ਰੂੰ ਬਾਜ਼ਾਰ ’ਚ ਮੋਟੀ ਤੇਜ਼ੀ ਦੀ ਸੰਭਾਵਨਾ ਘੱਟ, CCI ਨੇ ਪਿਛਲੇ 2 ਮਹੀਨਿਆਂ ’ਚ 57 ਲੱਖ ਗੰਢ ਕਪਾਹ ਵੇਚੀ

10/05/2020 12:58:21 PM

ਜੈਤੋ(ਪਰਾਸ਼ਰ) - ਕੱਪੜਾ ਮੰਤਰਾਲਾ ਅਨੁਸਾਰ ਭਾਰਤ ’ਚ ਨਵਾਂ ਕਪਾਹ ਸੀਜ਼ਨ ਸਾਲ 2020-2021 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ, ਜੋ ਅਗਲੀ ਸਤੰਬਰ 2021 ਤੱਕ ਜਾਰੀ ਰਹੇਗਾ। ਉਂਝ ਉੱਤਰੀ ਖੇਤਰੀ ਸੂਬਿਆਂ, ਜਿਨ੍ਹਾਂ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ ਸ਼ਾਮਲ ਹਨ, ’ਚ ਨਵੀਂ ਕਪਾਹ ਪਿਛਲੇ ਮਹੀਨੇ ਤੋਂ ਆਉਣੀ ਸ਼ੁਰੂ ਹੋ ਗਈ ਸੀ।

ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਏ. ਐੱਲ.) ਦੇ ਰਾਸ਼ਟਰੀ ਪ੍ਰਧਾਨ ਮਹੇਸ਼ ਸ਼ਾਰਦਾ ਅਨੁਸਾਰ ਅੱਜਕੱਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਮੰਡੀਆਂ ’ਚ ਰੋਜ਼ਾਨਾ 10,000-12000 ਗੰਢ ਦੀ ਆਮਦ ਪਹੁੰਚ ਗਈ ਹੈ, ਜੋ ਅਗਲੀ ਦਿਨਾਂ ’ਚ ਹੋਰ ਤੇਜ਼ੀ ਨਾਲ ਆਮਦ ਦੀ ਉਮੀਦ ਹੈ। ਸ਼ਾਰਦਾ ਅਨੁਸਾਰ ਭਾਰਤ ’ਚ ਕਪਾਹ ਦੀ ਬੰਪਰ ਫਸਲ ਖੜ੍ਹੀ ਹੈ ਅਤੇ ਅੱਗੇ ਮੌਸਮ ਅਨੁਕੂਲ ਰਿਹਾ ਤਾਂ ਦੇਸ਼ ’ਚ ਕਪਾਹ ਉਤਪਾਦਨ ਦਾ ਨਵਾਂ ਰਿਕਾਰਡ ਬਣੇਗਾ। ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਕਪਾਹ ਦੀ ਬੀਜਾਈ ਵੀ ਵਧੀ ਹੈ। ਦੇਸ਼ ’ਚ ਕਪਾਹ ਵੱਡੀ ਗਿਣਤੀ ’ਚ ਸਰਪਲੱਸ ਹੈ।

ਸੀ. ਸੀ. ਆਈ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪ੍ਰਦੀਪ ਅਗਰਵਾਲ ਅਨੁਸਾਰ ਭਾਰਤੀ ਕਪਾਹ ਨਿਗਮ ਲਿਮਟਿਡ ਨੇ 30 ਸਤੰਬਰ ਨੂੰ ਖਤਮ ਹੋਏ ਕਪਾਹ ਸੀਜ਼ਨ ਸਾਲ 2019-20 ਦੌਰਾਨ ਦੇਸ਼ ’ਚ ਕਪਾਹ ਦੀ ਕਰੀਬ 1.15 ਲੱਖ ਗੰਢ ਦੀ ਖਰੀਦ ਹੇਠਲੇ ਸਮਰਥਨ ਮੁੱਲ ’ਤੇ ਕੀਤੀ ਹੈ। ਅਗਰਵਾਲ ਅਨੁਸਾਰ ਸੀ. ਸੀ. ਆਈ. ਨੇ ਪਿਛਲੇ 2 ਮਹੀਨਿਆਂ ’ਚ ਕਰੀਬ 57 ਲੱਖ ਗੰਢ ਵੇਚੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਰੂੰ ਦਾ ਸਟਾਕ ਅਗਲੇ ਕੁੱਝ ਮਹੀਨਿਆਂ ’ਚ ਵੇਚ ਦਿੱਤਾ ਜਾਵੇਗਾ। ਹਰਿਆਣਾ ’ਚ ਨਵਾਂ ਵ੍ਹਾਈਟ ਗੋਲਡ ਖਰੀਦਣਾ ਸ਼ੁਰੂ ਕਰ ਦਿੱਤਾ ਗਿਆ ਹੈ।

