ਵਿਆਹੁਤਾ ਦੀ ਮੌਤ ਨੂੰ ਲੈ ਕੇ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ
Wednesday, May 15, 2024 - 05:15 PM (IST)

ਕੁਰਾਲੀ (ਬਠਲਾ) : ਸ਼ਹਿਰ ਦੇ ਵਾਰਡ ਨੰਬਰ-10 ’ਚ ਵਿਆਹੁਤਾ ਨੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਸਬੰਧੀ ਪੁਲਸ ਨੇ ਮ੍ਰਿਤਕਾ ਦੇ ਪਤੀ ਅਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਨਵਨੀਤ ਕੌਰ ਦਾ ਵਿਆਹ 2022 ’ਚ ਕੁਰਾਲੀ ਦੇ ਕੁਲਜਿੰਦਰ ਸਿੰਘ ਨਾਲ ਹੋਇਆ ਸੀ। ਉਹ 2016 ਤੋਂ ਆਸਟ੍ਰੇਲੀਆ ’ਚ ਸੀ ਅਤੇ ਉਸ ਨੇ ਨਵਨੀਤ ਨੂੰ ਵਿਆਹ ਤੋਂ ਬਾਅਦ ਆਸਟ੍ਰੇਲੀਆ ਲੈ ਜਾਣ ਦਾ ਭਰੋਸਾ ਦਿੱਤਾ ਸੀ, ਪਰ ਉਹ ਨਹੀਂ ਲੈ ਕੇ ਗਿਆ।
ਉਨ੍ਹਾਂ ਦੱਸਿਆ ਕਿ 2023 ’ਚ ਭਾਰਤ ਆਉਣ ਤੋਂ ਬਾਅਦ ਕੁਲਜਿੰਦਰ ਸਿੰਘ ਨੇ ਨਵਨੀਤ ਨੂੰ ਫੇਸਬੁੱਕ, ਇੰਸਟਾਗ੍ਰਾਮ ਆਦਿ ਦੀ ਵਰਤੋਂ ਕਰਨ ਤੋਂ ਰੋਕਿਆ ਅਤੇ ਨੌਕਰੀ ਛੱਡਣ ਲਈ ਦਬਾਅ ਪਾਇਆ। ਇਸ ਤੋਂ ਬਾਅਦ ਉਹ ਵਾਪਸ ਆਸਟ੍ਰੇਲੀਆ ਚਲਾ ਗਿਆ ਤੇ ਬਾਅਦ ’ਚ ਸੱਸ ਅਮਰਜੀਤ ਕੌਰ ਨੇ ਨਵਨੀਤ ਨੂੰ ਨੌਕਰੀ ਛੱਡਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਸ਼ਿਕਾਇਤ ’ਚ ਕਿਹਾ ਕਿ ਨਵਨੀਤ ਦੀ ਸੱਸ ਦਾ ਬੀਤੀ ਸਵੇਰੇ 7 ਵਜੇ ਫੋਨ ਆਇਆ ਕਿ ਨਵਨੀਤ ਆਪਣੇ ਕਮਰੇ ’ਚ ਸੌਂ ਰਹੀ ਹੈ ਤੇ ਦਰਵਾਜ਼ਾ ਨਹੀਂ ਖੋਲ੍ਹ ਰਹੀ।
ਫਿਰ ਫੋਨ ਆਇਆ ਕਿ ਨਵਨੀਤ ਨੇ ਪੱਖੇ ਨਾਲ ਫ਼ਾਹਾ ਲੈ ਲਿਆ ਹੈ। ਇਸ ਦੌਰਾਨ ਜਦੋਂ ਉਹ ਇੱਥੇ ਪੁੱਜੇ ਤਾਂ ਨਵਨੀਤ ਦੀ ਲਾਸ਼ ਬੈੱਡ ’ਤੇ ਪਈ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕਾ ਦੇ ਆਸਟ੍ਰੇਲੀਆ ਰਹਿੰਦੇ ਪਤੀ ਕੁਲਜਿੰਦਰ ਸਿੰਘ ਤੇ ਸੱਸ ਅਮਰਜੀਤ ਕੌਰ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।