HDFC ਬੈਂਕ ਦੇ ਰਿਹੈ 10 ਸਕਿੰਟਾਂ 'ਚ ਵਾਹਨ ਲੋਨ, 1000 ਸ਼ਹਿਰਾਂ ਦੇ ਲੋਕ ਚੁੱਕ ਸਕਦੇ ਹਨ ਫ਼ਾਇਦਾ
Saturday, Jul 04, 2020 - 12:28 PM (IST)
ਨਵੀਂ ਦਿੱਲੀ : ਐੱਚ.ਡੀ.ਐੱਫ.ਸੀ. ਬੈਂਕ ਨੇ ਆਪਣੀ ਡਿਜੀਟਲ ਵਾਹਨ ਲੋਨ ਯੋਜਨਾ ਦਾ ਵਿਸਥਾਰ 1,000 ਸ਼ਹਿਰਾਂ ਤੱਕ ਕਰਨ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਵਾਹਨ ਲੋਨ ਸਿਰਫ਼ 10 ਸਕਿੰਟਾਂ ਵਿਚ ਦਿੱਤਾ ਜਾਂਦਾ ਹੈ। ਹਾਲ ਵਿਚ ਹੀ ਹੋਏ ਕਈ ਅਧਿਅਨਾਂ ਅਤੇ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਰੋਨਾ ਕਾਲ ਵਿਚ ਲੋਕ ਜਨਤਕ ਟਰਾਂਸਪੋਰਟ ਦੀ ਬਜਾਏ ਨਿੱਜੀ ਵਾਹਨਾਂ ਵਿਚ ਸਫ਼ਰ ਕਰਣਾ ਪਸੰਦ ਕਰਣਗੇ। ਇਸ ਦੇ ਮੱਦੇਨਜਰ ਬੈਂਕ ਦੀ ਇਹ ਘੋਸ਼ਣਾ ਕਾਫ਼ੀ ਮਾਇਨੇ ਰੱਖਦੀ। ਖ਼ਾਸ ਕਰਕੇ ਇਸ ਲਈ ਵੀ ਕਿਉਂਕਿ ਆਟੋ ਸੈਕਟਰ ਦੇ ਅੰਕੜਿਆਂ ਤੋਂ ਇਹ ਪਤਾ ਲੱਗਾ ਹੈ ਕਿ ਇਨਫੈਕਸ਼ਨ ਤੋਂ ਘੱਟ ਪ੍ਰਭਾਵਿਤ ਖੇਤਰਾਂ ਵਿਚ ਵਾਹਨਾਂ ਦੀ ਵਿਕਰੀ ਵਧੀ ਹੈ।
ਬੈਂਕ ਨੇ ਇਸ ਲਈ ਕੀਤਾ ਯੋਜਨਾ ਦਾ ਵਿਸਥਾਰ
ਐੱਚ.ਡੀ.ਐੱਫ.ਸੀ. ਬੈਂਕ ਨੇ ਵੀਰਵਾਰ ਨੂੰ ਆਪਣੀ ਲੋਨ ਯੋਜਨਾ ਦੇ ਵਿਸਥਾਰ ਦਾ ਐਲਾਨ ਕੀਤਾ। ਮਹਾਮਾਰੀ ਦੌਰਾਨ ਪਲਾਂਟ ਵਿਚ ਉਤਪਾਦਨ ਬੰਦ ਹੋਣ ਅਤੇ ਇਸ ਦੇ ਨਾਲ ਹੀ ਡੀਲਰਸ਼ਿਪ, ਸ਼ੋਅਰੂਮ ਬੰਦ ਰਹਿਣ ਨਾਲ ਆਟੋਮੋਬਾਇਲ ਸੈਕਟਰ ਬਹੁਤ ਪ੍ਰਭਾਵਿਤ ਹੋਇਆ ਹੈ। ਸਮਾਜਕ ਦੂਰੀ ਵਰਗੇ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਜਨਤਕ ਟ੍ਰਾਂਸਪੋਰਟ ਦੀ ਤੁਲਣਾ ਵਿਚ ਨਿੱਜੀ ਵਾਹਨ ਦੇ ਇਸਤੇਮਾਲ ਨੂੰ ਜ਼ਿਆਦਾ ਪਹਿਲ ਦੇਣਗੇ। ਇਸ ਨਾਲ ਸਾਫ਼ ਤੌਰ ’ਤੇ ਵਾਹਨਾਂ ਦੀ ਮੰਗ ਵਿਚ ਤੇਜ਼ੀ ਆਵੇਗੀ। ਐੱਚ.