ਪੇਂਡੂ ਚੌਂਕੀਦਾਰਾਂ ਵੱਲੋਂ ਚੋਣ ਡਿਊਟੀ ਦਾ ਕੀਤਾ ਜਾਵੇਗਾ ਬਾਈਕਾਟ

Friday, May 31, 2024 - 05:38 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ (ਸੀਟੂ) ਪੰਜਾਬ ਨਾਲ ਸੰਬੰਧਿਤ ਪੇਂਡੂ ਚੌਂਕੀਦਾਰਾਂ ਵੱਲੋਂ ਮੌਜੂਦਾ ਲੋਕ ਸਭਾ ਚੋਣਾਂ ’ਚ ਚੋਣ ਡਿਊਟੀ ਦਾ ਬਾਈਕਾਟ ਕੀਤਾ ਗਿਆ ਹੈ। ਇਸ ਸਬੰਧੀ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ, ਸੂਬਾ ਜਨਰਲ ਸਕੱਤਰ ਦੇਵੀਦਾਸ ਮਿਆਣੀ, ਸੂਬਾ ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਨੰਗਲ ਕਲਾਲਾ ਵੱਲੋਂ ਪ੍ਰੈਸ ਦੇ ਨਾਂ ’ਤੇ ਜਾਰੀ ਕੀਤੇ ਗਏ ਸਾਂਝੇ ਤੌਰ ’ਤੇ ਬਿਆਨ ’ਚ ਲੋਕ ਸਭਾ ਚੋਣਾਂ ’ਚ ਡਿਊਟੀ ਨਾ ਕਰਨ ਦੀ ਗੱਲ ਕਹੀ ਗਈ ਹੈ। ਜਾਰੀ ਪ੍ਰੈਸ ਬਿਆਨ ’ਚ ਯੂਨੀਅਨ ਦੇ ਉਕਤ ਆਗੂਆਂ ਨੇ ਦੱਸਿਆ ਕਿ ਪੇਂਡੂ ਚੌਂਕੀਦਾਰਾਂ ਨੂੰ ਚੋਣ ਕਮਿਸ਼ਨ ਪੰਜਾਬ, ਜ਼ਿਲ੍ਹਾ ਚੋਣ ਅਫਸਰ ਜਾਂ ਅਸਿਸਟੈਂਟ ਰਿਟਰਨਿੰਗ ਅਫਸਰ ਵੱਲੋਂ ਚੋਣ ਡਿਊਟੀ ਕਰਨ ਸਬੰਧੀ ਕੋਈ ਵੀ ਲਿਖ਼ਤੀ ਤੌਰ ’ਤੇ ਹੁਕਮ ਜਾਰੀ ਨਹੀਂ ਕੀਤਾ ਗਿਆ ਜਦਕਿ ਪੇਂਡੂ ਚੌਂਕੀਦਾਰਾਂ ਵੱਲੋਂ ਲਗਾਤਾਰ ਮੀਟਿੰਗਾਂ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਸਬੰਧੀ ਆਪਣੀ ਆਵਾਜ਼ ਚੁੱਕੀ ਗਈ ਸੀ ਅਤੇ ਇਸੇ ਮੰਗ ਨੂੰ ਲੈ ਕੇ ਯੂਨੀਅਨ ਦੇ ਆਗੂ ਚੋਣ ਕਮਿਸ਼ਨ ਪੰਜਾਬ ਨਾਲ ਮੁਲਾਕਾਤ ਵੀ ਕਰ ਚੁੱਕੇ ਹਨ ਪਰ ਸਿਰਫ਼ ਭਰੋਸੇ ਤੋਂ ਇਲਾਵਾ ਉਨ੍ਹਾਂ ਨੂੰ ਕੋਈ ਵੀ ਲਿਖ਼ਤੀ ਤੌਰ ’ਤੇ ਚੋਣ ਡਿਊਟੀ ਕਰਨ ਵਾਸਤੇ ਹੁਕਮ ਜਾਂ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ, ਜਿਸ ਕਾਰਨ ਸੂਬੇ ਭਰ ਦੇ ਪੇਂਡੂ ਚੌਂਕੀਦਾਰ ਨਿਰਾਸ਼ਾ ਦੇ ਆਲਮ ’ਚ ਹਨ। ਇਸ ਮੌਕੇ ਸੂਬਾ ਪ੍ਰਧਾਨ ਪਰਮਜੀਤ ਨੀਲੋਂ ਤੇ ਸੂਬਾ ਜਨਰਲ ਸਕੱਤਰ ਦੇਵੀਦਾਸ ਮਿਆਣੀ ਨੇ ਦੱਸਿਆ ਕਿ ਚੋਣ ਡਿਊਟੀ ਕਰਨ ਵਾਸਤੇ ਪੇਂਡੂ ਚੌਕੀਦਾਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਮਾਣ ਭੱਤਾ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਜਦਕਿ ਬਾਕੀ ਦੇ ਸਮੁੱਚੇ ਚੋਣ ਅਮਲੇ ਨੂੰ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਚੋਣ ਡਿਊਟੀ ਦਾ ਮਾਣ ਭੱਤਾ ਦਿੱਤਾ ਜਾਂਦਾ।

