ਬਾਰਡਰ ਰੇਂਜ ਦੀ ਵੱਡੀ ਕਾਰਵਾਈ, 16,850 ਲਿਟਰ ਲਾਹਣ ਤੇ ਨਸ਼ੀਲੇ ਪਦਾਰਥ ਸਮੇਤ 13 ਗ੍ਰਿਫ਼ਤਾਰ, 17 ਕੇਸ ਦਰਜ
Monday, May 13, 2024 - 12:16 PM (IST)
ਅੰਮ੍ਰਿਤਸਰ (ਇੰਦਰਜੀਤ)-ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਦੌਰਾਨ ਪੁਲਸ ਨੇ 17 ਕੇਸ ਦਰਜ ਕਰ ਕੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਸਖ਼ਤ ਕਾਰਵਾਈ ਕਾਰਨ ਅੱਜ 4 ਜ਼ਿਲ੍ਹਿਆਂ ’ਚ ਅਪਰਾਧਿਕ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਬੀਤੇ ਦਿਨ ਐਤਵਾਰ ਨੂੰ ਅੰਮ੍ਰਿਤਸਰ ਬਾਰਡਰ ਰੇਂਜ ਅਧੀਨ ਆਉਂਦੇ ਜ਼ਿਲ੍ਹਿਆਂ ਦੀਆਂ ਪੁਲਸ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਇਹ ਕਾਰਵਾਈ ਕੀਤੀ। ਇਨ੍ਹਾਂ ਚਾਰ ਪੁਲਸ ਜ਼ਿਲ੍ਹਿਆਂ ’ਚ ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਬਾਰਡਰ ਰੇਂਜ ਪੁਲਸ ਦੇ ਕੈਪਟਨ ਡੀ. ਆਈ. ਜੀ. ਰਾਕੇਸ਼ ਕੌਸ਼ਲ ਨੇ ਦੱਸਿਆ ਕਿ ਇਸ ਮੁਹਿੰਮ ’ਚ ਐੱਸ. ਐੱਸ. ਪੀ. ਪਠਾਨਕੋਟ ਸੋਹੇਲ ਕਾਸਿਮ ਮੀਰ, ਪਠਾਨਕੋਟ ਤੋਂ ਦਾਇਮਾ ਹਰੀਸ਼ ਕੁਮਾਰ, ਬਟਾਲਾ ਤੋਂ ਅਸ਼ਵਿਨੀ ਗੋਟਿਆਲ ਅਤੇ ਅੰਮ੍ਰਿਤਸਰ ਦਿਹਾਤੀ ਤੋਂ ਸਤਿੰਦਰ ਸਿੰਘ ਫੀਲਡ ’ਚ ਜਾਣ ਵਾਲੀਆਂ ਟੀਮਾਂ ਨੂੰ ਕਮਾਂਡ ਦੇ ਰਹੇ ਸਨ।
ਇਹ ਵੀ ਪੜ੍ਹੋ- ਲਹਿੰਦੇ ਪੰਜਾਬ 'ਚ ਨਾਬਾਲਗ ਕੁੜੀ ਦਾ ਨਿਕਾਹ ਕਰਵਾਉਣ ਵਾਲੇ ਰਜਿਸਟਰਾਰ 'ਤੇ ਹੁਣ ਹੋਵੇਗੀ ਕਾਰਵਾਈ
ਡੀ. ਆਈ. ਜੀ. ਨੇ ਦੱਸਿਆ ਕਿ 4 ਜ਼ਿਲ੍ਹਿਆਂ ਦੀ ਸਾਂਝੀ ਕਾਰਵਾਈ ਕਰ ਕੇ 2.87 ਲੱਖ ਐੱਮ. ਐੱਲ. ਨਾਜਾਇਜ਼ ਸ਼ਰਾਬ, 16 ਹਜ਼ਾਰ 850 ਲਿਟਰ ਲਾਹਣ, 159 ਨਸ਼ੀਲੀਆਂ ਗੋਲੀਆਂ ਅਤੇ ਅਪਰਾਧਿਕ ਗਤੀਵਿਧੀਆਂ ’ਚ ਵਰਤੀ ਜਾਂਦੀ ਇਕ ਗੱਡੀ ਬਰਾਮਦ ਕੀਤੀ ਹੈ। ਉਥੇ ਕੁਝ ਥਾਵਾਂ ’ਤੇ ਚੱਲ ਰਹੀਆਂ ਸ਼ਰਾਬ ਦੀਆਂ ਭੱਠੀਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਹੱਦੀ ਰੇਂਜ ਅਧੀਨ ਆਉਂਦੇ ਦਿਹਾਤੀ ਖੇਤਰਾਂ ’ਚ ਜਨਤਾ ਅਤੇ ਪੁਲਸ ਦਰਮਿਆਨ ਬਰਾਬਰ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਜੇਕਰ ਉਹ ਕਿਸੇ ਵੀ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇਖਦੇ ਹਨ ਤਾਂ ਤੁਰੰਤ ਪੁਲਸ ਨਾਲ ਸੰਪਰਕ ਕਰਨ। ਇਸ ਲਈ ਸਾਰੇ ਜ਼ਿਲ੍ਹਿਆਂ ਦੇ ਐੱਸ. ਐੱਸ. ਪੀ. ਪੂਰੀ ਤਰ੍ਹਾਂ ਸਰਗਰਮ ਹਨ ਅਤੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਫੀਲਡ ’ਚ ਹਨ। ਇੱਥੋਂ ਤੱਕ ਕਿ ਪੰਜਾਬ ਪੁਲਸ ਵੱਲੋਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੂੰ ਵੀ ਆਮ ਲੋਕਾਂ ਤੋਂ ਮਦਦ ਲੈਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਂਝੇ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪੁਲਸ ਨੂੰ ਅਪਰਾਧੀਆਂ ਅਤੇ ਨਸ਼ਿਆਂ ਖ਼ਿਲਾਫ਼ ਵੱਡੀ ਸਫ਼ਲਤਾ ਮਿਲ ਰਹੀ ਹੈ।
ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ
ਪਿਛਲੇ 45 ਦਿਨਾਂ ਤੋਂ ਕੀਤੀ ਜਾ ਰਹੀ ਹੈ ਲਗਾਤਾਰ ਕਾਰਵਾਈ
-ਬਾਰਡਰ ਰੇਂਜ ਪੁਲਸ ਵੱਲੋਂ ਡੀ. ਆਈ. ਜੀ. ਰਾਕੇਸ਼ ਕੌਸ਼ਲ ਦੀ ਕਮਾਂਡ ਹੇਠ ਅਪਰਾਧੀਆਂ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ।
-ਮਾਰਚ ਦੇ ਤੀਜੇ ਹਫ਼ਤੇ ’ਚ 1200 ਜਵਾਨਾਂ ਦੀ ਕਾਰਵਾਈ ਦੌਰਾਨ 48 ਗ੍ਰਿਫਤਾਰ, 12.69 ਲੱਖ ਮਿਲੀਲਿਟਰ ਸ਼ਰਾਬ, 51 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ।
-ਮਾਰਚ ਦੇ ਆਖਰੀ ਹਫ਼ਤੇ ’ਚ 30 ਗ੍ਰਿਫ਼ਤਾਰ, 34 ਕੇਸ ਦਰਜ, 2 ਵਾਹਨ ਜ਼ਬਤ, 3.6 ਲੱਖ ਮਿਲੀ ਲਿਟਰ ਸ਼ਰਾਬ ਬਰਾਮਦ।
-ਅਪ੍ਰੈਲ ਦੇ ਦੂਜੇ ਹਫ਼ਤੇ ਵੱਖ-ਵੱਖ ਮਾਮਲਿਆਂ ’ਚ ਪੀ. ਓ. ਹੋਏ 614 ਕਾਬੂ, 112 ਮੁਕੱਦਮੇ ਦਰਜ।
-ਅਪ੍ਰੈਲ ਦੇ ਆਖਰੀ ਹਫ਼ਤੇ ’ਚ 8.13 ਕਿਲੋ ਹੈਰੋਇਨ ਬਰਾਮਦ, 3 ਅੰਤਰਰਾਸ਼ਟਰੀ ਸਮੱਗਲਰ ਕਾਬੂ, 5 ਲੱਖ ਦੀ ਡਰੱਗ ਮਨੀ ਬਰਾਮਦ।
ਇਹ ਵੀ ਪੜ੍ਹੋ- ਚੋਣ ਡਿਊਟੀ ਦੀ ਰਿਹਰਸਲ 'ਚ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀ ਹੋ ਜਾਣ ਸਾਵਧਾਨ, ਹਦਾਇਤਾਂ ਹੋਈਆਂ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8