BCCI ਨੇ IPL ਦੇ ਮੈਦਾਨ ਕਰਮਚਾਰੀਆਂ ਤੇ ਕਿਊਰੇਟਰਾਂ ਲਈ ਨਕਦ ਇਨਾਮ ਦਾ ਕੀਤਾ ਐਲਾਨ
Monday, May 27, 2024 - 08:23 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਉਨ੍ਹਾਂ ਨੂੰ ‘ਗੁੰਮਨਾਮ ਹੀਰੋ’ ਦੱਸਦੇ ਹੋਏ ਸੋਮਵਾਰ ਨੂੰ ਐਲਾਨ ਕੀਤਾ ਕਿ ਸਾਰੇ 10 ਨਿਯਮਤ ਆਈ. ਪੀ. ਐੱਲ. ਸਥਾਨਾਂ ਦੇ ਮੈਦਾਨ ਕਰਮਚਾਰੀਆਂ ਤੇ ਕਿਊਰੇਟਰਾਂ ਨੂੰ ਲੀਗ ਦੌਰਾਨ ‘ਸ਼ਾਨਦਾਰ ਪਿੱਚਾਂ’ ਮੁਹੱਈਆ ਕਰਵਾਉਣ ਲਈ ਸ਼ਲਾਘਾ ਦੇ ਤੌਰ ’ਤੇ 25-25 ਲੱਖ ਰੁਪਏ ਦਿੱਤੇ ਜਾਣਗੇ।
ਸ਼ਾਹ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਸਾਡੇ ਸਫਲ ਟੀ-20 ਸੈਸ਼ਨ ਦੇ ਗੁੰਮਨਾਮ ਹੀਰੋ ਮੈਦਾਨ ਕਰਮਚਾਰੀ ਹਨ, ਜਿਨ੍ਹਾਂ ਨੇ ਖਰਾਬ ਮੌਸਮ ਵਿਚ ਵੀ ਸ਼ਾਨਦਾਰ ਪਿੱਚਾਂ ਪ੍ਰਦਾਨ ਕਰਨ ਲਈ ਅਣਥੱਕ ਕੋਸ਼ਿਸ਼ ਕੀਤੀ।’’ ਸ਼ਾਹ ਨੇ ਲਿਖਿਆ, ‘‘ਸਾਡੀ ਸ਼ਲਾਘਾ ਦੇ ਪ੍ਰਤੀਕ ਦੇ ਤੌਰ ’ਤੇ 10 ਨਿਯਮਤ ਆਈ. ਪੀ. ਐੱਲ. ਸਥਾਨਾਂ ’ਤੇ ਮੈਦਾਨ ਕਰਮਚਾਰੀਆਂ ਤੇ ਕਿਊਰੇਟਰਾਂ ਨੂੰ 25 ਲੱਖ ਰੁਪਏ ਮਿਲਣਗੇ ਤੇ ਤਿੰਨ ਵਾਧੂ ਸਥਾਨਾਂ ’ਤੇ 10 ਲੱਖ ਰੁਪਏ ਮਿਲਣਗੇ। ਤੁਹਾਡੇ ਸਮਰਪਣ ਤੇ ਸਖਤ ਮਿਹਨਤ ਲਈ ਧੰਨਵਾਦ।’’ ਆਈ. ਪੀ. ਐੱਲ. ਦੇ 10 ਨਿਯਮਤ ਸਥਾਨ ਮੁੰਬਈ, ਦਿੱਲੀ, ਚੇਨਈ, ਕੋਲਕਾਤਾ, ਚੰਡੀਗੜ੍ਹ, ਹੈਦਰਾਬਾਦ, ਬੈਂਗਲੁਰੂ, ਲਖਨਊ, ਅਹਿਮਦਾਬਾਦ ਤੇ ਜੈਪੁਰ ਹਨ। ਇਸ ਸਾਲ ਵਾਧੂ ਆਯੋਜਨ ਸਥਾਨ ਗੁਹਾਟੀ, ਵਿਸ਼ਾਖਾਪਟਨਮ ਤੇ ਧਰਮਸ਼ਾਲਾ ਸਨ।