ਕੰਟੇਨਰਾਂ ਦੀ ਉੱਚ ਲਾਗਤ ਨਾਲ ਦੇਸ਼ ਦੀ ਬਰਾਮਦ ਪ੍ਰਭਾਵਿਤ : ਟੀ. ਪੀ. ਸੀ. ਆਈ.

Tuesday, Aug 10, 2021 - 04:52 PM (IST)

ਕੰਟੇਨਰਾਂ ਦੀ ਉੱਚ ਲਾਗਤ ਨਾਲ ਦੇਸ਼ ਦੀ ਬਰਾਮਦ ਪ੍ਰਭਾਵਿਤ : ਟੀ. ਪੀ. ਸੀ. ਆਈ.

ਨਵੀਂ ਦਿੱਲੀ- ਕੰਟੇਨਰ ਭਾੜੇ ਵਿਚ ਨਿਰੰਤਰ ਵਾਧਾ ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਘਰੇਲੂ ਉਤਪਾਦਾਂ ਦੀ ਕੁੱਲ ਲਾਗਤ ਵਧਾ ਰਿਹਾ ਹੈ। ਟ੍ਰੇਡ ਪ੍ਰਮੋਸ਼ਨ ਕੌਂਸਲ ਆਫ ਇੰਡੀਆ (ਟੀ. ਪੀ. ਸੀ. ਆਈ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟੀ. ਪੀ. ਸੀ. ਆਈ. ਨੇ ਕਿਹਾ ਕਿ ਇਸ ਨਾਲ ਭਾਰਤੀ ਉਤਪਾਦਾਂ ਦੀ ਮੁਕਾਬਲੇਬਾਜ਼ੀ ਘੱਟ ਰਹੀ ਹੈ ਅਤੇ ਸਾਮਾਨਾਂ ਦੀ ਬਰਾਮਦ ਪ੍ਰਭਾਵਿਤ ਹੋ ਰਹੀ ਹੈ। ਟੀ. ਪੀ. ਸੀ. ਆਈ. ਨੇ ਕਿਹਾ ਕਿ ਸਾਰੇ ਸੇਵਾ ਪ੍ਰਦਾਤਾਵਾਂ ਦੀ ਕੰਟੇਨਰ ਢੁਆਈ ਦੀਆਂ ਹਾਜ਼ਰ ਦਰਾਂ ਨਵੇਂ ਰਿਕਾਰਡ 'ਤੇ ਪਹੁੰਚ ਗਈਆਂ ਹਨ।

ਕੌਂਸਲ ਨੇ ਇਕ ਬਿਆਨ ਵਿਚ ਕਿਹਾ, "ਉਦਯੋਗ ਇਸ ਸਥਿਤੀ ਨੂੰ ਲੈ ਕੇ ਚਿੰਤਤ ਹੈ। ਜੇਕਰ ਇਹ ਸਥਿਤੀ ਬਣੀ ਰਹੀ ਤਾਂ ਭਾਰਤ ਤੋਂ ਸਾਮਾਨ ਬਰਾਮਦ ਕਰਨ ਦੀ ਲਾਗਤ ਪੰਜ ਤੋਂ ਅੱਠ ਫ਼ੀਸਦੀ ਤੱਕ ਵੱਧ ਜਾਏਗੀ। ਇਸ ਨਾਲ ਬਰਾਮਦ 'ਤੇ ਵੀ ਅਸਰ ਪਵੇਗਾ। ਉੱਚੀ ਲਾਗਤ ਕਾਰਨ ਭਾਰਤੀ ਉਤਪਾਦਾਂ ਦੀ ਮੰਗ ਸੁਸਤ ਪਵੇਗੀ।"

ਕੌਂਸਲ ਨੇ ਐੱਸ. ਐੱਲ. ਟੀ. ਫੂਡ ਇੰਕ ਦੇ ਸੰਦੀਪ ਪਟੇਲ ਅਤੇ ਅਮਰੀਕਾ ਆਧਾਰਿਤ ਟੀ. ਪੀ. ਸੀ. ਆਈ. ਦੇ ਇਕ ਮੈਂਬਰ ਦੇ ਹਵਾਲੇ ਨਾਲ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਭਾਰਤ ਤੋਂ ਉੱਤਰੀ ਅਮਰੀਕਾ ਲਈ 20 ਫੁੱਟ ਦੇ ਕੰਟੇਨਰ ਦੀ ਔਸਤ ਦਰ 1,800 ਡਾਲਰ ਸੀ, ਜੋ ਅੱਜ ਵੱਧ ਕੇ 6,000 ਡਾਲਰ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਪਟੇਲ ਨੇ ਕਿਹਾ ਕਿ ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ 2020 ਦੀ ਪਹਿਲੀ ਛਿਮਾਹੀ ਵਿਚ ਸੰਸਾਰਕ ਅਰਥਵਿਵਸਥਾ ਵਿਚ ਤਾਲਾਬੰਦੀ ਲੱਗਣੀ ਸ਼ੁਰੂ ਹੋਈ। ਸੇਵੀਅਨ ਸਿਰੇਮਿਕਸ (ਕਿਯੂ-ਬੀਓ) ਦੇ ਬਰਾਮਦ ਵਿਕਰੀ ਨਿਰਦੇਸ਼ਕ ਸ਼੍ਰੀਕਾਂਤ ਦੇਵਹਿਤਕਾ ਨੇ ਕਿਹਾ ਕਿ ਗੁਜਰਾਤ ਦੀ ਮੁੰਦੜਾ ਬੰਦਰਗਾਹ ਤੋਂ ਅਮਰੀਕਾ ਲਈ ਬਾਜ਼ਾਰ ਖੁੱਲ੍ਹਣ ਪਿੱਛੋਂ ਸਮੁੰਦਰੀ ਢੁਆਈ ਲਾਗਤ ਲਗਾਤਾਰ ਵੱਧ ਰਹੀ ਹੈ। ਛੇ ਮਹੀਨੇ ਪਹਿਲਾਂ ਇਹ 2,000 ਤੋਂ 2,200 ਡਾਲਰ ਸੀ, ਜੋ ਹੁਣ ਵੱਧ ਕੇ 10,000 ਤੋਂ 11,000 ਡਾਲਰ 'ਤੇ ਪਹੁੰਚ ਗਈ ਹੈ।


author

Sanjeev

Content Editor

Related News