ਇਹ ਖ਼ਬਰ ਵੀ ਪੜ੍ਹੋ :  ਪੰਜਾਬ 'ਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਮੁਕੰਮਲ, 2 ਕਰੋੜ ਤੋਂ ਵੱਧ ਵੋਟਰ ਪਾਉਣਗੇ ਆਪਣੀ ਵੋਟ 

ਇਸ ਕਰਕੇ ਯੂਨੀਅਨ ਨੇ ਇਹ ਫੈਸਲਾ ਕੀਤਾ ਹੈ ਕਿ 1 ਜੂਨ ਨੂੰ ਪੰਜਾਬ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਪੇਂਡੂ ਚੌਂਕੀਦਾਰ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਜਾਂ ਡਿਊਟੀ ਨਹੀਂ ਕਰਨਗੇ। ਉਕਤ ਆਗੂਆਂ ਨੇ ਹੋਰ ਕਿਹਾ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਚੋਣ ਕਮਿਸ਼ਨ ਪੰਜਾਬ ਜਾਂ ਜ਼ਿਲ੍ਹਾ ਚੋਣ ਅਫਸਰ ਵੱਲੋਂ ਲਿਖ਼ਤੀ ਤੌਰ ’ਤੇ ਹੁਕਮ ਜਾਰੀ ਹੁੰਦੇ ਹਨ ਤਾਂ ਉਹ ਚੋਣ ਡਿਊਟੀ ’ਚ ਆਪਣੀਆਂ ਸੇਵਾਵਾਂ ਦੇਣਗੇ ਨਹੀਂ ਤਾਂ ਉਨ੍ਹਾਂ ਵੱਲੋਂ ਚੋਣ ਡਿਊਟੀ ਦਾ ਪੱਕੇ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਹੋਰ ਕਿਹਾ ਕਿ ਲਾਲ ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਵਾਸਤੇ ਪਹਿਲ ਕਦਮੀ ਨਹੀਂ ਕੀਤੀ, ਇਸ ਕਾਰਨ ਵੀ ਪੇਂਡੂ ਚੌਂਕੀਦਾਰ ਨਿਰਾਸ਼ਾ ਅਤੇ ਆਲਮ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਚਰਨਜੀਤ ਚੰਨੀ ਅਤੇ ਪਵਨ ਕੁਮਾਰ ਟੀਨੂੰ ਨਾਲ ਮੁਕਾਬਲੇ ’ਤੇ ਬੋਲੇ ਸੁਸ਼ੀਲ ਰਿੰਕੂ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News