GST ਕੁਲੈਕਸ਼ਨ ਜੁਲਾਈ ''ਚ 33 ਫ਼ੀਸਦੀ ਵੱਧ ਕੇ 1.16 ਲੱਖ ਕਰੋੜ ਰੁ: ''ਤੇ ਪੁੱਜਾ
Sunday, Aug 01, 2021 - 02:44 PM (IST)

ਨਵੀਂ ਦਿੱਲੀ- ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੁਲੈਕਸ਼ਨ ਜੁਲਾਈ ਵਿਚ 33 ਫੀਸਦੀ ਵੱਧ ਕੇ 1.16 ਲੱਖ ਕਰੋੜ ਰੁਪਏ ਰਿਹਾ। ਵਿੱਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜੁਲਾਈ ਲਈ ਜੀ. ਐੱਸ. ਟੀ. ਮਾਲੀਆ ਦੇ ਅੰਕੜੇ ਦਰਸਾਉਂਦੇ ਹਨ ਕਿ ਅਰਥਵਿਵਸਥਾ ਤੇਜ਼ੀ ਨਾਲ ਰਿਕਵਰ ਹੋ ਰਹੀ ਹੈ।
ਜੁਲਾਈ, 2020 ਵਿਚ ਜੀ. ਐੱਸ. ਟੀ. ਕੁਲੈਕਸ਼ਨ 87,422 ਕਰੋੜ ਰੁਪਏ ਸੀ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਯਾਨੀ ਜੂਨ, 2021 ਵਿਚ ਜੀ. ਐੱਸ. ਟੀ. ਕੁਲੈਕਸ਼ਨ 1 ਲੱਖ ਕਰੋੜ ਰੁਪਏ ਤੋਂ ਘੱਟ ਭਾਵ 92,849 ਕਰੋੜ ਰੁਪਏ ਸੀ।
ਜੁਲਾਈ, 2021 ਵਿਚ ਜੀ. ਐੱਸ. ਟੀ. ਦੀ ਕੁੱਲ ਆਮਦਨ 1,16,393 ਕਰੋੜ ਰੁਪਏ ਰਹੀ। ਇਸ ਵਿਚ ਕੇਂਦਰੀ ਜੀ. ਐੱਸ. ਟੀ. 22,197 ਕਰੋੜ ਰੁਪਏ, ਸਟੇਟ ਜੀ. ਐੱਸ. ਟੀ. 28,541 ਕਰੋੜ ਰੁਪਏ, ਏਕੀਕ੍ਰਿਤ ਜੀ. ਐੱਸ. ਟੀ. 57,864 ਕਰੋੜ ਰੁਪਏ ( ਇਸ ਵਿਚ 27,900 ਕਰੋੜ ਰੁਪਏ ਵਸਤੂਆਂ ਦੀ ਦਰਾਮਦ 'ਤੇ ਜੁਟਾਏ ਗਏ) ਅਤੇ ਸੈੱਸ 7,790 ਕਰੋੜ ਰੁਪਏ (ਵਸਤੂਆਂ ਦੀ ਦਰਾਮਦ 'ਤੇ 815 ਕਰੋੜ ਰੁਪਏ ਜੁਟਾਏ ਗਏ) ਰਿਹਾ। ਜੁਲਾਈ, 2021 ਵਿਚ ਜੀ. ਐੱਸ. ਟੀ. ਕੁਲੈਕਸ਼ਨ ਦਾ ਅੰਕੜਾ ਇਕ ਸਾਲ ਪਹਿਲਾਂ ਦੇ ਇਸੇ ਮਹੀਨੇ ਦੇ ਮੁਕਾਬਲੇ 33 ਫੀਸਦੀ ਵੱਧ ਰਿਹਾ। ਵਿੱਤ ਮੰਤਰਾਲਾ ਨੇ ਕਿਹਾ ਕਿ ਲਗਾਤਾਰ ਅੱਠ ਮਹੀਨਿਆਂ ਤੱਕ ਜੀ. ਐੱਸ. ਟੀ. ਕੁਲੈਕਸ਼ਨ ਦਾ ਅੰਕੜਾ ਇਕ ਲੱਖ ਕਰੋੜ ਰੁਪਏ ਤੋਂ ਵੱਧ ਸੀ। ਇਸ ਦੇ ਬਾਅਦ ਇਹ ਜੂਨ 2021 ਵਿਚ ਹੇਠਾਂ ਆ ਗਿਆ, ਇਹ ਇਸ ਲਈ ਸੀ ਕਿਉਂਕਿ ਜੂਨ ਸੰਗ੍ਰਹਿ ਮਈ ਦੇ ਲੈਣ-ਦੇਣ ਨਾਲ ਜੁੜੇ ਹੋਏ ਸਨ।