GST : ਸਬਜ਼ੀਆਂ ਅਤੇ ਦੁੱਧ ਹੋਣਗੇ ਸਸਤੇ, 5 ਫ਼ੀਸਦੀ ਤੱਕ ਘਟਣਗੇ ਮੁੱਲ

Saturday, Jun 10, 2017 - 07:43 AM (IST)

GST : ਸਬਜ਼ੀਆਂ ਅਤੇ ਦੁੱਧ ਹੋਣਗੇ ਸਸਤੇ, 5 ਫ਼ੀਸਦੀ ਤੱਕ ਘਟਣਗੇ ਮੁੱਲ

ਨਵੀਂ ਦਿੱਲੀ— ਸਰਕਾਰ ਨੇ ਕਿਹਾ ਕਿ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਵਿਵਸਥਾ ਲਾਗੂ ਹੋ ਜਾਣ ਤੋਂ ਬਾਅਦ ਅਨਾਜ, ਆਟਾ, ਦੁੱਧ, ਸਬਜ਼ੀਆਂ ਅਤੇ ਫਲਾਂ ਦੇ ਮੁੱਲ 5 ਫ਼ੀਸਦੀ ਘੱਟ ਜਾਣਗੇ। ਸਰਕਾਰ ਨੇ ਅਨਾਜ, ਦਾਲ, ਆਟਾ, ਮੈਦਾ ਵੇਸਣ, ਸਬਜ਼ੀਆਂ ਤੇ ਦੁੱਧ ਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਦੂਰ ਰੱਖਿਆ ਹੈ ਯਾਨੀ ਕਿ ਇਹ ਵਸਤਾਂ ਹੁਣ ਸਸਤੀਆਂ ਹੋ ਜਾਣਗੀਆਂ।  
ਦੁੱਧ, ਸਬਜ਼ੀਆਂ, ਫਲ, ਚੌਲ, ਲੂਣ, ਜੈਵਿਕ ਖਾਦ, ਪਸ਼ੂ ਚਾਰੇ, ਬਲਣਸ਼ੀਲ, ਕੱਚੇ ਰੇਸ਼ਮ, ਉੱਨ, ਹੱਥ ਨਾਲ ਚੱਲਣ ਵਾਲੇ ਔਜ਼ਾਰ 'ਤੇ ਵੀ ਨਵੀਂ ਡਾਇਰੈਕਟ ਟੈਕਸ ਵਿਵਸਥਾ 'ਚ ਸਿਫ਼ਰ ਦਰ ਲੱਗੇਗੀ। ਵਿੱਤ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਜਿਣਸਾਂ 'ਤੇ ਜੀ. ਐੱਸ. ਟੀ. ਨਾ ਲੱਗਣ ਨਾਲ ਉਨ੍ਹਾਂ 'ਚੋਂ ਜ਼ਿਆਦਾਤਰ ਵਸਤੂਆਂ ਆਪਣੀਆਂ ਮੌਜੂਦਾ ਕੀਮਤਾਂ ਦੇ ਮੁਕਾਬਲੇ ਕਰੀਬ 4-5 ਫ਼ੀਸਦੀ ਸਸਤੀਆਂ ਹੋ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਬਰਾਂਡਿਡ ਅਨਾਜ ਅਤੇ ਰਜਿਸਟਰਡ ਟਰੇਡਮਾਰਕ ਵਾਲੇ ਆਟੇ 'ਤੇ ਜੀ. ਐੱਸ. ਟੀ. ਦੇ ਤਹਿਤ 5 ਫ਼ੀਸਦੀ ਟੈਕਸ ਲੱਗੇਗਾ ।    
ਜੀ. ਐੱਸ. ਟੀ. ਕੌਂਸਲ ਦੀ ਬੈਠਕ 11 ਨੂੰ 
ਜੀ. ਐੱਸ. ਟੀ. ਕੌਂਸਲ ਦੀ ਬੈਠਕ 11 ਜੂਨ ਨੂੰ ਹੋਵੇਗੀ । ਬੈਠਕ 'ਚ ਉਨ੍ਹਾਂ ਕੁੱਝ ਦਰਾਂ ਦੀ ਸਮੀਖਿਆ ਕੀਤੀ ਜਾਵੇਗੀ ਜਿਨ੍ਹਾਂ ਨੂੰ ਲੈ ਕੇ ਉਦਯੋਗ ਨੇ ਨਾਰਾਜ਼ਗੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਮਸੌਦਾ ਨਿਯਮਾਂ 'ਚ ਸੋਧ 'ਤੇ ਵੀ ਚਰਚਾ ਹੋਵੇਗੀ। ਜੀ. ਐੱਸ. ਟੀ. ਦੇ 1 ਜੁਲਾਈ ਤੋਂ ਲਾਗੂ ਹੋਣ ਤੋਂ ਪਹਿਲਾਂ ਕੌਂਸਲ ਦੀ 11 ਜੂਨ ਨੂੰ ਹੋਣ ਵਾਲੀ ਬੈਠਕ ਹੋ ਸਕਦਾ ਹੈ ਕਿ ਆਖਰੀ ਹੋਵੇਗੀ । ਵੱਖ-ਵੱਖ ਉਦਯੋਗ ਸੰਗਠਨਾਂ ਨੇ ਟੈਕਸ ਦਰਾਂ ਦੀ ਸਮੀਖਿਆ ਦੀ ਅਪੀਲ ਕੀਤੀ ਹੈ।  
ਉਨ੍ਹਾਂ ਦਾ ਕਹਿਣਾ ਹੈ ਕਿ ਜੀ. ਐੱਸ. ਟੀ. ਦਾ ਅਸਰ ਮੌਜੂਦਾ ਟੈਕਸੇਸ਼ਨ ਲੈਵਲ ਤੋਂ ਕਿਤੇ ਜ਼ਿਆਦਾ ਹੋਵੇਗਾ। ਜੀ. ਐੱਸ. ਟੀ. ਕੌਂਸਲ ਨੇ ਨਵੀਂ ਟੈਕਸ ਵਿਵਸਥਾ ਨੂੰ ਲਾਗੂ ਕਰਨ ਦੀ ਕਵਾਇਦ ਹੋਰ ਤੇਜ਼ ਕਰ ਦਿੱਤੀ ਹੈ। ਦੂਰਸੰਚਾਰ, ਬੈਂਕਿੰਗ ਅਤੇ ਬਰਾਮਦ ਵਰਗੇ ਵੱਖ-ਵੱਖ ਖੇਤਰਾਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਕੌਂਸਲ ਨੇ 18 ਵੱਖ-ਵੱਖ ਗਰੁੱਪ ਬਣਾਏ ਹਨ ਜੋ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰਨਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।


Related News