ਦੇਸ਼ ਦੀ ਜਨਤਾ ਦੀਆਂ ਜੇਬਾਂ 'ਤੇ ਪੈ ਰਹੀ ਗਰਮੀ ਦੀ ਮਾਰ, ਸੀਜ਼ਨ 'ਚ 120 ਰੁਪਏ ਤੱਕ ਪਹੁੰਚੇ ਬੀਂਨਸ ਦੇ ਭਾਅ

Thursday, Jun 27, 2024 - 03:35 PM (IST)

ਦੇਸ਼ ਦੀ ਜਨਤਾ ਦੀਆਂ ਜੇਬਾਂ 'ਤੇ ਪੈ ਰਹੀ ਗਰਮੀ ਦੀ ਮਾਰ, ਸੀਜ਼ਨ 'ਚ 120 ਰੁਪਏ ਤੱਕ ਪਹੁੰਚੇ ਬੀਂਨਸ ਦੇ ਭਾਅ

ਨਵੀਂ ਦਿੱਲੀ : ਇਸ ਸੀਜ਼ਨ ਦੀ ਗਰਮੀ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰੀ ਪੈਣ ਲੱਗੀ ਹੈ। ਅੱਤ ਦੀ ਗਰਮੀ ਕਾਰਨ ਖੇਤਾਂ ਵਿੱਚ ਸਬਜ਼ੀਆਂ ਆਪੇ ਹੀ ਖਰਾਬ ਹੋਣ ਲੱਗ ਪਈਆਂ ਹਨ। ਜਲੰਧਰ ਤੋਂ ਨਕੋਦਰ ਮੁੱਖ ਮਾਰਗ ’ਤੇ ਪੈਂਦੇ ਕਈ ਪਿੰਡ ਸਬਜ਼ੀਆਂ ਦੀ ਪੈਦਾਵਾਰ ਲਈ ਮਸ਼ਹੂਰ ਹਨ। ਉਥੋਂ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਨੂੰ ਸਬਜ਼ੀਆਂ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਗਰਮੀ ਕਾਰਨ ਖੇਤ ਵਿੱਚ ਹੀ ਬੈਂਗਣ, ਸ਼ਿਮਲਾ ਮਿਰਚਾਂ ਅਤੇ ਹੋਰ ਸਬਜ਼ੀਆਂ ਖਰਾਬ ਹੋ ਰਹੀਆਂ ਹਨ। ਇਸ ਦਾ ਅਸਰ ਬਾਜ਼ਾਰ 'ਚ ਦੇਖਣ ਨੂੰ ਮਿਲ ਰਿਹਾ ਹੈ। ਆਮਦ ਘੱਟ ਹੋਣ ਕਾਰਨ ਸਬਜ਼ੀਆਂ ਦੀਆਂ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ। ਇਸ ਸੀਜ਼ਨ 'ਚ ਆਮ ਤੌਰ 'ਤੇ 30 ਰੁਪਏ ਪ੍ਰਤੀ ਕਿਲੋ ਵਿਕਣ ਵਾਲੀ ਸ਼ਿਮਲਾ ਮਿਰਚ 100 ਤੋਂ 150 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀ ਹੈ।

ਆੜ੍ਹਤੀਆਂ ਦੀ ਮੰਨੀਏ ਤਾਂ ਇਹ ਰਿਕਾਰਡ ਹੈ ਕਿ ਕੀਮਤ ਇੰਨੀ ਵਧ ਗਈ ਹੈ। ਇਸੇ ਤਰ੍ਹਾਂ 55 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਣ ਵਾਲੀ ਬੀਂਨਸ 90 ਤੋਂ 120 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਇਸ ਦੇ ਨਾਲ ਹੀ ਇਸ ਸੀਜ਼ਨ 'ਚ ਗੋਭੀ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੀ ਸੀ ਪਰ ਹੁਣ ਇਸ ਦਾ ਰੇਟ 130 ਰੁਪਏ ਚੱਲ ਰਿਹਾ ਹੈ। ਘੀਆ ਦੀ ਕੀਮਤ 10 ਗੁਣਾ ਵੱਧ ਹੈ। ਪਹਿਲਾਂ ਇਹ 10-20 ਰੁਪਏ ਹੁੰਦਾ ਸੀ, ਹੁਣ 100 ਰੁਪਏ ਮਿਲ ਰਿਹਾ ਹੈ।

