EPFO ਨੇ ਮਈ ’ਚ ਸ਼ੁੱਧ ਤੌਰ ’ਤੇ ਰਿਕਾਰਡ 19.5 ਲੱਖ ਮੈਂਬਰ ਜੋੜੇ

Sunday, Jul 21, 2024 - 05:50 PM (IST)

ਨਵੀਂ ਦਿੱਲੀ (ਭਾਸ਼ਾ) - ਰਿਟਾਇਰਮੈਂਟ ਫੰਡ ਦਾ ਪ੍ਰਬੰਧਨ ਕਰਨ ਵਾਲੀ ਸੰਸਥਾ ਈ. ਪੀ. ਐੱਫ. ਓ. ਨੇ ਮਈ 2024 ’ਚ ਸ਼ੁੱਧ ਤੌਰ ’ਤੇ ਰਿਕਾਰਡ 19.50 ਲੱਖ ਮੈਂਬਰਾਂ ਨੂੰ ਜੋੜਿਆ। ਕਿਰਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।

ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਅਪ੍ਰੈਲ 2018 ’ਚ ਜਦੋਂ ਪਹਿਲੀ ਵਾਰ ਪੇਰੋਲ ਅੰਕੜੇ ਜਾਰੀ ਹੋਏ, ਉਦੋਂ ਤੋਂ ਸਮੀਖਿਆ ਅਧੀਨ ਮਹੀਨੇ ’ਚ ਸਭ ਤੋਂ ਜ਼ਿਆਦਾ ਮੈਂਬਰ ਵਧੇ। ਸਾਲਾਨਾ ਆਧਾਰ ’ਤੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਮਈ 2023 ਦੇ ਮੁਕਾਬਲੇ ਸ਼ੁੱਧ ਤੌਰ ’ਤੇ ਮੈਂਬਰਾਂ ਦੀ ਗਿਣਤੀ 19.62 ਫ਼ੀਸਦੀ ਵਧੀ। ਬਿਆਨ ’ਚ ਕਿਹਾ ਗਿਆ ਕਿ ਰੋਜ਼ਗਾਰ ਦੇ ਮੌਕਿਆਂ ’ਚ ਵਾਧਾ, ਕਰਮਚਾਰੀ ਲਾਭਾਂ ਬਾਰੇ ਵਧਦੀ ਜਾਗਰੂਕਤਾ ਅਤੇ ਈ. ਪੀ. ਐੱਫ. ਓ. ਦੇ ਪ੍ਰਚਾਰ ਪ੍ਰੋਗਰਾਮਾਂ ਕਾਰਨ ਇਹ ਵਾਧਾ ਹੋਇਆ।

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ 2024 ਦੌਰਾਨ ਲੱਗਭਗ 9.85 ਲੱਖ ਨਵੇਂ ਮੈਂਬਰਾਂ ਨੇ ਨਾਮਜ਼ਦਗੀ ਕਰਵਾਈ ਹੈ। ਅਪ੍ਰੈਲ 2024 ਦੇ ਮੁਕਾਬਲੇ ਨਵੇਂ ਮੈਂਬਰਾਂ ’ਚ 10.96 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਸਾਲਾਨਾ ਆਧਾਰ ’ਤੇ ਇਸ ’ਚ 11.5 ਫ਼ੀਸਦੀ ਦਾ ਵਾਧਾ ਹੋਇਆ। ਮਈ 2024 ’ਚ ਜੋਡ਼ੇ ਗਏ ਕੁੱਲ ਨਵੇਂ ਮੈਂਬਰਾਂ ’ਚ 18-25 ਸਾਲ ਉਮਰ ਵਰਗ ਦੀ 58.37 ਫ਼ੀਸਦੀ ਹਿੱਸੇਦਾਰੀ ਹੈ।

ਓਧਰ, ਇੰਪਲਾਇਮੈਂਟ ਪ੍ਰਾਵੀਡੈਂਟ ਫੰਡ ਆਫਿਸਰ ਐਸੋਸੀਏਸ਼ਨ ਨੇ ਸੇਵਾ-ਮੁਕਤੀ ਫੰਡ ਸੰਸਥਾ ਦੇ ਸੂਚਨਾ ਤਕਨੀਕੀ ਬੁਨਿਆਦੀ ਢਾਂਚੇ ’ਚ ਸੁਧਾਰ ਲਈ ਕੇਂਦਰੀ ਕਿਰਤ ਮੰਤਰੀ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ।

ਇਸ ਹਫਤੇ ਮੰਤਰੀ ਨੂੰ ਲਿਖੇ ਪੱਤਰ ’ਚ ਈ. ਪੀ. ਐੱਫ. ਆਫਿਸਰ ਐਸੋਸੀਏਸ਼ਨ (ਈ. ਪੀ. ਐੱਫ. ਓ. ਏ.) ਨੇ ਕਿਹਾ ਕਿ ਉਹ ਈ. ਪੀ. ਐੱਫ. ਆਈ. ਟੀ. ਬੁਨਿਆਦੀ ਢਾਂਚੇ-ਸਾਫਟਵੇਅਰ, ਹਾਰਡਵੇਅਰ, ਆਈ. ਟੀ. ਜਨਸ਼ਕਤੀ ਨੂੰ ਉੱਨਤ ਕਰਨ ਲਈ ਤੁਰੰਤ ਦਖਲ ਦੇਣ ਲਈ ਨਿਯਮਿਤ ਤੌਰ ’ਤੇ ਅਪੀਲ ਕਰ ਰਹੀ ਹੈ।


Harinder Kaur

Content Editor

Related News