ਸਸਤਾ ਹੋਇਆ ਸੋਨਾ, ਚਾਂਦੀ 220 ਰੁਪਏ ਡਿੱਗੀ, ਜਾਣੋ ਕੀਮਤਾਂ

10/17/2018 2:30:19 PM

ਨਵੀਂ ਦਿੱਲੀ— ਸਰਾਫਾ ਬਾਜ਼ਾਰ 'ਚ ਅੱਜ ਸੋਨੇ ਦੀ ਕੀਮਤ 'ਚ 150 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਸਟੈਂਡਰਡ ਦੀ ਕੀਮਤ 150 ਰੁਪਏ ਘੱਟ ਕੇ 32,030 ਰੁਪਏ ਪ੍ਰਤੀ ਦਸ ਗ੍ਰਾਮ ਹੋ ਗਈ। ਸੋਨਾ ਭਟੂਰ ਵੀ ਇੰਨਾ ਹੀ ਡਿੱਗ ਕੇ 31,880 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਵਿਕਿਆ। ਹਾਲਾਂਕਿ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਜਿਓਂ ਦੀ ਤਿਓਂ ਟਿਕੀ ਰਹੀ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਵਿਦੇਸ਼ੀ ਬਾਜ਼ਾਰਾਂ 'ਚ ਕੀਮਤੀ ਧਾਤਾਂ ਦੀ ਚਮਕ ਫਿੱਕੀ ਪੈਣ ਅਤੇ ਉੱਚੇ ਮੁੱਲ 'ਤੇ ਤਿਉਹਾਰੀ ਮੰਗ 'ਚ ਸੁਸਤੀ ਕਾਰਨ ਸੋਨੇ ਦੀ ਕੀਮਤ ਘਟੀ ਹੈ।
ਉੱਥੇ ਹੀ ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ 'ਚ ਕਮੀ ਆਉਣ ਨਾਲ ਚਾਂਦੀ ਹਾਜ਼ਰ 220 ਰੁਪਏ ਡਿੱਗ ਕੇ 39,480 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਚਾਂਦੀ ਵਾਇਦਾ ਵੀ 250 ਰੁਪਏ ਦੀ ਗਿਰਾਵਟ 'ਚ 38,850 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਵਿਦੇਸ਼ੀ ਬਾਜ਼ਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਲੰਡਨ ਦਾ ਸੋਨਾ ਹਾਜ਼ਰ 0.2 ਫੀਸਦੀ ਦੀ ਗਿਰਾਵਟ 'ਚ 1,222.74 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 0.4 ਫੀਸਦੀ ਡਿੱਗ ਕੇ 1,226.60 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਦੀ ਮੰਗ ਕਮਜ਼ੋਰ ਹੋਈ ਹੈ। ਕੌਮਾਂਤਰੀ ਬਾਜ਼ਾਰ 'ਚ ਚਾਂਦੀ ਹਾਜ਼ਰ 0.5 ਫੀਸਦੀ ਦੀ ਗਿਰਾਵਟ 'ਚ 14.57 ਡਾਲਰ ਪ੍ਰਤੀ ਔਂਸ 'ਤੇ ਆ ਗਈ।


Related News