ਭਾਜਪਾ ਦੀ ਇਕੱਲੇ ਚਲੋ ਦੀ ਨੀਤੀ ਦੇ ਵਿਰੁੱਧ ਹੈ ਸੰਘ, ਕੀ ਲੰਬੇ ਸਮੇਂ ਤੱਕ ਚੱਲੇਗਾ ਇਹ ਟਕਰਾਅ!

06/19/2024 10:34:21 AM

ਨੈਸ਼ਨਲ ਡੈਸਕ : ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਵਿਚਾਲੇ ਚੱਲ ਰਹੇ ਟਕਰਾਅ ਤੋਂ ਇਕ ਗੱਲ ਤਾਂ ਸਾਫ਼ ਹੈ ਕਿ ਇਹ ਟਕਰਾਅ ਲੰਬੇ ਸਮੇਂ ਤੱਕ ਚੱਲ ਸਕਦਾ ਹੈ। ਹੁਣ ਤੱਕ ਜੋ ਸੰਘ ਮੁਖੀ ਅਤੇ ਹੋਰ ਅਹੁਦੇਦਾਰਾਂ ਦੇ ਬਿਆਨ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹੀ ਪਤਾ ਲੱਗਦਾ ਹੈ ਕਿ ਭਾਜਪਾ ਹੰਕਾਰ ਕਾਰਨ ਲੋਕ ਸਭਾ ’ਚ ਬਹੁਮਤ ਹਾਸਲ ਨਹੀਂ ਕਰ ਸਕੀ ਹੈ। ਸੰਘ ਲਗਾਤਾਰ ਭਾਜਪਾ ਨੂੰ ਉਸ ਦੀਆਂ ਕਮਜ਼ੋਰੀਆਂ ਦਾ ਅਹਿਸਾਸ ਕਰਵਾ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੀ ਭਾਜਪਾ ਸੰਘ ਨੂੰ ਨਜ਼ਰਅੰਦਾਜ਼ ਕਰ ਕੇ ਆਪਣੇ ਰਸਤੇ ’ਤੇ ਚੱਲੇਗੀ ਅਤੇ PM ਨਰਿੰਦਰ ਮੋਦੀ ਮਹਾਰਾਸ਼ਟਰ, ਝਾਰਖੰਡ ਅਤੇ ਹਰਿਆਣਾ ਅਤੇ ਅਗਲੇ ਸਾਲ ਦਿੱਲੀ ਅਤੇ ਬਿਹਾਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸੰਘ ਤੋਂ ਬਿਨਾਂ ਇਹ ਸਾਬਤ ਕਰਣਗੇ ਕਿ ਮੋਦੀ ਮੈਜਿਕ ਅਜੇ ਖ਼ਤਮ ਨਹੀਂ ਹੋਇਆ ਹੈ? ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸੰਘ ਇੰਨਾ ਚਾਹੁੰਦਾ ਹੈ ਕਿ ਭਾਜਪਾ ਇਕੱਲੇ ਚੱਲੋ ਦੀ ਨੀਤੀ ਛੱਡ ਕੇ ਦੇਸ਼ ਦੇ ਵੱਡੇ ਮੁੱਦਿਆਂ ’ਤੇ ਵਿਰੋਧੀ ਧਿਰ ਨੂੰ ਵੀ ਨਾਲ ਲੈ ਕੇ ਚੱਲੇ।

ਇਹ ਵੀ ਪੜ੍ਹੋ - ਵੱਡੀ ਖ਼ਬਰ : PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ, ਕਿਸਾਨਾਂ ਦੇ ਖਾਤਿਆਂ 'ਚ ਆਏ 2-2 ਹਜ਼ਾਰ ਰੁਪਏ

