ਦੇਸ਼ ਕੋਲ ਕਣਕ ਦਾ ਲੋੜੀਂਦਾ ਭੰਡਾਰ, ਫਿਲਹਾਲ ਦਰਾਮਦ ਡਿਊਟੀ ’ਚ ਬਦਲਾਅ ਦੀ ਕੋਈ ਯੋਜਨਾ ਨਹੀਂ : ਸਰਕਾਰ
Friday, Jun 14, 2024 - 10:28 AM (IST)
ਨਵੀਂ ਦਿੱਲੀ (ਭਾਸ਼ਾ) - ਕਣਕ ਦੀਆਂ ਵਧਦੀਆਂ ਕੀਮਤਾਂ ’ਤੇ ਸਰਕਾਰ ਦਾ ਬਿਆਨ ਸਾਹਮਣੇ ਆਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹ ਕੀਮਤਾਂ ’ਤੇ ਨਜ਼ਰ ਰੱਖ ਰਹੀ ਹੈ। ਅਜੇ ਫਿਲਹਾਲ ਕਣਕ ’ਤੇ ਦਰਾਮਦ ਡਿਊਟੀ ਘਟਾਉਣ ਦਾ ਕੋਈ ਵਿਚਾਰ ਨਹੀਂ ਹੈ।
ਇਸ ਵਾਰ ਕਣਕ ਦੀ ਪੈਦਾਵਾਰ 112 ਮਿਲੀਅਨ ਮੀਟ੍ਰਿਕ ਟਨ ਹੋਈ ਹੈ। ਕਿਸੇ ਵੀ ਸਰਕਾਰੀ ਸਕੀਮ ਲਈ ਕਣਕ ਦੀ ਕੋਈ ਕਮੀ ਨਹੀਂ ਆਉਣ ਵਾਲੀ ਹੈ। ਸਰਕਾਰ ਦਾ ਕਹਿਣਾ ਹੈ ਕਿ ਹੁਣ ਤੱਕ ਐੱਫ. ਸੀ. ਆਈ. ਨੇ 266 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਕੇਂਦਰ ਸਰਕਾਰ ਕਣਕ ਦੀਆਂ ਕੀਮਤਾਂ ’ਤੇ ਨਜ਼ਰ ਰੱਖ ਰਹੀ ਹੈ।
ਕੀ ਕਹਿੰਦੀ ਹੈ ਰਿਪੋਰਟ?
ਕਣਕ ਦਾ ਸਟਾਕ ਪੂਰਾ ਕਰਨ ਲਈ ਸਰਕਾਰ ਲਗਾਤਾਰ ਕਣਕ ਦੀ ਖਰੀਦ ਕਰ ਰਹੀ ਹੈ। ਹੁਣ ਤੱਕ ਸਰਕਾਰ 26 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀ ਹੈ, ਜਦਕਿ ਟੀਚਾ 372 ਲੱਖ ਟਨ ਹੈ।
ਇੰਨਾ ਹੀ ਨਹੀਂ ਸਰਕਾਰ ਨੇ ਕਣਕ ਦੀ ਖਰੀਦ ਦਾ ਸਮਾਂ ਵੀ 22 ਜੂਨ ਤੱਕ ਵਧਾ ਦਿੱਤਾ ਹੈ। ਹਾਲਾਂਕਿ ਕਣਕ ਮੰਡੀਆਂ ’ਚ ਇੰਨੀ ਜ਼ਿਆਦਾ ਨਹੀਂ ਪਹੁੰਚ ਰਹੀ ਹੈ। ਜੇਕਰ ਅਜਿਹੇ ਹੀ ਹਾਲਾਤ ਬਣੇ ਰਹੇ ਤਾਂ ਸਰਕਾਰ ਨੂੰ ਗਰੀਬਾਂ ਨੂੰ ਅਨਾਜ ਵੰਡਣ ਲਈ ਤੁਰੰਤ ਕਣਕ ਦੀ ਦਰਾਮਦ ਕਰਨੀ ਪਵੇਗੀ।
ਬੀਤੇ ਕੁਝ ਸਾਲਾਂ ’ਚ ਭਾਰਤ ਦੀ ਕਣਕ ਬਰਾਮਦ ਵਧੀ ਹੈ, ਜਦਕਿ ਭਾਰਤ ਨੇ ਆਖਰੀ ਵਾਰ ਆਸਟ੍ਰੇਲੀਆ ਅਤੇ ਯੂਕ੍ਰੇਨ ਤੋਂ 2017-18 ਵਿਚ 15 ਲੱਖ ਟਨ ਕਣਕ ਦੀ ਦਰਾਮਦ ਕੀਤੀ ਸੀ।
ਉਥੇ ਹੀ 2021-22 ਵਿਚ ਦੇਸ਼ ’ਚੋਂ 80 ਲੱਖ ਟਨ, 2022-23 ’ਚ 55 ਲੱਖ ਟਨ ਅਤੇ 2023-24 ਵਿਚ 5 ਲੱਖ ਟਨ ਕਣਕ ਐਕਸਪੋਰਟ ਕੀਤੀ ਗਈ ਸੀ। ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਸਰਕਾਰ ਇਸ ਨੂੰ ਮੁੜ ਦੁਹਰਾਏਗੀ ਯਾਨੀ ਆਸਟ੍ਰੇਲੀਆ ਜਾਂ ਫਿਰ ਯੂਕਰੇਨ ਤੋਂ ਕਣਕ ਦੀ ਖਰੀਦ ਕਰੇਗੀ?
ਹੁਣ ਮਹਿੰਗਾ ਹੋਵੇਗਾ ਆਟਾ
ਇਸ ਸਮੇਂ ਕਣਕ ਦੀ ਖੁੱਲ੍ਹੀ ਬਾਜ਼ਾਰ ’ਚ ਕੀਮਤ 2600 ਤੋਂ 2700 ਰੁਪਏ ਕੁਇੰਟਲ ਹੈ। ਅਜਿਹੇ ’ਚ ਮਹਿੰਗੀ ਕਣਕ ਤੋਂ ਬਣਿਆ ਆਟਾ ਵੀ ਮਹਿੰਗਾ ਹੋਵੇਗਾ। ਮਾਹਿਰਾਂ ਅਨੁਸਾਰ ਇਸ ਨਾਲ ਆਉਣ ਵਾਲੇ 15 ਦਿਨਾਂ ’ਚ ਆਟਾ 31 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦਾ ਹੈ, ਜੋ ਇਸ ਸਮੇਂ 28 ਰੁਪਏ ਕਿਲੋ ਹੈ। ਕਣਕ ਦੀਆਂ ਕੀਮਤਾਂ ’ਤੇ ਕੰਟਰੋਲ ਲਈ ਸਰਕਾਰ ਨੇ ਵਪਾਰੀਆਂ ਲਈ ਸਟਾਕ ਲਿਮਿਟ ਲਾ ਦਿੱਤੀ ਹੈ। ਹੁਣ ਉਹ 5000 ਕੁਇੰਟਲ ਤੋਂ ਵੱਧ ਮਾਤਰਾ ’ਚ ਕਣਕ ਸਟੋਰ ਨਹੀਂ ਕਰ ਸਕਦੇ ਹਨ।