ਚੋਣ ਜ਼ਾਬਤੇ ਦੌਰਾਨ GST ਮੋਬਾਇਲ ਵਿੰਗ ਦੀ ਵੱਡੀ ਕਾਰਵਾਈ, ਮਾਰੂਤੀ ਵੈਗਨਾਰ ਕਾਰ ''ਚੋਂ 5.5 ਕਿਲੋ ਸੋਨਾ ਕੀਤਾ ਜ਼ਬਤ

Friday, Apr 19, 2024 - 06:34 PM (IST)

ਚੋਣ ਜ਼ਾਬਤੇ ਦੌਰਾਨ GST ਮੋਬਾਇਲ ਵਿੰਗ ਦੀ ਵੱਡੀ ਕਾਰਵਾਈ, ਮਾਰੂਤੀ ਵੈਗਨਾਰ ਕਾਰ ''ਚੋਂ 5.5 ਕਿਲੋ ਸੋਨਾ ਕੀਤਾ ਜ਼ਬਤ

ਜਲੰਧਰ (ਪੁਨੀਤ)–ਚੋਣ ਜ਼ਾਬਤੇ ਦੌਰਾਨ ਪੁਲਸ, ਪ੍ਰਸ਼ਾਸਨ, ਐਕਸਾਈਜ਼ ਵਿਭਾਗ, ਇਨਕਮ ਟੈਕਸ ਸਮੇਤ ਸਾਰੇ ਵਿਭਾਗ ਚੌਕਸੀ ਵਿਖਾ ਰਹੇ ਹਨ ਅਤੇ ਨਾਕਾਬੰਦੀ ਦਾ ਕ੍ਰਮ ਲਗਾਤਾਰ ਚੱਲ ਰਿਹਾ ਹੈ। ਇਸੇ ਲੜੀ ਵਿਚ ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਲੁਧਿਆਣਾ ਦੇ ਵਪਾਰੀ ਤੋਂ 3.64 ਕਰੋੜ ਦੀ ਕੀਮਤ ਦਾ 5.5 ਕਿਲੋ ਸੋਨਾ ਜ਼ਬਤ ਕੀਤਾ ਹੈ। ਉਕਤ ਕਾਰਵਾਈ ਜਲੰਧਰ-ਸ਼ਾਹਕੋਟ ਰੋਡ ’ਤੇ ਹੋਈ, ਜਿਸ ਵਿਚ ਸਬੰਧਤ ਵਿਅਕਤੀ ਸੋਨੇ ਦੇ ਗਹਿਣਿਆਂ ਸਬੰਧੀ ਪੂਰੇ ਦਸਤਾਵੇਜ਼ ਨਹੀਂ ਵਿਖਾ ਸਕਿਆ, ਜਿਸ ’ਤੇ ਵਿਭਾਗ ਨੇ ਸੋਨਾ ਜ਼ਬਤ ਕਰ ਲਿਆ ਹੈ ਅਤੇ ਕਾਰਵਾਈ ਜਾਰੀ ਹੈ। ਸਟੇਟ ਜੀ. ਐੱਸ. ਟੀ. ਮੋਬਾਇਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਐੱਸ. ਟੀ. ਓ. ਸੁਖਜੀਤ ਸਿੰਘ ਨੂੰ ਕਾਰਵਾਈ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ’ਤੇ ਸੁਖਜੀਤ ਵੱਲੋਂ ਪਿਛਲੀ ਰਾਤ ਜਲੰਧਰ-ਸ਼ਾਹਕੋਟ ਰੋਡ ’ਤੇ ਕਾਰਵਾਈ ਦੌਰਾਨ ਮਾਰੂਤੀ ਵੈਗਨਾਰ ਕਾਰ ਨੂੰ ਰੋਕਿਆ ਗਿਆ। ਇਸ ਕਾਰਵਾਈ ਦੌਰਾਨ ਕਾਰ ਵਿਚੋਂ 5.50 ਕਿਲੋ ਵਜ਼ਨ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ।

