ਚੋਣ ਡਿਊਟੀ ''ਚ ਪੁੱਜੇ ਪੁਲਸ ਮੁਲਾਜ਼ਮ ਦੇ ਸਿਰ ''ਚ ਲੱਗੀ ਗੋਲ਼ੀ, ਮੌਕੇ ''ਤੇ ਮੌਤ
Saturday, Jun 01, 2024 - 07:10 PM (IST)
ਤਰਨਤਾਰਨ (ਰਮਨ) : ਲੋਕ ਸਭਾ ਚੋਣਾਂ ਦੌਰਾਨ ਚੋਣ ਅਮਲੇ ਨਾਲ ਤੈਨਾਤ ਕੀਤੇ ਗਏ ਸੁਰੱਖਿਆ ਕਰਮਚਾਰੀ ਦੀ ਸ਼ੱਕੀ ਹਾਲਾਤ ਵਿਚ ਸਰਕਾਰੀ ਹਥਿਆਰ ਨਾਲ ਗੋਲ਼ੀ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੌਰਾਨ ਸਬੰਧਤ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਿਟੀ ਪੱਟੀ ਦੀ ਪੁਲਸ ਨੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਇਲੀਅਸ ਕੁਲਬੀਰ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਗਹਿਰੀ ਮੰਡੀ ਜ਼ਿਲਾ ਅੰਮ੍ਰਿਤਸਰ ਜੋ ਪੁਲਸ ਲਾਈਨ ਤਰਨਤਾਰਨ ਵਿਖੇ ਬਤੌਰ ਲੋਕਲ ਰੈਂਕ ਏਐੱਸਆਈ ਤੈਨਾਤ ਸੀ ਅਤੇ ਇਸ ਦੀ ਵਿਧਾਨ ਸਭਾ ਹਲਕਾ ਪੱਟੀ ਵਿਚ ਚੋਣ ਅਮਲੇ ਨਾਲ ਲੋਕ ਸਭਾ ਚੋਣਾਂ ਨੂੰ ਲੈ ਕੇ ਡਿਊਟੀ ਲਗਾਈ ਗਈ ਸੀ। ਬੀਤੇ ਕੱਲ ਸ਼ਾਮ ਜਦੋਂ ਇਕ ਨਿੱਜੀ ਕਾਲਜ ਵਿਚ ਚੋਣ ਅਮਲੇ ਨੂੰ ਈਵੀਐੱਮ ਮਸ਼ੀਨਾਂ ਅਤੇ ਹੋਰ ਸਮੱਗਰੀ ਜਾਰੀ ਕੀਤੀ ਜਾ ਰਹੀ ਸੀ, ਦੌਰਾਨ ਸੰਬੰਧਤ ਉਕਤ ਮੁਲਾਜ਼ਮ ਦੀ ਸੁਰੱਖਿਆ ਸਬੰਧੀ ਪਾਰਟੀ ਨਾਲ ਡਿਊਟੀ ਲਗਾਈ ਗਈ ਸੀ। ਜਦੋਂ ਚੋਣ ਅਮਲੇ ਨਾਲ ਉਕਤ ਮੁਲਾਜ਼ਮ ਨੂੰ ਭੇਜਣ ਲਈ ਉਸਦੀ ਭਾਲ ਸ਼ੁਰੂ ਕੀਤੀ ਤਾਂ ਉਸਦੀ ਲਾਸ਼ ਨਿੱਜੀ ਕਾਲਜ ਦੇ ਨਜ਼ਦੀਕ ਇਕ ਹਵੇਲੀ ਵਿਚੋਂ ਖੂਨ ਨਾਲ ਲੱਥ ਪੱਥ ਬਰਾਮਦ ਹੋਈ।
ਪੁਲਸ ਮੁਲਾਜ਼ਮ ਦੇ ਸਿਰ ਵਿਚ ਗੋਲੀ ਲੱਗਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ ਜਿਸਦੇ ਕੋਲ ਉਸਦਾ ਸਰਕਾਰੀ ਹਥਿਆਰ ਵੀ ਮੌਜੂਦ ਸੀ। ਸੂਤਰਾਂ ਤੋਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਕਤ ਮੁਲਾਜ਼ਮ ਦੀ ਮੌਤ ਅਚਾਨਕ ਹੋਈ ਹੈ ਜਿਸ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।