ਮਾਂ-ਧੀ ਦੀ ਆਪਸੀ ਲੜਾਈ ਵਿਚ ਚੱਲ ਗਈਆਂ ਗੋਲ਼ੀਆਂ

Sunday, Apr 19, 2026 - 06:01 PM (IST)

ਮਾਂ-ਧੀ ਦੀ ਆਪਸੀ ਲੜਾਈ ਵਿਚ ਚੱਲ ਗਈਆਂ ਗੋਲ਼ੀਆਂ

ਫਾਜ਼ਿਲਕਾ (ਸੁਨੀਲ ਨਾਗਪਾਲ): ਅਬੋਹਰ ਦੇ ਨਜ਼ਦੀਕੀ ਪਿੰਡ ਕੁਲਾਰ ਵਿਚ ਅੱਜ ਮਾਂ-ਧੀ ਵਿਚਾਲੇ ਜ਼ਮੀਨੀ ਵਿਵਾਦ ਵਿਚ ਦੋ ਧਿਰਾਂ ਵਿਚਾਲੇ ਗੋਲ਼ੀਆਂ ਚੱਲ ਗਈਆਂ। ਇਸ ਵਿਚ ਦੋਵੇਂ ਧਿਰਾਂ ਦੇ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਵਿਚੋਂ ਤਿੰਨ ਨੌਜਵਾਨਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ। ਉੱਥੇ ਹੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਕੁਲਾਰ ਨਿਵਾਸੀ ਕਾਂਤਾ ਜਿਆਣੀ ਅਤੇ ਉਸ ਦੀ ਧੀ ਰਾਸ਼ੀ ਵਿਚ ਆਪਸੀ ਜ਼ਮੀਨੀ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਜਿਸ ਦਾ ਅਦਾਲਤ ਵਿਚ ਵੀ ਕੇਸ ਚੱਲ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਰਾਸ਼ੀ ਜਿਆਣੀ ਖੇਤ ਵਿਚ ਉੱਗੀ ਕਣਕ ਦੀ ਵਾਢੀ ਕਰਵਾਉਣ ਲਈ ਕੁਝ ਲੋਕਾਂ ਨਾਲ ਪਹੁੰਚੀ ਸੀ ਕਿ ਇਸ ਗੱਲ ਦਾ ਪਤਾ ਲੱਗਣ 'ਤੇ ਉਸ ਦੀ ਮਾਂ ਕਾਂਤਾ ਜਿਆਣੀ ਵੀ ਆਪਣੇ ਸਾਥੀਆਂ ਸਮੇਤ ਖੇਤ ਪਹੁੰਚ ਗਈ। ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਦੋਵਾਂ ਧਿਰਾਂ ਵਿਚਾਲੇ ਗੋਲੀਆਂ ਚੱਲ ਪਈਆਂ, ਜਿਸ ਵਿਚ ਚਾਰ ਲੋਕ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਇਕ ਨੂੰ ਛੱਡ ਕੇ ਬਾਕੀ ਤਿੰਨਾਂ ਨੂੰ ਮੁਢਲੇ ਇਲਾਜ ਤੋਂ ਬਾਅਦ ਰੈਫ਼ਰ ਕਰ ਦਿੱਤਾ ਹੈ।

ਐੱਸ.ਪੀ.ਡੀ. (SPD) ਨੇ ਦੱਸਿਆ ਕਿ ਜਾਂਚ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਦੋਵਾਂ ਮਾਂ-ਧੀ ਵਿਚ ਆਪਸੀ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਦੇ ਚਲਦਿਆਂ ਦੋ ਧਿਰਾਂ ਭਿੜੀਆਂ ਹਨ। ਇਸ ਝਗੜੇ ਵਿਚ ਚਾਰ ਨੌਜਵਾਨ ਆਏ ਹਨ, ਜਿਨ੍ਹਾਂ ਤੋਂ ਪੁਲਸ ਪ੍ਰਸ਼ਾਸਨ ਵੱਲੋਂ ਪੁੱਛਗਿੱਛ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਵਿਵਸਥਾ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
 


author

Anmol Tagra

Content Editor

Related News