ਖ਼ੁਸ਼ਖ਼ਬਰੀ! ਤਿਉਹਾਰਾਂ ਮੌਕੇ ਇਸ ਸੂਬਾ ਸਰਕਾਰ ਨੇ ਰੋਡ ਟੈਕਸ ਕੀਤਾ ਮਾਫ਼
Sunday, Oct 11, 2020 - 08:30 PM (IST)
ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੁਣ ਇਲੈਕਟ੍ਰਿਕ ਕਾਰ, ਸਕੂਟਰ-ਮੋਟਰਸਾਈਕਲ ਅਤੇ ਥ੍ਰੀ-ਵ੍ਹੀਲਰ ਖਰੀਦਣਾ ਸਸਤਾ ਹੋਣ ਜਾ ਰਿਹਾ ਹੈ।
ਦਿੱਲੀ ਸਰਕਾਰ ਨੇ ਆਪਣੀ ਨਵੀਂ ਇਲੈਕਟ੍ਰਿਕ ਵਾਹਨ ਨੀਤੀ ਤਹਿਤ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਲਈ ਰੋਡ ਟੈਕਸ ਮਾਫ਼ ਕਰ ਦਿੱਤਾ ਹੈ। ਇਹ ਜਾਣਕਾਰੀ ਦਿੱਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੌਤ ਨੇ ਦਿੱਤੀ ਹੈ। ਇਸ ਨੂੰ ਲੈ ਕੇ ਗਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।
ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ, ''ਦਿੱਲੀ ਵਾਸੀਆਂ ਨੂੰ ਵਧਾਈ! ਜਿਵੇਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਈ. ਵੀ. ਪਾਲਿਸੀ ਦੀ ਘੋਸ਼ਣਾ ਕਰਦੇ ਹੋਏ ਵਾਅਦਾ ਕੀਤਾ ਸੀ, ਦਿੱਲੀ ਸਰਕਾਰ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਰੋਡ ਟੈਕਸ ਤੋਂ ਛੋਟ ਦੇ ਦਿੱਤੀ ਹੈ।''
ਗੌਰਤਲਬ ਹੈ ਕਿ 7 ਅਗਸਤ ਨੂੰ ਦਿੱਲੀ ਸਰਕਾਰ ਨੇ ਈ. ਵੀ. ਪਾਲਿਸੀ ਲਾਂਚ ਕੀਤੀ ਸੀ। ਇਸ ਤਹਿਤ ਇਲੈਕਟ੍ਰਿਕ ਸਕੂਟਰ-ਮੋਟਰਸਾਈਕਲ ਖਰੀਦਣ 'ਤੇ 30,000 ਰੁਪਏ ਤੱਕ ਅਤੇ ਈ-ਕਾਰਾਂ 'ਤੇ 1.5 ਲੱਖ ਰੁਪਏ ਦੀ ਸਬਸਿਡੀ ਦਿੱਤੇ ਜਾਣ ਦੀ ਵਿਵਸਥਾ ਹੈ। ਇਸ ਦਾ ਮਕਸਦ ਦਿੱਲੀ 'ਚ ਪ੍ਰਦੂਸ਼ਣ ਨੂੰ ਘੱਟ ਕਰਨਾ ਅਤੇ 2024 ਤੱਕ 25 ਫੀਸਦੀ ਇਲੈਕਟ੍ਰਿਕ ਵਾਹਨਾਂ ਦਾ ਟੀਚਾ ਹਾਸਲ ਕਰਨਾ ਹੈ।