ਕੰਢੀ ਨਹਿਰ ਵਿਚੋਂ 22 ਸਾਲਾ ਨੌਜਵਾਨ ਦੀ ਲਾਸ਼ ਬਰਾਮਦ, ਫੈਲੀ ਸਨਸਨੀ
Thursday, Nov 13, 2025 - 03:39 PM (IST)
ਹਾਜੀਪੁਰ (ਜੋਸ਼ੀ) : ਪੁਲਸ ਸਟੇਸ਼ਨ ਹਾਜੀਪੁਰ ਅਧੀਨ ਪੈਂਦੇ ਪਿੰਡ ਸੀਪਰੀਆਂ ਨੇੜੇ ਕੰਢੀ ਨਹਿਰ ਵਿਚੋਂ ਅੱਜ 12 ਨਵੰਬਰ ਦੀ ਸ਼ਾਮ ਨੂੰ ਡੁੱਬੇ 22 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਸਾਨੂੰ 12 ਨਵੰਬਰ ਦੀ ਸ਼ਾਮ ਨੂੰ ਜਿਉਂ ਹੀ ਇਕ ਨੌਜਵਾਨ ਦੇ ਕੰਢੀ ਨਹਿਰ ਵਿਚ ਡਿੱਗਣ ਦੀ ਸੂਚਨਾ ਮਿਲੀ ਸੀ, ਉਸੇ ਸਮੇਂ ਤੋਂ ਹੀ ਸਾਡੀ ਪੁਲਸ ਟੀਮ ਲੋਕਾਂ ਦੇ ਸਹਿਯੋਗ ਨਾਲ ਨੌਜਵਾਨ ਦੀ ਭਾਲ ਵਿਚ ਜੁਟੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਅੱਜ ਉਸ ਨੌਜਵਾਨ ਦੀ ਲਾਸ਼ ਪਿੰਡ ਸੀਪਰੀਆਂ ਨੇੜੇ ਕੰਢੀ ਨਹਿਰ ਵਿਚੋਂ ਬਰਾਮਦ ਕਰ ਲਈ ਗਈ ਹੈ। ਜਿਸ ਦੀ ਪਛਾਣ ਪ੍ਰਦੀਪ ਸਿੰਘ (22) ਪੁੱਤਰ ਸੁਲਖਨ ਸਿੰਘ, ਵਾਸੀ ਪਿੰਡ ਸਿੰਘਪੁਰ ਜੱਟਾਂ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