ਪਹਿਲਾਂ ਸਬਜ਼ੀ ਸ਼ਾਮ ਤੱਕ ਠੀਕ ਰਹਿੰਦੀ ਸੀ, ਹੁਣ ਨਹੀਂ-

ਮਕਸੂਦਾਂ ਸਬਜ਼ੀ ਮੰਡੀ ਦੇ ਸਬਜ਼ੀ ਵਿਕਰੇਤਾ ਸੂਰਜ ਅਤੇ ਰਾਕੇਸ਼ ਨੇ ਦੱਸਿਆ ਕਿ ਪਹਿਲਾਂ ਸਬਜ਼ੀਆਂ ਸ਼ਾਮ ਤੱਕ ਠੀਕ ਰਹਿੰਦੀਆਂ ਸਨ ਪਰ ਹੁਣ ਹਾਲਾਤ ਇਹ ਹਨ ਕਿ ਦੁਪਹਿਰ ਤੋਂ ਬਾਅਦ ਸਬਜ਼ੀਆਂ ਸੁੱਕਣ ਲੱਗ ਜਾਂਦੀਆਂ ਹਨ। ਸਬਜ਼ੀਆਂ ਨੂੰ ਹਰਿਆ ਭਰਿਆ ਰੱਖਣ ਲਈ ਪਾਣੀ ਦੀ ਵਰਤੋਂ ਕਰਨੀ ਪੈਂਦੀ ਹੈ। ਇੱਕ ਦਿਨ ਦੀ ਸਬਜ਼ੀ ਅਗਲੇ ਦਿਨ ਤੱਕ ਨਹੀਂ ਚੱਲਦੀ, ਖ਼ਰਾਬ ਹੋ ਰਹੀ ਹੈ।

ਇਸ ਵਾਰ ਮੀਂਹ ਨਹੀਂ... ਗਰਮੀ ਨੇ ਵਧਾਈ ਮੁਸੀਬਤ

ਇਕ ਕਿਸਾਨ ਨੇ ਦੱਸਿਆ ਕਿ ਉਸ ਦੇ ਭਿੰਡੀ ਦੇ ਦੋ ਖੇਤ ਲਗਾਏ ਸਨ। ਪਹਿਲਾਂ 50 ਤੋਂ 100 ਕੁਇੰਟਲ ਸਬਜ਼ੀਆਂ ਦੀ ਪੈਦਾਵਾਰ ਹੁੰਦੀ ਸੀ ਪਰ ਇਸ ਵਾਰ ਸਿਰਫ਼ 20 ਕੁਇੰਟਲ ਹੀ ਸਬਜ਼ੀਆਂ ਦੀ ਪੈਦਾਵਾਰ ਹੋਈ ਹੈ। ਇਸ ਦਾ ਕਾਰਨ ਜ਼ਿਆਦਾ ਗਰਮੀ ਹੈ। ਇਸੇ ਤਰ੍ਹਾਂ ਹੋਰ ਸਬਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਮਾਨਸੂਨ ਤੋਂ ਬਾਅਦ ਯਾਨੀ ਦੋ ਮਹੀਨਿਆਂ ਬਾਅਦ ਸਬਜ਼ੀਆਂ ਠੀਕ ਤਰ੍ਹਾਂ ਪਕ ਜਾਣਗੀਆਂ ਅਤੇ ਕੀਮਤਾਂ ਵੀ ਘੱਟ ਜਾਣਗੀਆਂ। ਉਨ੍ਹਾਂ ਨੂੰ ਮੰਡੀ ਵਿੱਚ ਸਬਜ਼ੀਆਂ ਘੱਟ ਭਾਅ ’ਤੇ ਵੇਚਣੀਆਂ ਪੈਂਦੀਆਂ ਹਨ। ਕਮਿਸ਼ਨ ਏਜੰਟਾਂ ਜਾਂ ਸਬਜ਼ੀ ਵਿਕਰੇਤਾਵਾਂ ਵੱਲੋਂ ਹੋਰ ਮੁਨਾਫਾ ਕਮਾਇਆ ਜਾ ਰਿਹਾ ਹੈ।


author

Harinder Kaur

Content Editor

Related News