ਵਿਜੀਲੈਂਸ ਵੱਲੋਂ 5 ਹਜ਼ਾਰ ਦੀ ਰਿਸ਼ਵਤ ਮੰਗਣ ਵਾਲਾ ਪਟਵਾਰੀ ਗ੍ਰਿਫ਼ਤਾਰ
Monday, Nov 24, 2025 - 11:53 AM (IST)
ਮੋਹਾਲੀ (ਜੱਸੀ) : ਵਿਜੀਲੈਂਸ ਵੱਲੋਂ 5 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਪਟਵਾਰੀ ਦੀ ਪਛਾਣ ਲਾਲ ਸਿੰਘ ਵਜੋਂ ਹੋਈ ਹੈ। ਲਾਲ ਸਿੰਘ ਹਲਕਾ ਭੂਪਨਗਰ ਦਾ ਪਟਵਾਰੀ ਸੀ। ਜਾਣਕਾਰੀ ਅਨੁਸਾਰ ਇਕ ਵਿਅਕਤੀ ਵੱਲੋਂ ਆਪਣੀ ਜ਼ਮੀਨ ਦਾ ਇੰਤਕਾਲ ਕਰਵਾਉਣਾ ਸੀ ਤਾਂ ਉਹ ਇੰਤਕਾਲ ਕਰਵਾਉਣ ਲਈ ਪਟਵਾਰੀ ਲਾਲ ਸਿੰਘ ਨੂੰ ਮਿਲਿਆ।
ਲਾਲ ਸਿੰਘ ਪਟਵਾਰੀ ਵੱਲੋਂ ਇੰਤਕਾਲ ਮਨਜ਼ੂਰ ਕਰਾਉਣ ਬਦਲੇ 5 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਗਈ ਪਰ ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੇ ਪੈਸ ਦੇਣ ਤੋਂ ਅਸਮਰੱਥਾ ਜ਼ਾਹਰ ਕੀਤੀ ਗਈ। ਪਟਵਾਰੀ ਵੱਲੋਂ ਜਦੋਂ ਰਿਸ਼ਵਤ ਦੇ ਪੈਸੇ ਲਏ ਬਿਨਾਂ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਸ਼ਿਕਾਇਤਕਰਤਾ ਨੇ ਉਕਤ ਪਟਵਾਰੀ ਦੀ ਰਿਸ਼ਵਤ ਮੰਗਣ ਵਾਲੀ ਗੱਲ ਨੂੰ ਰਿਕਾਰਡ ਕਰ ਲਿਆ ਅਤੇ ਵਿਜੀਲੈਂਸ ਨੂੰ ਉਕਤ ਰਿਕਾਰਡ ਕੀਤੀ ਪਟਵਾਰੀ ਦੀ ਸਾਰੀ ਗੱਲ ਸੌਂਪਦਿਆਂ ਸ਼ਿਕਾਇਤ ਦਿੱਤੀ।
ਵਿਜੀਲੈਂਸ ਵੱਲੋਂ ਉਕਤ ਰਿਕਾਰਡਿੰਗ ਦੇ ਆਧਾਰ ’ਤੇ ਲਾਲ ਸਿੰਘ ਪਟਵਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਕੇ ਲਾਲ ਸਿੰਘ ਨੂੰ ਮਾਜਰੀ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਸੂਤਰਾਂ ਮੁਤਾਬਕ ਲਾਲ ਸਿੰਘ ਪਟਵਾਰੀ ਰਿਟਾਇਰ ਹੋ ਚੁੱਕਾ ਸੀ ਅਤੇ ਇਸ ਸਮੇਂ ਉਹ ਠੇਕੇ ’ਤੇ ਬਤੌਰ ਪਟਵਾਰੀ ਆਪਣੀ ਡਿਊਟੀ ਨਿਭਾ ਰਿਹਾ ਸੀ। ਵਿਜੀਲੈਂਸ ਵੱਲੋਂ ਲਾਲ ਸਿੰਘ ਪਟਵਾਰੀ ਨੂੰ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਵੱਲੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।
