NDTV ਮਾਲਕ ਖਿਲਾਫ FIR ਦਰਜ, ਪਤਨੀ ਤੇ ਹੋਰਾਂ 'ਤੇ ਵੀ ਕਾਰਵਾਈ

08/21/2019 2:46:53 PM

ਨਵੀਂ ਦਿੱਲੀ—  ਸੀ. ਬੀ. ਆਈ. ਨੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਐੱਨ. ਡੀ. ਟੀ. ਵੀ. ਦੇ ਮਾਲਕ ਪ੍ਰਣਯ ਰਾਏ ਖਿਲਾਫ ਕੇਸ ਦਰਜ ਕੀਤਾ ਹੈ। 

 

ਰਿਪੋਰਟਾਂ ਮੁਤਾਬਕ, ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਅਤੇ ਐੱਨ. ਡੀ. ਟੀ. ਵੀ. ਦੇ ਸਾਬਕਾ ਸੀ. ਈ. ਓ. ਵਿਕਰਮਾਦਿੱਤਿਆ ਚੰਦਰ ਅਤੇ ਹੋਰਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੀ 9 ਤਰੀਕ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਐੱਨ. ਡੀ. ਟੀ. ਵੀ. ਦੇ ਸੰਸਥਾਪਕ ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਨੂੰ ਮੁੰਬਈ ਹਵਾਈ ਅੱਡੇ 'ਤੇ ਵਿਦੇਸ਼ ਜਾਣ ਤੋਂ ਰੋਕ ਦਿੱਤਾ ਗਿਆ ਸੀ।

ਜੂਨ 2019 'ਚ ਭਾਰਤੀ ਸਿਕਓਰਿਟੀਜ਼ ਐਕਸਚੇਂਜ ਬੋਰਡ (ਸੇਬੀ) ਨੇ ਰਾਏ ਜੋੜੇ ਤੇ ਪੂੰਜੀ ਬਾਜ਼ਾਰ 'ਚ ਉਨ੍ਹਾਂ ਦੀ ਹੋਲਡਿੰਗ ਫਰਮ 'ਤੇ ਦੋ ਸਾਲ ਲਈ ਰੋਕ ਦਿੱਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੰਪਨੀ 'ਚ ਕਿਸੇ ਵੀ ਬੋਰਡ ਜਾਂ ਉੱਚ ਪ੍ਰਬੰਧਨ ਦੀ ਭੂਮਿਕਾ 'ਚ ਸ਼ਾਮਲ ਨਹੀਂ ਹੋਣ ਦੇ ਹੁਕਮ ਦਿੱਤੇ ਗਏ ਸਨ। ਸੀ. ਬੀ. ਆਈ. ਦੀ ਨਵੀਂ ਐੱਫ. ਆਰ. ਆਈ. 'ਤੇ ਐੱਨ. ਡੀ. ਟੀ. ਵੀ. ਨੇ ਇਕ ਬਿਆਨ 'ਚ ਕਿਹਾ ਕਿ ਐੱਨ. ਡੀ. ਟੀ. ਵੀ. ਤੇ ਇਸ ਦੇ ਸੰਸਥਾਪਕਾਂ ਨੂੰ ਇਸ ਅਹਿਮ ਸਮੇਂ 'ਤੇ ਭਾਰਤ ਦੀ ਨਿਆਂ ਪਾਲਿਕਾ 'ਤੇ ਪੂਰਾ ਭਰੋਸਾ ਹੈ ਤੇ ਉਹ ਕੰਪਨੀ ਦੀ ਪੱਤਰਕਾਰੀ ਦੀ ਅਖੰਡਤਾ ਪ੍ਰਤੀ ਵਚਨਬੱਧ ਹਨ।ਕੰਪਨੀ ਨੇ ਬਿਆਨ 'ਚ ਕਿਹਾ ਕਿ ਖਰਾਬ ਤੇ ਝੂਠੇ ਦੋਸ਼ਾਂ ਰਾਹੀਂ ਆਜ਼ਾਦ ਤੇ ਨਿਰਪੱਖ ਰਿਪੋਰਟਾਂ ਨੂੰ ਖਾਮੋਸ਼ ਕਰਨ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ।


Related News