ਦੱਸਿਆ ਜਾ ਰਿਹਾ ਹੈ ਕਿ ਉਕਤ ਗਹਿਣੇ ਜਿਊਲਰੀ ਹਾਊਸ ਦੀ ਚੇਨ ਚਲਾਉਣ ਵਾਲੇ ਪ੍ਰਸਿੱਧ ਵਪਾਰੀ ਨਾਲ ਸਬੰਧਤ ਹਨ। ਪੁੱਛਗਿੱਛ ਕਰਨ ’ਤੇ ਸਬੰਧਤ ਵਿਅਕਤੀ ਵੱਲੋਂ ਜੀ. ਐੱਸ. ਟੀ. ਅਧਿਕਾਰੀਆਂ ਨੂੰ ਕੁਝ ਦਸਤਾਵੇਜ਼ ਦਿਖਾਏ ਗਏ, ਜੋਕਿ ਵਿਭਾਗੀ ਨਿਯਮਾਂ ’ਤੇ ਖਰਾ ਨਹੀਂ ਉਤਰ ਰਹੇ ਸਨ। ਇਸ ’ਤੇ ਐੱਸ. ਟੀ. ਓ. ਸੁਖਜੀਤ ਸਿੰਘ ਲੁਧਿਆਣਾ ਨਾਲ ਸਬੰਧਤ ਵਿਅਕਤੀਆਂ, ਗੱਡੀ ਤੇ ਸੋਨਾ ਲੈ ਕੇ ਜੀ. ਐੱਸ. ਟੀ. ਦਫ਼ਤਰ ਪਹੁੰਚੇ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੇ ਬਾਰੇ ਸੂਚਿਤ ਕੀਤਾ। ਦਿਸ਼ਾ-ਨਿਰਦੇਸ਼ਾਂ ’ਤੇ ਐੱਸ. ਟੀ. ਓ. ਨੇ ਵਿਭਾਗੀ ਕਾਰਵਾਈ ਕਰਦੇ ਹੋਏ ਸਬੰਧਤ ਸੋਨੇ ਨੂੰ ਸੀਲ ਕਰ ਲਿਆ ਗਿਆ। ਵਿਭਾਗ ਨੇ ਸੋਨੇ ਦੀ ਕੀਮਤ ਪਤਾ ਕਰਨ ਲਈ ਇਸ ਦੀ ਵੈਲਿਊਏਸ਼ਨ ਕਰਵਾਈ ਹੈ। ਇਹ ਸੋਨਾ 22 ਕੈਰੇਟ ਦਾ ਹੈ, ਜਿਸ ਦੀ ਕੀਮਤ 3.64 ਕਰੋੜ ਰੁਪਏ ਦੱਸੀ ਗਈ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 'ਬੰਬੀਹਾ ਗੈਂਗ' ਦੇ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਸੋਨਾ ਲਿਜਾਣ ਲਈ ਇਸਤੇਮਾਲ ਹੋਣ ਵਾਲੀ ਮਾਰੂਤੀ ਵੈਗਨਾਰ ਕਾਰ ਨੂੰ ਵੀ ਜ਼ਬਤ ਕੀਤਾ ਗਿਆ, ਜੋਕਿ ਬੱਸ ਅੱਡੇ ਨੇੜੇ ਸਥਿਤ ਜੀ. ਐੱਸ. ਟੀ. ਵਿਭਾਗ ਦੇ ਦਫ਼ਤਰ ਵਿਚ ਖੜ੍ਹੀ ਕੀਤੀ ਗਈ ਹੈ। ਸਟੇਟ ਜੀ. ਐੱਸ. ਟੀ. ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਸੋਨਾ ਜ਼ਬਤ ਕੀਤਾ ਗਿਆ ਹੈ, ਸਬੰਧਤ ਪਾਰਟੀ ਨੂੰ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਨੋਟਿਸ ਜਾਰੀ ੀਕਤਾ ਗਿਆ ਹੈ। ਅਗਲੀ ਕਾਰਵਾਈ ਜਾਰੀ ਹੈ। ਉਥੇ ਹੀ, ਵਿਭਾਗ ਵੱਲੋਂ ਸੋਨੇ ਦੇ ਗਹਿਣਿਆਂ ਨੂੰ ਸੀਲ ਕਰ ਕੇ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਦਿੱਤਾ ਗਿਆ ਹੈ।

PunjabKesari

ਚੋਣ ਕਮਿਸ਼ਨ ਅਤੇ ਇਨਕਮ ਟੈਕਸ ਨੂੰ ਕੀਤਾ ਸੂਚਿਤ
ਸਟੇਟ ਜੀ. ਐੱਸ. ਟੀ. ਮੋਬਾਈਲ ਵਿੰਗ ਦੇ ਡਿਪਟੀ ਡਾਇਰੈਕਟਰ ਕਮਲਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੋਨਾ ਫੜੇ ਜਾਣ ਸਬੰਧੀ ਚੋਣ ਕਮਿਸ਼ਨ ਨੂੰ ਸੂਚਿਤ ਕੀਤਾ ਗਿਆ ਹੈ। ਉਥੇ ਹੀ, ਇਨਕਮ ਟੈਕਸ ਵਿਭਾਗ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਟੇਟ ਜੀ. ਐੱਸ. ਟੀ. ਵਿਭਾਗ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਸਬੰਧਤ ਵਪਾਰੀ ਨੂੰ ਚੋਣ ਕਮਿਸ਼ਨ ਦੀ ਕਾਰਵਾਈ ਵਿਚੋਂ ਵੀ ਲੰਘਣਾ ਪਵੇਗਾ। ਉਥੇ ਹੀ, ਇਸ ਤੋਂ ਬਾਅਦ ਇਨਕਮ ਟੈਕਸ ਵਿਭਾਗ ਤੋਂ ਵੀ ਐੱਨ. ਓ. ਸੀ. ਲੈਣ ਦੀ ਜ਼ਰੂਰਤ ਪੈ ਸਕਦੀ ਹੈ। ਚੋਣ ਜ਼ਾਬਤੇ ਦੌਰਾਨ ਡੀ. ਸੀ. ਚੋਣ ਅਧਿਕਾਰੀ ਹੁੰਦੇ ਹਨ, ਜਿਸ ਕਾਰਨ ਸੋਨਾ ਵਾਪਸ ਲੈਣ ਲਈ ਚੋਣ ਅਧਿਕਾਰੀ ਤੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਪੈ ਸਕਦੀ ਹੈ।