ਡੀ.ਐੱਫ.ਸੀ. ਬੈਂਕ ਦਾ ਇਹ ਲੋਨ ਪ੍ਰਾਡਕਟ ‘ਜਿਪਡਰਾਈਵ’ ਇੰਸਟੈਂਟ ਵਾਹਨ ਲੋਨ (ਤੁਰੰਤ ਵਾਹਨ ਲੋਨ) ਗਾਹਕਾਂ ਨੂੰ ਦੇਸ਼ ਭਰ ਦੇ 1,000 ਸ਼ਹਿਰਾਂ ਵਿਚ ਉਪਲੱਬਧ ਹੋਵੇਗਾ। ਇਨ੍ਹਾਂ ਸ਼ਹਿਰਾਂ ਵਿਚ ਆਂਧਰਾ ਪ੍ਰਦੇਸ਼ ਦੇ ਭੀਮਾਵਰਮ, ਉੱਤਰ ਪ੍ਰਦੇਸ਼ ਦੇ ਹਰਦੋਈ, ਕੇਰਲ ਦੇ ਥਾਲਾਸੇਰੀ ਅਤੇ ਉੜੀਸਾ ਦੇ ਬਾਲਾਸੋਰ ਵਰਗੇ ਸ਼ਹਿਰ ਸ਼ਾਮਲ ਹਨ।
ਚੁੱਟਕੀ ਵਿਚ ਮਿਲੇਗਾ ਕਾਰ ਲੋਨ
ਐੱਚ.ਡੀ.ਐੱਫ.ਸੀ. ਬੈਂਕ ਦਾ ਦਾਅਵਾ ਹੈ ਇਹ ਸਭ ਤੋਂ ਤੇਜ਼ੀ ਨਾਲ ਮਨਜ਼ੂਰ ਹੋਣ ਵਾਲਾ ਆਨਲਾਈਨ ਵਾਹਨ ਲੋਨ ਹੈ। ਬੈਂਕ ਗਾਹਕਾਂ ਨੂੰ ਇਹ ਲੋਨ ਪ੍ਰੀ-ਅਪਰੂਵਡ ਪੇਸ਼ਕਸ਼ ਜ਼ਰੀਏ ਉਪਲੱਬਧ ਕਰਾਏਗਾ। ਬੈਂਕ ਦੇ ਪ੍ਰਚੂਨ ਲੋਨ ਕਾਰੋਬਾਰ ਦੇ ਮੁਖੀ ਅਰਵਿੰਦ ਕਪਿਲ ਨੇ ਕਿਹਾ, ਤਾਲਾਬੰਦੀ ਦੇ ਬਾਅਦ ਡਿਜੀਟਲ ਪਲੇਟਫਾਰਮ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਲੋਨ ਉਤਪਾਦ ਸੁਵਿਧਾਜਨਕ ਹੈ, ਕਿਉਂਕਿ ਇਹ ਸੰਪਰਕ ਰਹਿਤ ਲੋਨ ਸੁਵਿਧਾ ਹੈ।
ਇੰਝ ਮਿਲਦਾ ਹੈ ਪ੍ਰੀ-ਅਪਰੂਵਡ ਲੋਨ
ਉਨ੍ਹਾਂ ਕਿਹਾ ਕਿ ਬੈਂਕ ਹੁਣ ਸਿਰਫ਼ ਇਕ ਬਟਨ ਦੇ ਕਲਿੱਕ ਨਾਲ ਦੂਜੇ ਅਤੇ ਤੀਜੇ ਦਰਜੇ ਦੇ ਸ਼ਹਿਰ ਵਾਲੇ ਗਾਹਕਾਂ ਨਾਲ ਜੁੜ ਸਕਦਾ ਹੈ। ਬੈਂਕ ਨੇ ਕਿਹਾ ਕਿ ਪ੍ਰੀ-ਅਪਰੂਵਡ ਲੋਨ ਦੀ ਪੇਸ਼ਕਸ਼ ਗਾਹਕਾਂ ਨੂੰ ਇਕ ਵਿਸ਼ਲੇਸ਼ਣ ਅਤੇ ਕੋਡ ਭਾਸ਼ਾ (ਐਲਗੋਰਿਦਮ) ਜ਼ਰੀਏ ਕੀਤੀ ਜਾਂਦੀ ਹੈ ।