ਕੋਲ ਇੰਡੀਆ ਨੇ ਉਤਪਾਦਨ ਟੀਚਾ ਘਟਾਇਆ
Sunday, Aug 09, 2020 - 12:21 AM (IST)
ਕੋਲਕਾਤਾ (ਭਾਸ਼ਾ)–ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮ. (ਸੀ. ਆਈ. ਐੱਲ.) ਨੇ ਕੋਵਿਡ-19 ਮਹਾਮਾਰੀ ਕਾਰਣ ਪੈਦਾ ਹੋਈਆਂ ਮੁਸ਼ਕਲਾਂ ਦਾ ਮੱਦੇਨਜ਼ਰ ਚਾਲੂ ਵਿੱਤੀ ਸਾਲ 2020-21 ਲਈ ਆਪਣੇ ਉਤਪਾਦਨ ਟੀਚੇ ਨੂੰ ਘਟਾ ਕੇ 65-66 ਕਰੋੜ ਟਨ ਕਰ ਦਿੱਤਾ ਹੈ। ਪਹਿਲਾਂ ਕੰਪਨੀ ਨੇ ਚਾਲੂ ਵਿੱਤੀ ਸਾਲ ‘ਚ 71 ਕਰੋੜ ਟਨ ਦੇ ਉਤਪਾਦਨ ਦਾ ਟੀਚਾ ਤੈਅ ਕੀਤਾ ਸੀ।
ਕੰਪਨੀ ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਭਾਰਤ ਚੈਂਬਰ ਆਫ ਕਾਮਰਸ ਵਲੋਂ ਆਯੋਜਿਤ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਅਗਰਵਾਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਣ ਕੋਲੇ ਦੀ ਮੰਗ ਪ੍ਰਭਾਵਿਤ ਹੋਈ ਹੈ। ਹਾਲਾਂਕਿ ਹੁਣ ਉਦਯੋਗਾਂ ਵਲੋਂ ਆਪ੍ਰੇਟਿੰਗ ਸ਼ੁਰੂ ਕਰਨ ਤੋਂ ਬਾਅਦ ਮੰਗ ‘ਚ ਸੁਧਾਰ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਾਨੂੰ ਉਮੀਦ ਹੈ ਕਿ ਚਾਲੂ ਵਿੱਤੀ ਸਾਲ ‘ਚ ਸਾਡਾ ਉਤਪਾਦਨ 65 ਤੋਂ 66 ਕਰੋੜ ਟਨ ਰਹੇਗਾ। ਉਨ੍ਹਾਂ ਨੇ ਕਿਹਾ ਕਿ ਅਗਸਤ ‘ਚ ਕੋਲ ਇੰਡਆ ਦੀ ਮੰਗ ‘ਚ 7 ਤੋਂ 8 ਫੀਸਦੀ ਦਾ ਸੁਧਾਰ ਹੋਇਆ ਹੈ। ਜਨਤਕ ਖੇਤਰ ਦੀ ਮਹਾਰਤਨ ਕੰਪਨੀ ਨੇ ਪਿਛਲੇ ਸਾਲ 60.2 ਕਰੋੜ ਟਨ ਕੋਲੇ ਦਾ ਉਤਪਾਦਨ ਕੀਤਾ ਸੀ ਜਦੋਂ ਕਿ ਟੀਚਾ 63 ਕਰੋੜ ਟਨ ਦਾ ਸੀ।