ਦੀਵਾਲੀ ਤੱਕ ਸਸਤਾ ਹੋ ਸਕਦੈ ਖਾਣ ਵਾਲਾ ਤੇਲ

Friday, Aug 28, 2020 - 12:04 PM (IST)

ਦੀਵਾਲੀ ਤੱਕ ਸਸਤਾ ਹੋ ਸਕਦੈ ਖਾਣ ਵਾਲਾ ਤੇਲ

ਨਵੀਂ ਦਿੱਲੀ (ਇੰਟ.) – ਦੀਵਾਲੀ ਤੱਕ ਖਾਣ ਵਾਲੇ ਤੇਲ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ। ਉਦਯੋਗ ਨਾਲ ਜੁੜੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਇੰਡੋਨੇਸ਼ੀਆ ਅਤੇ ਮਲੇਸ਼ੀਆ ’ਚ ਪਾਮ ਤੇਲ ਦੇ ਵਧਦੇ ਸਟਾਕ ਕਾਰਣ ਇਸ ਤਿਓਹਾਰੀ ਸੀਜ਼ਨ ਦੀ ਸ਼ੁਰੂਆਤ ’ਚ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ ਗਿਰਾਵਟ ਆ ਸਕਦੀ ਹੈ।

ਰੁਚੀ ਸੋਇਆ ਇੰਡਸਟਰੀਜ਼ ਦੇ ਸੀ. ਈ. ਓ. ਸੰਜੀਵ ਅਸਥਾਨਾ ਨੇ ਕਿਹਾ ਕਿ ਦੀਵਾਲੀ ਤੱਕ ਸਾਨੂੰ ਖਾਣ ਵਾਲੇ ਤੇਲ ਦੀਆਂ ਕੀਮਤਾਂ ਮੌਜੂਦਾ ਪੱਧਰ ਤੋਂ ਘੱਟ ਰਹਿਣ ਦੀ ਉਮੀਦ ਹੈ। ਉਤਪਾਦਕ ਦੇਸ਼ਾਂ ’ਚ ਵੱਡਾ ਸਟਾਕ ਅਤੇ ਘਰੇਲੂ ਬਾਜ਼ਾਰ ’ਚ ਮੂੰਗਫਲੀ, ਕਪਾਹ ਅਤੇ ਸੋਇਆਬੀਨ ਦੀ ਨਵੀਂ ਫਸਲ ਆਉਣ ਨਾਲ ਕੀਮਤਾਂ ’ਚ ਕਮੀ ਆ ਸਕਦੀ ਹੈ। ਹਾਲਾਂਕਿ ਮਾਨਸੂਨ ਦੀ ਬਾਰਿਸ਼ ਅਤੇ ਇੰਡੋਨੇਸ਼ੀਆ ’ਚ ਜੈਵ ਈਂਧਨ ਲਈ ਚੀਨ ਵਲੋਂ ਖਰੀਦ ਅਤੇ ਪਾਮ ਤੇਲ ਦਾ ਬਾਇਓ ਈਂਧਨ ’ਚ ਇਸਤੇਮਾਲ ਵਰਗੇ ਹੋਰ ਕੌਮਾਂਤਰੀ ਕਾਰਕਾਂ ’ਤੇ ਵੀ ਨਜ਼ਰ ਰੱਖਣੀ ਹੋਵੇਗੀ। ਉਦਯੋਗ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਹਰ ਸਾਲ 1.5 ਕਰੋੜ ਟਨ ਖਾਣ ਵਾਲੇ ਤੇਲਾਂ ਦੀ ਦਰਾਮਦ ਕਰਦਾ ਹੈ। ਇਨ੍ਹਾਂ ਵਨਸਪਤੀ ਤੇਲਾਂ ਦੀ ਕੁਲ ਦਰਾਮਦ ’ਚ ਪਾਮ ਤੇਲ ਦੀ ਹਿੱਸੇਦਾਰੀ 60 ਫੀਸਦੀ ਤੋਂ ਵੱਧ ਹੈ। ਕੌਮਾਂਤਰੀ ਕੀਮਤਾਂ ’ਚ ਗਿਰਾਵਟ ਦਾ ਅਸਰ ਸਾਰੇ ਖਾਣ ਵਾਲੇ ਤੇਲਾਂ ਦੀਆਂ ਘਰੇਲੂ ਕੀਮਤਾਂ ’ਤੇ ਪਵੇਗਾ।