ਨੱਡਾ ਦੇ ਬਿਆਨ ’ਤੇ RSS ਸਾਫ ਕਰ ਚੁੱਕਾ ਹੈ ਸਟੈਂਡ
ਆਪਣੇ ਇਕ ਲੇਖ ਵਿਚ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਕਹਿੰਦੀ ਹੈ ਕਿ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨੇ ਚੋਣਾਂ ਦੌਰਾਨ ਹੀ ਸੰਘ ਨੂੰ ਪ੍ਰੇਸ਼ਾਨ ਕਰਨ ਵਾਲੀ ਕੋਈ ਗੱਲ ਕਹੀ ਸੀ। ਨੱਡਾ ਨੇ ਕਿਹਾ ਸੀ ਕਿ ਭਾਜਪਾ ਆਪਣੇ ਪੈਰਾਂ ’ਤੇ ਖੜ੍ਹੀ ਹੈ ਅਤੇ ਉਸ ਨੂੰ ਸੰਘ ਦੀ ਲੋੜ ਨਹੀਂ ਹੈ। ਸੰਘ ਵੀ ਇਸ ਦਾ ਜਵਾਬ ਦੇਣ ਤੋਂ ਬਾਜ਼ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕਦੇ ਵੀ ਆਰ. ਐੱਸ. ਐੱਸ. ਨੂੰ ਆਪਣੀ ਫੀਲਡ ਫੋਰਸ ਸਮਝਣ ਦੀ ਗਲਤੀ ਨਾ ਕਰੇ। ਤਾਂ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਆਰ. ਐੱਸ. ਐੱਸ. ਅਤੇ ਭਾਜਪਾ ਦੇ ਰਿਸ਼ਤੇ ’ਚ ਥੋੜੀ ਖਟਾਸ ਪੈਦਾ ਕਰ ਦਿੱਤੀ ਹੈ।

ਭਾਗਵਤ ਦਾ ਵਿਰੋਧੀ ਧਿਰ ਨੂੰ ਮੁਕਾਬਲੇਬਾਜ਼ ਕਹਿਣ ਦਾ ਮਤਲਬ
ਨੀਰਜਾ ਚੌਧਰੀ ਕਹਿੰਦੀ ਹੈ ਕਿ ਆਰ. ਐੱਸ. ਐੱਸ. ਭਾਵੇਂ ਹੀ ਭਾਜਪਾ ਲੀਡਰਸ਼ਿਪ ਦੇ ਰਵੱਈਏ ਤੋਂ ਨਾਰਾਜ਼ ਹੋਵੇ ਪਰ ਉਸ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਲੀਡਰਸ਼ਿਪ ਨੇ ਆਪਣੇ ਸਦੀਆਂ ਪੁਰਾਣੇ ਏਜੰਡੇ ਨੂੰ ਪੂਰਾ ਕੀਤਾ ਹੈ। ਉਹ ਇਹ ਵੀ ਜਾਣਦਾ ਹੈ ਕਿ ਇਹ ਇੰਦਰਾ ਦੇ ਜ਼ਮਾਨੇ ਦੀ ਕਾਂਗਰਸ ਨਹੀਂ ਹੈ, ਜਿਸ ਲਈ ਚਾਲਾਂ ਖੇਡ ਕੇ ਭਾਜਪਾ ਨੂੰ ਫੌਰੀ ਤੌਰ ’ਤੇ ਸਬਕ ਸਿਖਾਇਆ ਜਾ ਸਕੇ। ਇਹ ਵੱਖਰੀ ਗੱਲ ਹੈ ਕਿ ਆਰ. ਐੱਸ. ਐੱਸ. ਮੁਖੀ ਭਾਗਵਤ ਨੇ ਵਿਰੋਧੀ ਧਿਰ ਨੂੰ ਮੁਕਾਬਲੇਬਾਜ਼ ਦੱਸ ਕੇ ਕਾਂਗਰਸ ਲਈ ਇਕ ਸੰਦੇਸ਼ ਦਿੱਤਾ ਹੈ ਪਰ ਉਨ੍ਹਾਂ ਨੂੰ ਇਹ ਵੀ ਪਤਾ ਹੈ ਕਿ ਰਾਹੁਲ ਗਾਂਧੀ ਦੀ ਕਾਂਗਰਸ ਨੇ ਕਿਹੜੀ ਦਿਸ਼ਾ ਲਈ ਹੋਈ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

