (ਆਰ. ਪੀ.) ਦੇ ਤੌਰ ’ਤੇ ਪ੍ਰਬੰਧਕ ਨੂੰ ਨਿਯੁਕਤ ਕਰਨ ਲਈ ਐੱਨ. ਸੀ. ਐੱਲ. ਟੀ. ਨੂੰ ਅਪੀਲ ਕੀਤੀ ਜਾਵੇਗੀ।

3 ਮੈਂਬਰੀ ਸਲਾਹਕਾਰ ਪੈਨਲ
83,000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਕਰਜ਼ੇ ਦੇ ਬੋਝ ਹੇਠ ਦੱਬੀ ਡੀ. ਐੱਚ. ਐੱਫ. ਐੱਲ. ਦੇ ਸੰਚਾਲਨ ਲਈ 3 ਮੈਂਬਰੀ ਸਲਾਹਕਾਰ ਪੈਨਲ ਦਾ ਗਠਨ ਕੀਤਾ ਗਿਆ ਹੈ। ਇਹ ਪੈਨਲ ਕੇਂਦਰੀ ਬੈਂਕ ਵੱਲੋਂ ਨਿਯੁਕਤ ਕੀਤੇ ਗਏ ਪ੍ਰਬੰਧਕ ਨੂੰ ਦੀਵਾਲੀਆ ਪ੍ਰਕਿਰਿਆ ਲਈ ਐੱਨ. ਸੀ. ਐੱਲ. ਟੀ. ’ਚ ਜਾਣ ਲਈ ਮਦਦ ਕਰੇਗਾ।

ਆਰ. ਬੀ. ਆਈ. ਨੇ ਆਈ. ਡੀ. ਐੱਫ. ਸੀ. ਫਰਸਟ ਬੈਂਕ ਦੇ ਨਾਨ-ਐਗਜ਼ੀਕਿਊਟਿਵ ਚੇਅਰਮੈਨ ਰਾਜੀਵ ਲਾਲ, ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ. ਈ. ਓ. ਐੱਨ . ਐੱਸ. ਕੰਨਨ ਅਤੇ ਮਿਊਚੁਅਲ ਫੰਡ ਐਸੋਸੀਏਸ਼ਨ ਏ. ਐੱਮ. ਐੱਫ. ਆਈ. ਦੇ ਸੀ. ਈ. ਓ. ਐੱਨ. ਐੱਸ. ਵੈਂਕਟੇਸ਼ ਨੂੰ ਨਿਯੁਕਤ ਕੀਤਾ ਹੈ।


Related News