ਕੋਹਾਰਾ ਦੀ ਸਟੀਲ ਮਿੱਲ 'ਤੇ GST ਦੀ ਵੱਡੀ ਰੇਡ: ਕਰੋੜਾਂ ਦੀ ਟੈਕਸ ਚੋਰੀ ਦਾ ਖੁਲਾਸਾ, ਫੈਕਟਰੀ ਸੀਲ
Thursday, Apr 23, 2026 - 12:41 AM (IST)
ਲੁਧਿਆਣਾ (ਸੇਠੀ) : ਸੈਂਟਰਲ ਜੀ. ਐੱਸ. ਟੀ. ਵਿਭਾਗ ਲੁਧਿਆਣਾ ਦੀ ਪ੍ਰੀਵੈਂਟਿਵ ਯੂਨਿਟ ਨੇ ਕਰੋੜਾਂ ਰੁਪਏ ਦੀ ਕਥਿਤ ਟੈਕਸ ਚੋਰੀ ਦੇ ਮਾਮਲੇ ’ਚ ਮੰਗਲਵਾਰ ਨੂੰ ਆਰ. ਪੀ. ਕੇ. ਸਟੀਲ ਰੋਲਿੰਗ ਮਿੱਲਜ਼ ਪ੍ਰਾਈਵੇਟ ਲਿਮਟਿਡ, ਕੋਹਾਰਾ ਸਥਿਤ ਫਰਮ ’ਤੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਅਧਿਕਾਰੀਆਂ ਨੇ ਫਿਲਹਾਲ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਅਤੇ ਅਗਲੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ।
ਸੂਤਰਾਂ ਅਨੁਸਾਰ ਵਿਭਾਗੀ ਅਧਿਕਾਰੀ ਮੰਗਲਵਾਰ ਸ਼ਾਮ ਕਰੀਬ 5 ਵਜੇ ਅਚਾਨਕ ਫਰਮ ਦੇ ਅਹਾਤੇ ’ਚ ਪਹੁੰਚੇ। ਅਧਿਕਾਰੀਆਂ ਨੂੰ ਦੇਖਦਿਆਂ ਹੀ ਫਰਮ ਦਾ ਮਾਲਕ ਦਫ਼ਤਰ ਦੀ ਕੰਧ ਟੱਪ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ ਅਤੇ ਬੁੱਧਵਾਰ ਸਵੇਰੇ ਕਰੀਬ 10 ਵਜੇ ਵਿਭਾਗੀ ਟੀਮਾਂ ਜਾਂਚ ਪੂਰੀ ਕਰਕੇ ਵਾਪਸ ਪਰਤੀਆਂ। ਮਾਲਕ ਦੇ ਫ਼ਰਾਰ ਹੋਣ ਤੋਂ ਤੁਰੰਤ ਬਾਅਦ ਵਿਭਾਗੀ ਟੀਮ ਉਸ ਦੇ ਘਰ ਵੀ ਪਹੁੰਚੀ ਪਰ ਉਥੋਂ ਉਸ ਦੀ ਪਤਨੀ ਵੀ ਫ਼ਰਾਰ ਦੱਸੀ ਜਾ ਰਹੀ ਹੈ। ਇਸ ਘਟਨਾਕ੍ਰਮ ਤੋਂ ਬਾਅਦ ਵਿਭਾਗ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਦਾ ਘੇਰਾ ਵਧਾ ਦਿੱਤਾ ਹੈ। ਕਾਰਵਾਈ ਦੌਰਾਨ ਅਧਿਕਾਰੀਆਂ ਨੇ ਦਫ਼ਤਰ ਤੋਂ ਵੱਡੀ ਮਾਤਰਾ ’ਚ ਦਸਤਾਵੇਜ਼, ਕੰਪਿਊਟਰ ਰਿਕਾਰਡ, ਲੇਜ਼ਰ ਬੁੱਕ ਅਤੇ ਬਿਲਿੰਗ ਰਿਕਾਰਡ ਜ਼ਬਤ ਕੀਤੇ ਹਨ।
ਇਹ ਵੀ ਪੜ੍ਹੋ : ਹੁਣ ਇਟਲੀ ਜਾਣ ਦਾ ਸੁਫਨਾ ਹੋਵੇਗਾ ਪੂਰਾ, ਜਲੰਧਰ 'ਚ ਹੋਣ ਜਾ ਰਿਹਾ ਵੱਡਾ ਇਵੈਂਟ, ਫ੍ਰੀ ਬੁੱਕ ਕਰੋ ਆਪਣੀ ਸੀਟ
ਸੂਤਰਾਂ ਮੁਤਾਬਕ, ਫਰਮ ਲੰਬੇ ਸਮੇਂ ਤੋਂ ਟੈਕਸ ਚੋਰੀ ਕਰ ਰਹੀ ਸੀ। ਸ਼ੁਰੂਆਤੀ ਜਾਂਚ ’ਚ ਕਰੋੜਾਂ ਰੁਪਏ ਦੀ ਟੈਕਸ ਚੋਰੀ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਫਰਮ ਵੱਲੋਂ ਫਰਜ਼ੀ ਬਿਲਿੰਗ, ਬਿਨਾਂ ਈ-ਵੇਅ ਬਿੱਲ ਤੋਂ ਮਾਲ ਦੀ ਢੋਆ-ਢੁਆਈ ਅਤੇ ਗਲਤ ਤਰੀਕੇ ਨਾਲ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈ ਕੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਦੌਰਾਨ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਸੈਂਟਰਲ ਜੀ. ਐੱਸ. ਟੀ. ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਕ ਸੁਪਰਡੈਂਟ ਪੱਧਰ ਦੇ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ। ਹਾਲਾਂਕਿ ਵਿਭਾਗ ਵੱਲੋਂ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਇਸੇ ਮਾਮਲੇ ਨਾਲ ਜੁੜੀ ਹੋ ਸਕਦੀ ਹੈ। ਵਿਭਾਗ ਦੀ ਇਸ ਕਾਰਵਾਈ ਨਾਲ ਲੁਧਿਆਣਾ ਦੇ ਸਟੀਲ ਉਦਯੋਗ ’ਚ ਹੜਕੰਪ ਮਚਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
