ਯੂਰਪੀ ਸੰਘ ਦਾ ਟਰੰਪ 'ਤੇ ਪਲਟਵਾਰ, ਵਿਸਕੀ-ਬਾਈਕ 'ਤੇ ਲਈ ਇੰਪੋਰਟ ਡਿਊਟੀ

06/22/2018 1:00:14 PM

ਨਵੀਂ ਦਿੱਲੀ— ਇੰਪੋਰਟ ਡਿਊਟੀ 'ਤੇ ਛਿੜੀ ਜੰਗ ਨੂੰ ਲੈ ਕੇ ਯੂਰਪੀ ਸੰਘ ਨੇ ਵੀ ਹੁਣ ਅਮਰੀਕਾ 'ਤੇ ਪਲਟਵਾਰ ਕੀਤਾ ਹੈ। ਸ਼ੁੱਕਰਵਾਰ ਨੂੰ ਯੂਰਪੀ ਸੰਘ ਨੇ ਕਈ ਅਮਰੀਕੀ ਚੀਜ਼ਾਂ 'ਤੇ ਇੰਪੋਰਟ ਡਿਊਟੀ ਲਾਗੂ ਕਰ ਦਿੱਤੀ ਹੈ, ਜੋ ਟਰੰਪ ਲਈ ਰਾਜਨੀਤਕ ਪੱਖੋਂ ਵੀ ਅਹਿਮ ਹਨ। ਯੂਰਪੀ ਸੰਘ ਕਈ ਅਮਰੀਕੀ ਉਤਪਾਦਾਂ ਦੀ ਦਰਾਮਦ 'ਤੇ ਹੁਣ 25 ਫੀਸਦੀ ਇੰਪੋਰਟ ਡਿਊਟੀ ਵਸੂਲਣਾ ਸ਼ੁਰੂ ਕਰ ਦੇਵੇਗਾ। ਯੂਰਪੀ ਸੰਘ ਨੇ ਇਹ ਕਦਮ ਅਮਰੀਕਾ ਵੱਲੋਂ ਇਸ ਮਹੀਨੇ ਦੀ ਸ਼ੁਰੂਆਤ 'ਚ ਯੂਰਪੀ ਸਟੀਲ ਅਤੇ ਐਲੂਮੀਨੀਅਮ 'ਤੇ ਲਗਾਈ ਗਈ ਇੰਪੋਰਟ ਡਿਊਟੀ ਦੇ ਜਵਾਬ 'ਚ ਚੁੱਕਿਆ ਹੈ। ਯੂਰਪੀ ਸੰਘ ਨੇ ਜਵਾਬੀ ਕਾਰਵਾਈ 'ਚ 3.2 ਅਰਬ ਡਾਲਰ ਦੇ ਅਮਰੀਕੀ ਉਤਪਾਦਾਂ 'ਤੇ ਡਿਊਟੀ ਵਧਾਈ ਹੈ। ਇਨ੍ਹਾਂ 'ਚ ਬਰਬਨ ਵਿਸਕੀ, ਮੋਟਰਸਾਈਕਲ ਅਤੇ ਬਲਿਊ ਜੀਨਸ ਸ਼ਾਮਲ ਹਨ। ਇਸ ਦੇ ਇਲਾਵਾ ਇਨ੍ਹਾਂ 'ਚ ਮੱਕੀ, ਮੂੰਗਫਲੀ, ਸੰਤਰੇ ਦਾ ਜੂਸ ਵਰਗੇ ਖੇਤੀਬਾੜੀ ਪ੍ਰਾਡਕਟਸ ਵੀ ਸ਼ਾਮਲ ਹਨ। ਯੂਰਪੀ ਸੰਘ ਦੇ ਇਸ ਕਦਮ ਨਾਲ ਜਿੱਥੇ ਅਮਰੀਕੀ ਕਾਰੋਬਾਰ ਅਤੇ ਕਿਸਾਨ ਪ੍ਰਭਾਵਿਤ ਹੋਣਗੇ, ਉੱਥੇ ਹੀ ਯੂਰਪੀ ਦੇਸ਼ਾਂ 'ਚ ਬਰਬਨ ਵਿਸਕੀ ਅਤੇ ਬਾਈਕ ਦੇ ਸ਼ੌਕੀਨਾਂ ਦਾ ਮਜ਼ਾ ਫਿੱਕਾ ਹੋ ਜਾਵੇਗਾ।