ਆਰ. ਐੱਸ. ਐੱਸ. ਇੰਦਰਾ ਦਾ ਵੀ ਕਰ ਚੁੱਕੀ ਹੈ ਸਮਰਥਨ
ਆਰ. ਐੱਸ. ਐੱਸ. ਇੰਦਰਾ ਗਾਂਧੀ ਨੂੰ ਹਿੰਦੂ ਨੇਤਾ ਮੰਨਦੀ ਸੀ। ਇਸ ਕਾਰਨ ਆਰ. ਐੱਸ. ਐੱਸ ਨੇ 1980 ਦੀਆਂ ਚੋਣਾਂ ’ਚ ਇੰਦਰਾ ਗਾਂਧੀ ਦੀ ਜਿੱਤ ਯਕੀਨੀ ਬਣਾਉਣ ’ਚ ਮਦਦ ਕੀਤੀ। 1984 ’ਚ ਇੰਦਰਾ ਦੀ ਹੱਤਿਆ ਤੋਂ ਬਾਅਦ ਆਰ. ਐੱਸ. ਐੱਸ. ਦਾ ਸਮਰਥਨ ਰਾਜੀਵ ਗਾਂਧੀ ਨੂੰ ਵੀ ਮਿਲਦਾ ਰਿਹਾ ਪਰ 2024 ਦੀ ਕਾਂਗਰਸ 1970-80 ਦੇ ਦਹਾਕੇ ਤੋਂ ਬਿਲਕੁਲ ਵੱਖਰੀ ਹੈ। ਰਾਹੁਲ ਗਾਂਧੀ ਨੇ ਕੱਟੜ ਖੱਬੇਪੱਖੀ ਵਿਚਾਰਧਾਰਾ ਅਪਣਾਈ ਹੋਈ ਹੈ ਅਤੇ ਉਨ੍ਹਾਂ ਦੀ ਅਸਿੱਧੀ ਅਗਵਾਈ ਹੇਠ ਕਾਂਗਰਸ ਕਦੇ ਵੀ ਹਿੰਦੂ ਹਿੱਤਾਂ ਬਾਰੇ ਸੋਚ ਵੀ ਨਹੀਂ ਸਕਦੀ।

ਵੱਡੇ ਨੇਤਾਵਾਂ ਦਾ ਘਟ ਰਿਹਾ ਹੈ ਵੱਕਾਰ
ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਦੀ ਮੰਨੀਏ ਤਾਂ ਸੰਘ ਸਿਰਫ ਇੰਨਾ ਚਾਹੁੰਦਾ ਹੈ ਕਿ ਭਾਜਪਾ ਲੀਡਰਸ਼ਿਪ ‘ਇਕੱਲੇ ਚਲੋ’ ਦੀ ਨੀਤੀ ਤੋਂ ਹਟ ਜਾਵੇ ਅਤੇ ਵੱਡੇ ਮੁੱਦਿਆਂ ’ਤੇ ਸਾਰਿਆਂ ਨੂੰ ਭਾਵ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲੇ। ਆਰ. ਐੱਸ. ਐੱਸ. ਦੀ ਇੱਛਾ ਹੈ ਕਿ ਇਕੱਲੇ ਦਮ ’ਤੇ ਸਰਕਾਰ ਬਣਾਉਣ ’ਚ ਅਸਮਰਥ ਸਾਬਿਤ ਹੋਈ ਭਾਜਪਾ ’ਚ ਵੱਡੇ ਨੇਤਾਵਾਂ ਦਾ ਹਿੱਸਾ ਵਧੇ, ਜੋ ਪਿਛਲੇ 10 ਸਾਲਾਂ ਵਿਚ ਹੌਲੀ-ਹੌਲੀ ਘਟਦਾ ਜਾ ਰਿਹਾ ਹੈ। ਆਰ. ਐੱਸ. ਐੱਸ. ਇਹ ਵੀ ਨਹੀਂ ਭੁੱਲ ਸਕਦਾ ਹੈ ਕਿ ਭਾਵੇਂ ਜੰਮੂ-ਕਸ਼ਮੀਰ ’ਚ ਲਾਗੂ ਆਰਟੀਕਲ 370 ਨੂੰ ਖ਼ਤਮ ਕਰਨ ਜਾਂ ਅਯੁੱਧਿਆ ’ਚ ਸ਼ਾਨਦਾਰ ਰਾਮ ਮੰਦਰ ਦੇ ਨਿਰਮਾਣ ਨਾਲ ਸਦੀਆਂ ਪੁਰਾਣਾ ਵਿਵਾਦ ਸੁਲਝਾਉਣ ਦੀ ਗੱਲ ਹੋਵੇ, ਇਹ ਮੋਦੀ-ਸ਼ਾਹ ਦੀ ਅਗਵਾਈ ਵਾਲੀ ਭਾਜਪਾ ਸੀ, ਜਿਸ ਨੇ ਸੰਘ ਦੇ ਮੂਲ ਏਜੰਡੇ ਨੂੰ ਪੂਰਾ ਕੀਤਾ ਹੈ। ਮੋਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਯੂਨੀਫਾਰਮ ਸਿਵਲ ਕੋਡ (ਯੂ. ਸੀ. ਸੀ.) ’ਤੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਸੀ ਕਿ ਅਗਲੀ ਸਰਕਾਰ ’ਚ ਇਸ ਨੂੰ ਲਾਗੂ ਕਰਨ ਲਈ ਗੰਭੀਰ ਕਦਮ ਚੁੱਕੇ ਜਾਣਗੇ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਦਿੱਲੀ ਏਅਰਪੋਰਟ ਤੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸੰਗਠਨ ਸਰਕਾਰ ਦੇ ਨਿਰਦੇਸ਼ਾਂ ’ਤੇ ਫ਼ੈਸਲੇ ਨਾ ਕਰੇ
ਇਸ ਸਭ ਦੇ ਬਾਵਜੂਦ ਆਰ. ਐੱਸ. ਐੱਸ. ਨੂੰ ਭਾਜਪਾ ਨਾਲ ਜੋ ਇਕ ਵੱਡੀ ਸ਼ਿਕਾਇਤ ਹੈ, ਉਹ ਇਹ ਕਿ ਪਾਰਟੀ ਦਾ ਸੰਗਠਨ ਸਰਕਾਰ ਦੀ ਹਾਂ ’ਚ ਹਾਂ ਮਿਲਾਉਣ ਵਾਲਾ ‘ਯੈੱਸ ਮੈਨ’ ਬਣ ਗਿਆ ਹੈ। ਇਸੇ ਲਈ ਆਰ. ਐੱਸ. ਐੱਸ. ਦੇ ਸੁਧਾਰ ਏਜੰਡੇ ’ਚ ਇਹ ਗੱਲ ਸਭ ਤੋਂ ਉੱਪਰ ਹੈ ਕਿ ਭਾਜਪਾ ਸੰਗਠਨ ਨੂੰ ਮੋਦੀ ਸਰਕਾਰ ਤੋਂ ਵੱਖ ਕੀਤਾ ਜਾਵੇ। ਸੰਗਠਨ ਆਪਣੇ ਫੈਸਲੇ ਖੁਦ ਲਵੇ ਨਾ ਕਿ ਸਰਕਾਰ ਦੀਆਂ ਹਦਾਇਤਾਂ ’ਤੇ। ਹਾਂ, ਸਰਕਾਰ ਨਾਲ ਸੰਗਠਨ ਦਾ ਤਾਲਮੇਲ ਬੇਹੱਦ ਜ਼ਰੂਰੀ ਹੈ ਅਤੇ ਇਸ ਦਾ ਧਿਆਨ ਜ਼ਰੂਰ ਰੱਖਿਆ ਜਾਵੇਗਾ।

