GST ਦੇ 60 ਦਿਨ ਪੂਰੇ, ਇੰਨੇ ਹਜ਼ਾਰ ਕੰਪਨੀਆਂ ''ਡਕਾਰ'' ਗਈਆਂ ''ਤੁਹਾਡਾ'' ਫਾਇਦਾ!
Saturday, Sep 02, 2017 - 07:36 AM (IST)

ਨਵੀਂ ਦਿੱਲੀ— ਜੀ. ਐੱਸ. ਟੀ. ਨੂੰ ਲਾਗੂ ਹੋਏ 60 ਦਿਨ ਪੂਰੇ ਹੋ ਚੁੱਕੇ ਹਨ ਪਰ ਹੁਣ ਤਕ ਆਮ ਆਦਮੀ ਤਕ ਇਸ ਦਾ ਲਾਭ ਨਹੀਂ ਪਹੁੰਚ ਰਿਹਾ ਹੈ। ਜੀ. ਐੱਸ. ਟੀ. 'ਚ ਆਮ ਜ਼ਰੂਰਤ ਦੀਆਂ ਕਈ ਵਸਤਾਂ ਦੇ ਮੁੱਲ ਘਟੇ ਹਨ ਪਰ ਗਾਹਕ ਪੁਰਾਣੀਆਂ ਕੀਮਤਾਂ 'ਤੇ ਚੀਜ਼ ਖਰੀਦਣ ਨੂੰ ਮਜ਼ਬੂਰ ਹਨ। ਇਸ ਦਾ ਫਾਇਦਾ ਕੰਪਨੀਆਂ ਨੂੰ ਪਹੁੰਚ ਰਿਹਾ ਹੈ। ਗਾਹਕ ਮੰਤਰਾਲੇ ਦੇ ਅੰਕੜਿਆਂ ਮੁਤਾਬਕ 1 ਜੁਲਾਈ ਨੂੰ ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ 50 ਹਜ਼ਾਰ 'ਚੋਂ ਸਿਰਫ 15 ਕੰਪਨੀਆਂ ਨੇ ਹੀ ਕੀਮਤਾਂ ਘਟਾਈਆਂ ਹਨ, ਯਾਨੀ ਵੱਡੀ ਗਿਣਤੀ 'ਚ ਕੰਪਨੀਆਂ ਜੀ. ਐੱਸ. ਟੀ. ਦਾ ਲਾਭ ਗਾਹਕਾਂ ਨੂੰ ਨਹੀਂ ਦਿੱਤਾ।
ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਿਨ੍ਹਾਂ 15 ਕੰਪਨੀਆਂ ਨੇ ਜੀ. ਐੱਸ. ਟੀ. ਦੇ ਬਾਅਦ ਆਪਣੇ ਸਾਮਾਨਾਂ ਦੇ ਮੁੱਲ ਘੱਟ ਵੀ ਕੀਤੇ ਹਨ, ਉਨ੍ਹਾਂ 'ਚ ਜ਼ਿਆਦਾਤਰ ਖੇਡ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਹਨ। ਅਧਿਕਾਰੀ ਨੇ ਕਿਹਾ ਕਿ ਕੁਝ ਕੰਪਨੀਆਂ ਨੇ ਸਾਮਾਨਾਂ ਦੇ ਮੁੱਲ ਵਧਣ ਦੇ ਬਾਵਜੂਦ ਐੱਮ. ਆਰ. ਪੀ. ਨਹੀਂ ਬਦਲੇ, ਕਿਉਂਕਿ ਪਹਿਲੇ ਐੱਮ. ਆਰ. ਪੀ. 'ਚ ਟੈਕਸ ਸ਼ਾਮਲ ਸਨ, ਇਸ ਲਈ ਕੰਪਨੀਆਂ ਨੇ ਨਵੇਂ ਮੁੱਲ ਨਹੀਂ ਲਿਖੇ। ਗਾਹਕ ਮੰਤਰਾਲੇ ਕੋਲ 50 ਹਜ਼ਾਰ ਕੰਪਨੀਆਂ ਅਤੇ ਬਰਾਮਦਕਾਰ ਰਜਿਸਟਰਡ ਹਨ।