ਕੈਨੇਡਾ ਵੀ ਲਾਵੇਗਾ ਅਮਰੀਕੀ ਪ੍ਰਾਡਕਟਸ 'ਤੇ ਡਿਊਟੀ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੂਨ ਦੀ ਸ਼ੁਰੂਆਤ 'ਚ ਯੂਰਪੀ ਸੰਘ, ਕੈਨੇਡਾ ਅਤੇ ਮੈਕਸਿਕੋ ਤੋਂ ਆਉਣ ਵਾਲੇ ਸਟੀਲ ਅਤੇ ਐਲੂਮੀਨੀਅਮ 'ਤੇ ਕ੍ਰਮਵਾਰ 25 ਫੀਸਦੀ ਅਤੇ 10 ਫੀਸਦੀ ਡਿਊਟੀ ਲਾਈ ਹੈ। ਮੈਕਸਿਕੋ ਪਹਿਲਾਂ ਹੀ ਜਵਾਬੀ ਕਦਮ ਚੁੱਕਾ ਹੈ, ਜਦੋਂ ਕਿ ਕੈਨੇਡਾ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਤਿਆਰੀ 'ਚ ਹੈ। ਕੈਨੇਡਾ ਨੇ ਐਲਾਨ ਕੀਤਾ ਹੈ ਕਿ ਉਹ 1 ਜੁਲਾਈ ਤੋਂ 12.5 ਅਰਬ ਡਾਲਰ ਦੇ ਅਮਰੀਕੀ ਇੰਪੋਰਟ 'ਤੇ ਜਵਾਬੀ ਡਿਊਟੀ ਲਾਵੇਗਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਵੀ 29 ਅਮਰੀਕੀ ਉਤਪਾਦਾਂ 'ਤੇ ਇੰਪੋਰਟੀ ਡਿਊਟੀ ਵਧਾ ਦਿੱਤੀ ਹੈ। ਜਿਨ੍ਹਾਂ 'ਚ ਖੇਤੀਬਾੜੀ ਚੀਜ਼ਾਂ, ਸਟੀਲ ਅਤੇ ਲੋਹੇ ਦੇ ਉਤਪਾਦ ਸ਼ਾਮਲ ਹਨ। ਭਾਰਤ ਵੱਲੋਂ ਵਧਾਈ ਗਈ ਡਿਊਟੀ 4 ਅਗਸਤ ਤੋਂ ਲਾਗੂ ਹੋ ਜਾਵੇਗੀ ਅਤੇ ਇਸ ਨਾਲ ਅਮਰੀਕੀ ਬਦਾਮ, ਅਖਰੋਟ ਅਤੇ ਮਟਰ ਦੀ ਬਰਾਮਦ ਸਭ ਤੋਂ ਵਧ ਪ੍ਰਭਾਵਿਤ ਹੋਵੇਗੀ। ਭਾਰਤ ਦੇ ਇਸ ਕਦਮ ਦਾ ਬਦਾਮ ਦੀ ਖੇਤੀ ਕਰਨ ਵਾਲੇ ਅਮਰੀਕੀ ਕਿਸਾਨਾਂ 'ਤੇ ਸਭ ਤੋਂ ਵਧ ਅਸਰ ਪਵੇਗਾ ਕਿਉਂਕਿ ਭਾਰਤ ਅਮਰੀਕਾ ਦੇ ਬਦਾਮ ਦਾ ਵੱਡਾ ਖਰੀਦਦਾਰ ਰਿਹਾ ਹੈ। ਟਰੰਪ ਨੇ ਟੈਰਿਫ ਵਾਰ ਦੀ ਸ਼ੁਰੂਆਤ ਮਾਰਚ 'ਚ ਸਟੀਲ ਅਤੇ ਐਲੂਮੀਨੀਅਮ 'ਤੇ ਇੰਪੋਰਟ ਡਿਊਟੀ ਵਧਾ ਕੀਤੀ ਸੀ, ਜਿਸ 'ਚ ਪਹਿਲਾਂ ਕੈਨੇਡਾ, ਯੂਰਪੀ ਸੰਘ ਅਤੇ ਮੈਕਸਿਕੋ ਨੂੰ ਥੋੜ੍ਹੀ ਦੇਰ ਲਈ ਛੋਟ ਦਿੱਤੀ ਗਈ ਸੀ ਪਰ ਪਹਿਲੀ ਜੂਨ ਤੋਂ ਇਨ੍ਹਾਂ 'ਤੇ ਵੀ ਡਿਊਟੀ ਲਾਗੂ ਕਰ ਦਿੱਤੀ ਗਈ।


Related News