ਕਰਜ਼ਾ ਚੁੱਕ ਕੇ ਜੂਏ 'ਚ ਲੱਖਾਂ ਰੁਪਏ ਹਾਰਿਆ ਠੇਕੇਦਾਰ, ਫਿਰ ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ...

Tuesday, Dec 09, 2025 - 08:00 PM (IST)

ਕਰਜ਼ਾ ਚੁੱਕ ਕੇ ਜੂਏ 'ਚ ਲੱਖਾਂ ਰੁਪਏ ਹਾਰਿਆ ਠੇਕੇਦਾਰ, ਫਿਰ ਲੈਣਦਾਰਾਂ ਤੋਂ ਪਰੇਸ਼ਾਨ ਹੋ ਕੇ...

ਮਾਛੀਵਾੜਾ ਸਾਹਿਬ (ਟੱਕਰ): ਸਥਾਨਕ ਬਲੀਬੇਗ ਬਸਤੀ ਦੇ ਠੇਕੇਦਾਰ ਰਾਜੇਸ਼ ਕੁਮਾਰ ਨੇ ਆਪਣੇ ਘਰ 'ਚ ਗਲ਼ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਅਤੇ ਉਸਨੇ ਸੁਸਾਇਡ ਨੋਟ ਵਿਚ ਤਿੰਨ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਠੇਕੇਦਾਰ ਦੀ ਪਤਨੀ ਕਵਿਤਾ ਦੇਵੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਤੀ ਨੂੰ ਜੂਆ ਖੇਡਣ ਦੀ ਆਦਤ ਪੈ ਗਈ ਸੀ ਜਿਸ ਨੂੰ ਰੋਕਣ ਦੇ ਬਾਵਜ਼ੂਦ ਵੀ ਜੁਆਰੀ ਇਸ ਨੂੰ ਫੋਨ ਕਰਕੇ ਬੁਲਾ ਲੈਂਦੇ ਅਤੇ ਜੂਆ ਖੇਡਦੇ ਸਨ। 

PunjabKesari

ਕਵਿਤਾ ਦੇਵੀ ਨੇ ਦੱਸਿਆ ਕਿ ਉਹ ਜੂਏ ਵਿਚ ਪੈਸੇ ਹਾਰਦਾ ਚਲਾ ਗਿਆ, ਜਿਸ ਕਾਰਨ ਉਸਨੇ ਆਪਣੀ ਜ਼ਮੀਨ ਵੀ ਵੇਚ ਦਿੱਤੀ ਅਤੇ ਘਰ ਵੀ ਗਿਰਵੀ ਰੱਖ ਦਿੱਤਾ। ਉਹ ਜੂਏ ਵਿਚ ਲੱਖਾਂ ਰੁਪਏ ਹਾਰ ਗਿਆ ਅਤੇ ਹੁਣ ਪਿਛਲੇ 3-4 ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਨੇ ਵਿਆਜ ’ਤੇ ਪੈਸੇ ਲੈ ਕੇ ਜੂਆ ਖੇਡਿਆ ਅਤੇ ਹੁਣ ਜਦੋਂ ਉਸ ਨੂੰ ਲੈਣਦਾਰ ਪ੍ਰੇਸ਼ਾਨ ਕਰ ਰਹੇ ਸਨ ਤਾਂ ਉਸਨੇ ਆਤਮ-ਹੱਤਿਆ ਕਰ ਲਈ। ਕਵਿਤਾ ਦੇਵੀ ਅਨੁਸਾਰ ਉਸਦੇ ਪਤੀ ਨੇ ਘਰ ਵਿਚ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਉਸ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। 

ਪਤਨੀ ਕਵਿਤਾ ਦੇਵੀ ਨੇ ਕਿਹਾ ਕਿ ਉਸਨੇ ਸੁਸਾਇਡ ਨੋਟ ਵਿਚ ਸਾਫ਼ ਲਿਖਿਆ ਹੈ ਕਿ ਤਿੰਨ ਵਿਅਕਤੀ ਉਸ ਨੂੰ ਟਾਰਚਰ ਕਰਦੇ ਹਨ ਜਿਸ ਕਾਰਨ ਉਹ ਮਰਨ ਨੂੰ ਮਜ਼ਬੂਰ ਹੋ ਰਿਹਾ ਹੈ। ਫਿਲਹਾਲ ਪੁਲਸ ਵਲੋਂ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਰਖਵਾ ਦਿੱਤਾ ਹੈ। ਤਫ਼ਤੀਸ਼ੀ ਅਫ਼ਸਰ ਕਰਨੈਲ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


author

Baljit Singh

Content Editor

Related News