ਉਂਝ ਵੀ ਜੇ. ਪੀ. ਨੱਡਾ ਦਾ ਕਾਰਜਕਾਲ ਇਸ ਮਹੀਨੇ ਖਤਮ ਹੋ ਜਾਵੇਗਾ। ਦੂਜੇ ਪਾਸੇ ਆਰ. ਐੱਸ. ਐੱਸ. ਦੀ ਮਰਜ਼ੀ ਹੈ ਕਿ ਯੋਗੀ ਆਦਿੱਤਿਆਨਾਥ ਦੀ ਚਮਕ ਉੱਤਰ ਪ੍ਰਦੇਸ਼ ਤੋਂ ਬਾਹਰ ਵੀ ਫੈਲੇ। ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੀ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਬੰਦ ਕਮਰਾ ਮੀਟਿੰਗਾਂ ਸ਼ਾਇਦ ਇਸੇ ਦਿਸ਼ਾ ’ਚ ਹੋਈਆਂ ਹਨ। ਦੂਜੇ ਪਾਸੇ ਦੱਤਾਤ੍ਰੇਅ ਹੋਸਬੋਲੇ, ਅਰੁਣ ਕੁਮਾਰ, ਸੁਰੇਸ਼ ਸੋਨੀ ਵਰਗੇ ਆਰ. ਐੱਸ. ਐੱਸ. ਨੇਤਾਵਾਂ ਦੇ ਨਾਲ-ਨਾਲ ਬੀ. ਐੱਲ ਸੰਤੋਸ਼, ਜੇ. ਪੀ. ਨੱਡਾ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਵਰਗੇ ਭਾਜਪਾ ਨੇਤਾਵਾਂ ਦੇ ਨਾਲ ਹੋਈਆਂ ਮੀਟਿੰਗਾਂ ਦਾ ਵੀ ਆਪਣਾ ਮਹੱਤਵ ਹੈ।

ਇਹ ਵੀ ਪੜ੍ਹੋ - 30 ਜੂਨ ਨੂੰ PM Modi ਕਰਨਗੇ 'ਮਨ ਕੀ ਬਾਤ', ਦੇਸ਼ ਵਾਸੀਆਂ ਤੋਂ ਮੰਗਣਗੇ ਸੁਝਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News