ਇਹ ਵੀ ਦੇਖੋ : ਜਾਣੋ ਸਸਤੇ 'ਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ, ਆਫ਼ਰ 'ਚ ਬਚੇ ਸਿਰਫ਼ ਕੁਝ ਦਿਨ ਬਾਕੀ

ਸਾਲਵੈਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਦੇ ਕਾਰਜਕਾਰੀ ਡਾਇਰੈਕਟਰ ਬੀ. ਵੀ. ਮਹਿਤਾ ਨੇ ਕਿਹਾ ਕਿ ਭਾਰਤ ’ਚ ਤੇਲ ਬੀਜਾਂ ਦੀ ਬਿਜਾਈ ’ਚ 15 ਤੋਂ 20 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਘਰੇਲੂ ਖਾਣ ਵਾਲੇ ਤੇਲ ਦਾ ਉਤਪਾਦਨ ਵੀ ਵਧੇਗਾ। ਉਨ੍ਹਾਂ ਨੇ ਕਿਹਾ ਕਿ ਅਗਲੇ 2 ਮਹੀਨਿਆਂ ’ਚ ਸਾਨੂੰ ਪਿਛਲੇ ਸਾਲ ਦੀ ਤੁਲਨਾ ’ਚ ਵੱਧ ਤੇਲ ਦੇ ਬੀਜਾਂ ਦੀ ਪੈਦਾਵਰ ਵਧਣ ਦਾ ਅਨੁਮਾਨ ਹੈ। ਇਨ੍ਹਾਂ ਸਾਰੇ ਕਾਰਕਾਂ ਕਰ ਕੇ ਤੇਲ ਦੀਆਂ ਕੀਮਤਾਂ ’ਤੇ ਦਬਾਅ ਪਵੇਗਾ ਅਤੇ ਦੀਵਾਲੀ ਤੱਕ ਕੀਮਤਾਂ ਡਿਗਣ ਲੱਗਣਗੀਆਂ।

ਤਿਓਹਾਰੀ ਸੀਜ਼ਨ ਦੌਰਾਨ ਖਾਣ ਵਾਲੇ ਤੇਲ ਦੀ ਮੰਗ ਵਧ ਜਾਂਦੀ ਹੈ। ਉਦੋਂ ਇਸ ਦੀ ਵਰਤੋਂ ਖਾਣੇ ਅਤੇ ਮਿਠਾਈ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਆਇਲ ਕੰਸਲਟੈਂਸੀ ਫਰਮ ਸਨਵਿਨ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੰਦੀਪ ਬਾਜੋਰੀਆ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਥੋਕ ਬਾਜ਼ਾਰ ’ਚ ਪਾਮ ਤੇਲ ਦੀਆਂ ਕੀਮਤਾਂ ਲਾਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਦੇ ਮੁਕਾਬਲੇ 15 ਫੀਸਦੀ ਵੱਧ ਹਨ। ਕੀਮਤਾਂ 83 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਚੁੱਕੀਆਂ ਹਨ। ਇਸ ਤਰ੍ਹਾਂ ਸੋਇਆਬੀਨ ਤੇਲ ਦੀਆਂ ਕੀਮਤਾਂ 12 ਫੀਸਦੀ ਵੱਧ 87 ਰੁਪਏ ਪ੍ਰਤੀ ਕਿਲੋਗ੍ਰਾਮ ਹਨ।

ਇਹ ਵੀ ਦੇਖੋ : ਕੋਰੋਨਾ ਨੂੰ ਹਰਾਉਣ ਤੋਂ ਬਾਅਦ ਸਰੀਰ ਵਿਚ ਕਿੰਨੇ ਦਿਨ ਰਹਿੰਦੀਆਂ ਹਨ ਐਂਟੀਬਾਡੀ, ਰਿਸਰਚ 'ਚ ਸਾਹਮਣੇ ਆਏ ਤੱਥ


author

Harinder Kaur

Content Editor

Related News