ਹਿਮਾਲਿਆ ਕੰਪਨੀ ''ਤੇ ਲੱਗਾ GST ਚੋਰੀ ਦਾ ਦੋਸ਼

Thursday, Aug 16, 2018 - 12:59 PM (IST)

ਨਵੀਂ ਦਿੱਲੀ — ਆਯੁਰਵੈਦਿਕ ਅਤੇ ਹਰਬਲ ਦਵਾਈਆਂ ਬਣਾਉਣ ਵਾਲੀ ਕੰਪਨੀ 'ਹਿਮਾਲਿਆ ਡਰੱਗ' ਕਥਿਤ ਰੂਪ ਨਾਲ GST ਚੋਰੀ ਕੀਤੇ ਜਾਣ ਕਾਰਨ ਇਨਕਮ ਟੈਕਸ ਦੀਆਂ ਨਜ਼ਰਾਂ 'ਚ ਆ ਗਈ ਹੈ। ਕੰਪਨੀ ਨੇ GST ਦੀ ਇਹ ਚੋਰੀ ਵੈੱਟ ਬੇਬੀ ਵਾਈਪਸ 'ਤੇ ਕੀਤੀ ਹੈ। ਟੂੱਥਪੇਸਟ ਤੋਂ ਲੈ ਕੇ ਫਾਰਮਾਸੂਟਿਕਲ ਉਤਪਾਦ ਬਣਾਉਣ ਵਾਲੀ ਇਸ ਕੰਪਨੀ ਦੇ ਦਫਤਰ 'ਤੇ ਵੀ ਇਸ ਮਾਮਲੇ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ।
ਹਿਮਾਲਿਆ ਕੰਪਨੀ ਕਥਿਤ ਰੂਪ ਨਾਲ ਵੈੱਟ ਬੇਬੀ ਵਾਈਪਸ 'ਤੇ 18 ਫੀਸਦੀ ਦੀ ਥਾਂ 12 ਫੀਸਦੀ GST ਦੇ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਉਤਪਾਦ ਗੈਰ-ਕਾਸਮੈਟਿਕ ਨੈਪਕਿਨ ਦੀ ਰੇਂਜ 'ਚ ਆਉਂਦਾ ਹੈ। ਪਿਛਲੇ ਸਾਲ ਜੁਲਾਈ 'ਚ 'ਵੈੱਟ ਬੇਬੀ ਵਾਈਪਸ' 'ਤੇ 28 ਫੀਸਦੀ GST ਲਗਾਇਆ ਗਿਆ ਜੋ ਕਿ ਬਾਅਦ ਵਿਚ ਘੱਟ ਕੇ 18 ਫੀਸਦੀ ਵਾਲੇ ਸਲੈਬ 'ਚ ਆ ਗਿਆ ਸੀ।
ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ ਬੇਬੀ ਵਾਈਪਸ ਨੂੰ ਲੈ ਕੇ ਆਮਦਨ ਕਰ ਵਿਭਾਗ ਨੂੰ ਕੋਈ ਗਲਤਫਹਿਮੀ ਹੋ ਗਈ ਹੈ ਅਤੇ ਕੰਪਨੀ ਨੇ ਇਸ 'ਤੇ ਸਫਾਈ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਹਮੇਸ਼ਾ ਆਪਣਾ ਟੈਕਸ ਅਦਾ ਕਰਦੀ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੰਪਨੀ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸਰਕਾਰ ਨੇ ਕਿਹਾ ਸੀ ਕਿ ਬੱਚਿਆਂ ਦੇ ਬੇਬੀ ਬੈਗ 'ਚ ਸ਼ਾਮਲ ਜ਼ਰੂਰੀ ਚੀਜ਼ਾਂ ਜਿਸ 'ਚ ਵੈੱਟ ਵਾਈਪਸ ਵੀ ਸ਼ਾਮਲ ਸਨ, ਉਨ੍ਹਾਂ 'ਤੇ 18 ਫੀਸਦੀ GST ਲੱਗੇਗਾ।


Related News