ਬਾਹਰਲੇ ਮੁਲਕੋਂ ਸੋਨਾ ਮੰਗਾਉਣਾ ਹੋਵੇਗਾ ਸਸਤਾ

09/22/2017 4:06:10 PM

ਨਵੀਂ ਦਿੱਲੀ— ਆਉਣ ਵਾਲੇ ਦਿਨਾਂ 'ਚ ਬਾਹਰੋਂ ਸੋਨਾ ਲਿਆਉਣਾ ਯਾਨੀ ਇੰਪੋਰਟ (ਦਰਾਮਦ) ਕਰਨਾ ਸਸਤਾ ਹੋ ਸਕਦਾ ਹੈ। ਜਾਣਕਾਰੀ ਮੁਤਾਬਕ, ਵਣਜ ਮੰਤਰਾਲਾ ਸੋਨੇ 'ਤੇ ਇੰਪੋਰਟ ਡਿਊਟੀ ਨੂੰ ਘਟਾ ਕੇ 5-6 ਫੀਸਦੀ ਕਰ ਸਕਦਾ ਹੈ। ਮੌਜੂਦਾ ਸਮੇਂ ਸੋਨੇ 'ਤੇ ਇੰਪੋਰਟ ਟੈਕਸ 10 ਫੀਸਦੀ ਹੈ। ਜ਼ਿਕਰੋਯਗ ਹੈ ਕਿ ਸੋਨੇ 'ਤੇ ਇੰਪੋਰਟ ਡਿਊਟੀ 10 ਫੀਸਦੀ ਹੋਣ ਕਾਰਨ ਕੁਝ ਵਪਾਰੀਆਂ ਵੱਲੋਂ ਉਨ੍ਹਾਂ ਦੇਸ਼ਾਂ ਤੋਂ ਸੋਨਾ ਦਰਾਮਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨਾਲ ਭਾਰਤ ਦਾ ਮੁਕਤ ਵਪਾਰ ਸਮਝੌਤਾ ਹੈ। ਇਸ ਤਹਿਤ ਇੰਡੋਨੇਸ਼ੀਆ ਅਤੇ ਦੱਖਣੀ ਕੋਰੀਆ ਤੋਂ ਸੋਨਾ ਲਿਆਉਣ 'ਤੇ ਕੋਈ ਇੰਪੋਰਟ ਡਿਊਟੀ ਨਹੀਂ ਦੇਣਾ ਪੈਂਦੀ। ਲਿਹਾਜਾ ਕੁਝ ਵਪਾਰੀਆਂ ਵੱਲੋਂ ਇਸ ਰਸਤੇ ਦੀ ਦੁਰਵਰਤੋਂ ਵਧੀ ਹੈ, ਜਿਸ ਨਾਲ ਸਰਕਾਰ ਨੂੰ ਘਾਟਾ ਪੈ ਰਿਹਾ ਹੈ। 
ਇਨ੍ਹਾਂ ਦੇਸ਼ਾਂ ਰਾਹੀਂ ਸੋਨਾ ਮੰਗਾਉਣ 'ਤੇ ਵਪਾਰੀਆਂ ਨੂੰ ਭਾਰਤ 'ਚ ਸਿਰਫ 3 ਫੀਸਦੀ ਏਕੀਕ੍ਰਿਤ ਜੀ. ਐੱਸ. ਟੀ. ਦੇਣਾ ਹੁੰਦਾ ਹੈ ਜਦੋਂ ਕਿ 10 ਫੀਸਦੀ ਡਿਊਟੀ ਤੋਂ ਬਚ ਜਾਂਦੇ ਹਨ ਅਤੇ ਇਸੇ ਰਸਤੇ ਰਾਹੀਂ ਬਿਨਾਂ ਕੋਈ ਵਾਧੂ ਡਿਊਟੀ ਦਿੱਤੇ ਸੋਨੇ ਨੂੰ ਮੁੜ ਮਹਿੰਗੇ ਮੁੱਲ 'ਤੇ ਵੇਚ ਦਿੰਦੇ ਹਨ। ਹਾਲਾਂਕਿ ਦੱਖਣੀ ਕੋਰੀਆ ਤੋਂ ਹੋਣ ਵਾਲੇ ਇੰਪਰੋਟ 'ਤੇ ਨਕੇਲ ਕੱਸੀ ਗਈ ਹੈ ਅਤੇ ਦਰਾਮਦਕਾਰਾਂ ਨੂੰ ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ ਤੋਂ ਲਾਈਸੈਂਸ ਲੈਣਾ ਲਾਜ਼ਮੀ ਕੀਤਾ ਗਿਆ ਹੈ। ਉੱਥੇ ਹੀ, ਇੰਡੋਨੇਸ਼ੀਆ ਰਾਹੀਂ ਸੋਨੇ ਦੀ ਦਰਾਮਦ ਵਧਣ ਤੋਂ ਬਾਅਦ ਸਰਕਾਰ 7-8 ਅਜਿਹੇ ਹੀ ਦੇਸ਼ਾਂ ਦੀ ਲਿਸਟ ਤਿਆਰ ਕਰ ਰਹੀ ਹੈ, ਜਿੱਥੋਂ ਦਰਾਮਦ ਵਧੀ ਹੈ।


Related News