ਸਰਕਾਰ ਨੇ EPF ਯੋਗਦਾਨ ''ਚ 3 ਮਹੀਨਿਆਂ ਲਈ ਕਟੌਤੀ ਕੀਤੀ ਲਾਗੂ, ਮਿਲੇਗੀ ਜ਼ਿਆਦਾ ਸੈਲਰੀ

05/19/2020 1:16:52 PM

ਨਵੀਂ ਦਿੱਲੀ — ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ(ਈ.ਪੀ.ਐਫ.) ਯੋਗਦਾਨ ਨੂੰ ਜੁਲਾਈ ਤੱਕ ਤਿੰਨ ਮਹੀਨੇ ਲਈ ਮੌਜੂਦਾ 12 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਦੇ ਫੈਸਲੇ ਨੂੰ ਲਾਗੂ ਕਰ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਸੰਗਠਿਤ ਖੇਤਰ ਦੇ 4.3 ਕਰੋੜ ਕਰਮਚਾਰੀਆਂ ਨੂੰ ਜ਼ਿਆਦਾ ਤਨਖਾਹ ਮਿਲੇਗੀ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਰੁਜ਼ਗਾਰਦਾਤਾਵਾਂ ਨੂੰ ਵੀ ਕੁਝ ਰਾਹਤ ਮਿਲੇਗੀ।

ਅੰਦਾਜ਼ਾ ਹੈ ਕਿ ਇਸ ਫੈਸਲੇ ਨਾਲ ਅਗਲੇ ਤਿੰਨ ਮਹੀਨਿਆਂ 'ਚ 6,750 ਕਰੋੜ ਰੁਪਏ ਦੀ ਨਕਦੀ ਵਧੇਗੀ। ਕਿਰਤ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਸੀ ਕਿ ਈ.ਪੀ.ਐਫ. ਯੋਗਦਾਨ ਵਿਚ ਕਮੀ ਮਈ,ਜੂਨ ਅਤੇ ਜੁਲਾਈ 2020 ਦੇ ਮਹੀਨਿਆਂ ਲਈ ਲਾਗੂ ਹੋਵੇਗੀ। ਅਜਿਹੇ 'ਚ ਜੂਨ, ਜੁਲਾਈ ਅਤੇ ਅਗਸਤ ਵਿਚ ਮਿਲਣ ਵਾਲੀ ਤਨਖਾਹ ਜ਼ਿਆਦਾ ਹੋਵੇਗੀ ਅਤੇ ਰੁਜ਼ਗਾਰਦਾਤਾਵਾਂ ਦੇ ਯੋਗਦਾਨ ਵਿਚ ਵੀ ਕਮੀ ਆਵੇਗੀ। ਇਸ ਸੰਬੰਧ ਵਿਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਹਫਤੇ ਹੀ ਐਲਾਨ ਕੀਤਾ ਸੀ।

ਈ.ਪੀ.ਐਫ.ਓ. ਵਿਚੋਂ 3,360 ਕਰੋੜ ਰੁਪਏ ਕਢਵਾਏ

ਕਰਮਚਾਰੀ ਭਵਿੱਖ ਨਿਧੀ ਸੰਗਠਨ(ਈ.ਪੀ.ਐਫ.ਓ.) ਦੇ ਕਰੀਬ 12 ਲੱਖ ਮੈਂਬਰ ਨੇ ਲਾਕਡਾਉਨ ਦੌਰਾਨ 3,360 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ। ਈ.ਪੀ.ਐਫ.ਓ. ਨੇ 28 ਮਾਰਚ ਨੂੰ ਕਰਮਚਾਰੀਆਂ ਨੂੰ ਲਾਕਡਾਉਨ ਕਾਰਨ ਪੈਦਾ ਹੋਈਆਂ ਦਿੱਕਤਾਂ ਦੇ ਮੱਦੇਨਜ਼ਰ ਈ.ਪੀ.ਐਫ.ਓ. ਵਿਚੋਂ ਪੈਸੇ ਕਢਵਾਉਣ ਦੀ ਆਗਿਆ ਦਿੱਤੀ ਸੀ। ਕਰਮਚਾਰੀਆਂ ਨੂੰ ਇਹ ਰਾਸ਼ੀ ਵਾਪਸ ਜਮ੍ਹਾਂ ਨਹੀਂ ਕਰਵਾਉਣੀ ਹੋਵੇਗੀ।


Harinder Kaur

Content Editor

Related News