ਇਹ ਵੀ ਪੜ੍ਹੋ- ਗਲੀਆਂ 'ਚ ਮੰਗਣ ਵਾਲੇ ਦੀ ਸ਼ਰਮਨਾਕ ਕਰਤੂਤ, 3 ਮਹੀਨਿਆਂ ਤੱਕ 13 ਸਾਲਾ ਬੱਚੀ ਨਾਲ ਕਰਦਾ ਰਿਹਾ ਜਬਰ-ਜ਼ਿਨਾਹ

 

ਸੋਨਾ ਵੇਚਣ ਸਬੰਧੀ ਵਿਭਾਗ ਕੋਲ ਪਹੁੰਚੀ ਗੁਪਤ ਸੂਚਨਾ
ਦੱਸਿਆ ਜਾ ਰਿਹਾ ਹੈ ਕਿ ਉਕਤ ਸੋਨਾ ਵੇਚਣ ਲਈ ਲੁਧਿਆਣਾ ਦਾ ਵਿਅਕਤੀ ਸ਼ਾਹਕੋਟ ਆਇਆ ਸੀ ਅਤੇ ਇਸ ਦੌਰਾਨ ਥੋੜ੍ਹਾ-ਬਹੁਤ ਸੋਨਾ ਵੇਚ ਵੀ ਦਿੱਤਾ ਸੀ। ਇਸਦੀ ਗੁਪਤ ਸੂਚਨਾ ਵਿਭਾਗ ਤਕ ਪਹੁੰਚ ਗਈ, ਜਿਸ ’ਤੇ ਵਿਭਾਗ ਨੇ ਨਾਕਾਬੰਦੀ ਕਰਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਿਸੇ ਭੇਤੀ ਵਿਅਕਤੀ ਵੱਲੋਂ ਇਸ ਸਬੰਧੀ ਸੂਚਨਾ ਦਿੱਤੀ ਗਈ ਹੋਵੇਗੀ, ਜਿਸ ’ਤੇ ਵਿਭਾਗ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਵਿਭਾਗੀ ਅਧਿਕਾਰੀ ਖੁੱਲ੍ਹ ਕੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਚੋਣ ਜ਼ਾਬਤੇ ਦੌਰਾਨ ਨਕਦੀ ਤੇ ਸੋਨਾ ਲਿਜਾਣ ਸਬੰਧੀ ਨਿਯਮ ਲਾਗੂ
ਚੋਣ ਜ਼ਾਬਤੇ ਦੌਰਾਨ ਸੋਨੇ ਤੇ ਨਕਦੀ ਸਮੇਤ ਸ਼ਰਾਬ ਅਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਲੈ ਕੇ ਜਾਣ ਸਬੰਧੀ ਨਿਯਮ ਲਾਗੂ ਰਹਿੰਦੇ ਹਨ। ਅਜਿਹੇ ਵਿਚ ਕਰੋੜਾਂ ਰੁਪਏ ਦਾ ਸੋਨਾ ਲੈ ਕੇ ਜਾਣਾ ਸਮਝ ਤੋਂ ਪਰ੍ਹੇ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾ ਫੜੇ ਜਾਣ ਦੀ ਸੂਰਤ ਵਿਚ ਸਟੇਟ ਜੀ. ਐੱਸ. ਟੀ. ਵਿਭਾਗ ਵੱਲੋਂ ਜੁਰਮਾਨਾ ਕਰਨ ਦੀ ਵਿਵਸਥਾ ਹੈ। ਅਗਲੀ ਕਾਰਵਾਈ ਦਸਤਾਵੇਜ਼ਾਂ ਦੇ ਆਧਾਰ ’ਤੇ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਦਸਤਾਵੇਜ਼ਾਂ ਦੇ ਬਿਨਾਂ 49 ਹਜ਼ਾਰ ਤੋਂ ਵੱਧ ਨਕਦੀ ਲੈ ਕੇ ਜਾਣਾ ਵੀ ਗਲਤ ਹੈ।

ਇਹ ਵੀ ਪੜ੍ਹੋ- ਮੁਕੇਰੀਆਂ 'ਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਖਿਲਰੇ ਮਿਲੇ ਅੰਗ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News