ਜਨਰਲ ਅਟਲਾਂਟਿਕ ਨੇ ਰਿਲਾਇੰਸ ਦੇ ਜੀਓ ਪਲੇਟਫਾਰਮ ''ਚ 6,598 ਕਰੋੜ ਰੁਪਏ ਦਾ ਕੀਤਾ ਨਿਵੇਸ਼

05/17/2020 11:00:22 PM

ਨਵੀਂ ਦਿੱਲੀ -ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਤੋਂ ਬਾਅਦ ਹੁਣ ਅਮਰੀਕਾ ਦੀ ਆਗੂ ਨਿਵੇਸ਼ ਕੰਪਨੀ ਜਨਰਲ ਅਟਲਾਂਟਿਕ ਨੇ ਵੀ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਜੀਓ ਪਲੇਟਫਾਰਮ 'ਚ ਥੋੜ੍ਹੀ ਹਿੱਸੇਦਾਰੀ ਲਈ ਕਰੀਬ 6 ਹਜ਼ਾਰ 600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਐਤਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਜਨਰਲ ਅਟਲਾਂਟਿਕ ਨੇ ਉਸ ਦੀ ਡਿਜੀਟਲ ਇਕਾਈ ਜੀਓ ਪਲੇਟਫਾਰਮ 'ਚ 1.34 ਫੀਸਦੀ ਹਿੱਸੇਦਾਰੀ ਦੇ ਬਦਲੇ 6,598.38 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਜਨਰਲ ਅਟਲਾਂਟਿਕ ਦਾ ਏਸ਼ੀਆ ਦੀ ਕਿਸੇ ਵੀ ਕੰਪਨੀ ਅਜੇ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੋਵੇਗਾ।

ਜੀਓ ਪਲੇਟਫਾਰਮ ਨੇ ਹੁਣ ਤੱਕ ਚਾਰ ਹਫਤਿਆਂ ਤੋਂ ਵੀ ਘੱਟ ਸਮੇਂ 'ਚ ਫੇਸਬੁੱਕ, ਸਿਲਵਰ ਲੇਕ ਪਾਰਟਨਰਜ਼, ਵਿਸਟਾ ਇਕਵਿਟੀ ਪਾਰਟਨਰਜ਼ ਅਤੇ ਜਨਰਲ ਅਟਲਾਂਟਿਕ ਸਮੇਤ ਪ੍ਰਮੁੱਖ ਤਕਨੀਕੀ ਨਿਵੇਸ਼ਕਾਂ ਤੋਂ 67,194.75 ਕਰੋੜ ਰੁਪਏ ਜੁਟਾਏ ਹਨ। ਇਸ ਤੋਂ ਪਹਿਲਾਂ ਜੀਓ ਪਲੇਟਫਾਰਮ 'ਚ ਫੇਸਬੁੱਕ ਨੇ 43,574 ਕਰੋੜ ਰੁਪਏ 'ਚ 9.99 ਫੀਸਦੀ, ਸਿਲਵਰ ਲੇਕ ਨੇ 5,665.75 ਕਰੋੜ ਰੁਪਏ 'ਚ 1.15 ਫੀਸਦੀ ਅਤੇ ਵਿਸਟਾ ਇਕਵਿਟੀ ਨੇ 11,367 ਕਰੋੜ ਰੁਪਏ 'ਚ 2.32 ਫੀਸਦੀ ਹਿੱਸੇਦਾਰੀ ਖਰੀਦੀ ਸੀ। ਹੁਣ ਤੱਕ ਦੇ ਇਨ੍ਹਾਂ ਚਾਰ ਸੌਦਿਆਂ 'ਚ ਜੀਓ ਪਲੇਟਫਾਰਮ ਦੀ 14.8 ਫੀਸਦੀ ਹਿੱਸੇਦਾਰੀ ਵੇਚੀ ਜਾ ਚੁੱਕੀ ਹੈ। ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੇ ਹੋਰ ਵੀ ਸੌਦੇ ਹੋਣ ਦੀ ਉਮੀਦ ਹੈ।

ਅੰਬਾਨੀ ਨੇ ਪਿਛਲੇ ਸਾਲ ਅਗਸਤ 'ਚ ਟੀਚਾ ਤੈਅ ਕੀਤਾ ਸੀ ਕਿ ਉਨ੍ਹਾਂ ਨੂੰ ਮਾਰਚ 2021 ਤੱਕ ਰਿਲਾਇੰਸ ਇੰਡਸਟਰੀਜ਼ ਨੂੰ ਕਰਜ਼ਾ ਮੁਕਤ ਕੰਪਨੀ ਬਣਾਉਣਾ ਹੈ। ਇਨ੍ਹਾਂ ਸੌਦਿਆਂ ਨੂੰ ਵੇਖਦੇ ਹੋਏ ਅੰਬਾਨੀ ਦਾ ਟੀਚਾ ਇਸ ਸਾਲ ਦਸੰਬਰ ਤੱਕ ਪੂਰਾ ਹੋ ਜਾਣ ਦਾ ਅਨੁਮਾਨ ਹੈ। ਮਾਰਚ ਤਿਮਾਹੀ ਦੇ ਅੰਤ 'ਚ ਰਿਲਾਇੰਸ ਕੋਲ 1,75,259 ਕਰੋੜ ਰੁਪਏ ਦੀ ਨਕਦੀ ਸੀ ਅਤੇ ਉਸ 'ਤੇ 3,36,294 ਕਰੋੜ ਰੁਪਏ ਦਾ ਕਰਜ਼ਾ ਬਾਕੀ ਸੀ।

ਇਸ ਤਰ੍ਹਾਂ ਮਾਰਚ ਆਖਿਰ 'ਚ ਕੰਪਨੀ 'ਤੇ ਕੁਲ ਸ਼ੁੱਧ ਕਰਜ਼ਾ ਭਾਰ 1,61,035 ਕਰੋੜ ਰੁਪਏ ਸੀ। ਰਿਲਾਇੰਸ ਇੰਡਸਟਰੀਜ਼ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ ਨੇ ਕਿਹਾ,''ਮੈਂ ਕਈ ਦਹਾਕਿਆਂ ਤੋਂ ਜਨਰਲ ਅਟਲਾਂਟਿਕ ਨੂੰ ਜਾਣਦਾ ਹਾਂ ਅਤੇ ਭਾਰਤ ਦੀਆਂ ਤੇਜ਼ ਵਾਧੇ ਦੀਆਂ ਸੰਭਾਵਨਾਵਾਂ 'ਚ ਉਸ ਦੇ ਭਰੋਸੇ ਦਾ ਕਾਇਲ ਰਿਹਾ ਹਾਂ। ਅਸੀਂ ਜਨਰਲ ਅਟਲਾਂਟਿਕ ਦੀ ਸਾਬਤ ਕੌਮਾਂਤਰੀ ਮੁਹਾਰਤ ਅਤੇ ਤਕਨੀਕੀ 'ਚ ਨਿਵੇਸ਼ ਕਰਨ ਦੇ 40 ਸਾਲ ਦੇ ਰਣਨੀਤਕ ਅਨੁਭਵ ਦਾ ਜੀਓ ਦੇ ਹਿੱਤ 'ਚ ਲਾਭ ਚੁੱਕਣ ਨੂੰ ਲੈ ਕੇ ਉਤਸ਼ਾਹਿਤ ਹਾਂ।


Karan Kumar

Content Editor

Related News