ਗਾਹਕਾਂ ਨੂੰ ਲੱਗਾ ਚੂਨਾ, ਕੰਪਨੀਆਂ ਨੇ ਨਹੀਂ ਦਿੱਤਾ ਲਾਭ
ਜੀ. ਐੱਸ. ਟੀ. ਲਾਗੂ ਹੋਣ ਦੇ ਬਾਅਦ ਗਾਹਕ ਮੰਤਰਾਲੇ ਨੂੰ 55 ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ 'ਚ ਐੱਮ. ਆਰ. ਪੀ. ਤੋਂ ਜ਼ਿਆਦਾ ਮੁੱਲ ਵਸੂਲੇ ਜਾਣ ਦੀ ਗੱਲ ਕਹੀ ਗਈ ਹੈ। ਹੁਣ ਮੰਤਰਾਲਾ ਇਨ੍ਹਾਂ ਕੰਪਨੀਆਂ 'ਤੇ ਕਾਰਵਾਈ ਕਰਨ ਦੀ ਤਿਆਰੀ 'ਚ ਹੈ।
ਉੱਥੇ ਹੀ, ਉੱਤਰ ਪ੍ਰਦੇਸ਼ (ਯੂ. ਪੀ.) 'ਚ ਕਿਸੇ ਵੀ ਕੰਪਨੀ ਨੇ ਮੁੱਲ ਘਟਣ ਜਾਂ ਵਧਣ 'ਤੇ ਨਵਾਂ ਐੱਮ. ਆਰ. ਪੀ. ਨਹੀਂ ਲਿਖਿਆ। ਉਤਰਾਖੰਡ 'ਚ 19 ਕੰਪਨੀਆਂ ਨੇ ਕੀਮਤਾਂ ਵਧਣ 'ਤੇ ਵਸਤਾਂ 'ਤੇ ਨਵਾਂ ਮੁੱਲ ਲਿਖਿਆ ਪਰ ਕੀਮਤਾਂ ਨਹੀਂ ਘਟਾਈਆਂ। ਜਦੋਂ ਕਿ ਬਿਹਾਰ ਤੇ ਝਾਰਖੰਡ 'ਚ ਵੀ ਗਾਹਕਾਂ ਨੂੰ ਜੀ. ਐੱਸ. ਟੀ. 'ਚ ਕੀਮਤਾਂ ਘਟਣ ਦਾ ਲਾਭ ਨਹੀਂ ਮਿਲਿਆ। ਬਿਹਾਰ 'ਚ 13 ਕੰਪਨੀਆਂ ਨੇ ਆਪਣੇ ਸਾਮਾਨਾਂ 'ਤੇ ਵਧੇ ਹੋਏ ਮੁੱਲ ਲਿਖੇ। ਜਦੋਂ ਕਿ ਸਿਰਫ 2 ਕੰਪਨੀਆਂ ਨੇ ਕੀਮਤਾਂ ਘਟਣ ਦਾ ਫਾਇਦਾ ਗਾਹਕਾਂ ਤਕ ਪਹੁੰਚਾਇਆ। ਝਾਰਖੰਡ 'ਚ ਤਿੰਨ ਕੰਪਨੀਆਂ ਨੇ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ। ਜੀ. ਐੱਸ. ਟੀ. ਦੇ 2 ਮਹੀਨੇ ਬੀਤ ਜਾਣ ਦੇ ਬਾਅਦ ਵੀ ਅਜਿਹੀਆਂ ਕੰਪਨੀਆਂ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ, ਜਿਨ੍ਹਾਂ ਨੇ ਸਾਮਾਨਾਂ 'ਤੇ ਨਵੀਂ ਕੀਮਤ ਨਹੀਂ ਲਿਖੀ।