ਉੱਧਰ, ਰੂੰ ਬਾਜ਼ਾਰ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਕਪਾਹ ਨਿਗਮ ਨੇ ਜੋ ਰੂੰ ਹੈ, ਉਸ ’ਚੋਂ ਕਰੀਬ 30-35 ਲੱਖ ਗੰਢ ਅਜੇ ਚੁੱਕਣ ਵਾਲੀ ਪਈ ਹੈ। ਸੂਤਰਾਂ ਦੀਆਂ ਮੰਨੀਏ ਤਾਂ ਫਿਲਹਾਲ ਸੀ. ਸੀ. ਆਈ. ਦੀ ਦੇਸ਼ ’ਚ ਖਰੀਦ ਕੱਛੂ ਦੀ ਚਾਲ ਰਹਿ ਸਕਦੀ ਹੈ ਕਿਉਂਕਿ ਜ਼ਿਆਦਾਤਰ ਗੁਦਾਮਾਂ ’ਚ ਰੂੰ ਦਾ ਸਟਾਕ ਜਮ੍ਹਾ ਹੈ। ਸੂਤਰਾਂ ਅਨੁਸਾਰ ਰੂੰ ਬਾਜ਼ਾਰ ’ਚ ਮੋਟੀ ਤੇਜ਼ੀ ਆਉਣ ਦੀ ਸੰਭਾਵਨਾ ਬਹੁਤ ਘੱਟ ਜਤਾਈ ਜਾ ਰਹੀ ਹੈ। ਕਤਾਈ ਮਿੱਲਰਾਂ ਨੂੰ 90 ਲੱਖ ਗੰਢ ਤੋਂ ਜ਼ਿਆਦਾ ਦਾ ਕੈਰੀਓਵਰ ਸਟਾਕ ਨਜ਼ਰ ਆ ਰਿਹਾ ਹੈ। ਇਕ ਕੱਤਾਈ ਮਿੱਲਰ ਅਨੁਸਾਰ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਇਸ ਵਾਰ ਰੂੰ ਦੇ ਭਾਅ 4000 ਰੁਪਏ ਪ੍ਰਤੀ ਮਣ ਹੋਵੇ। ਬਾਜ਼ਾਰ ’ਚ ਰੂੰ ਦੇ ਭਾਅ 3750-3850 ਰੁਪਏ ਪ੍ਰਤੀ ਮਣ ਰਹਿ ਸਕਦੇ ਹਨ। ਉੱਤਰੀ ਖੇਤਰੀ ਸੂਬਿਆਂ ਦੀਆਂ ਮੰਡੀਆਂ ’ਚ ਐਤਵਾਰ ਨੂੰ 15-20 ਰੁਪਏ ਪ੍ਰਤੀ ਮਣ ਫਿਸਲ ਗਏ।

ਇਹ ਵੀ ਪੜ੍ਹੋ : ਕੀ ਨੋਟਾਂ ਨਾਲ ਵੀ ਹੋ ਸਕਦੈ ਕੋਰੋਨਾ ਵਾਇਰਸ ਲਾਗ ਦਾ ਖ਼ਤਰਾ? ਜਾਣੋ RBI ਨੇ ਕੀ ਕਿਹਾ

ਯਾਰਨ ਬਰਾਮਦ ਦੀ ਡਿਮਾਂਡ ਵਧੀ

ਭਾਰਤੀ ਟੈਕਸਟਾਈਲਜ਼ ਉਦਯੋਗ ਅਤੇ ਕੱਤਾਈ ਮਿੱਲਾਂ ’ਚ ਫਿਰ ਰੌਣਕ ਪਰਤ ਆਈ ਹੈ। ਦੇਸ਼ ’ਚ ਕੋਰੋਨਾ ਵਾਇਰਸ ਕਾਰਣ ਮਿੱਲਾਂ ਨੂੰ 3-4 ਮਹੀਨਿਆਂ ਦੌਰਾਨ ਵੱਡੇ ਨੁਕਸਾਨ ਦੇ ਨਾਲ-ਨਾਲ ਆਰਥਿਕ ਤੰਗੀ ਨਾਲ ਜੂਝਣਾ ਪਿਆ ਅਤੇ ਚਿੰਤਾ ’ਚ ਡੂਬੇ ਰਹੇ। ਉਨ੍ਹਾਂ ਨੂੰ ਕਦੇ ਵੀ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਦਿਨ ਇੰਨੀ ਜਲਦ ਸੁਧਾਰ ਜਾਣਗੇ। ਸੂਤਰਾਂ ਅਨੁਸਾਰ ਪਿਛਲੇ 15-20 ਦਿਨਾਂ ’ਚ ਯਾਰਨ ਦੀ ਬਹੁਤ ਹੀ ਚੰਗੀ ਡਿਮਾਂਡ ਬਰਾਮਦ ਦੀ ਲਗਾਤਾਰ ਬਣੀ ਹੋਈ ਹੈ, ਜਿਸ ਨਾਲ ਮਿੱਲ ਮਾਲਿਕਾਂ ਦੇ ਚਿਹਰਿਆਂ ’ਤੇ ਮੁਸਕਾਨ ਆਉਣਾ ਸੰਵਭਾਵਿਕ ਗੱਲ ਹੈ। ਇਕ ਕੱਤਾਈ ਮਿੱਲ ਮਾਲਿਕ ਅਨੁਸਾਰ ਭਾਰਤੀ ਯਾਰਨ ਦੀ ਵੱਖ-ਵੱਖ ਦੇਸ਼ਾਂ ਤੋਂ ਡਿਮਾਂਡ ਚੰਗੀ ਬਣੀ ਹੋਈ ਹੈ ਪਰ ਲਿਫਟਿੰਗ ਲਈ ਵਾਹਨਾਂ ਦੀ ਭਾਰੀ ਕਮੀ ਚੱਲ ਰਹੀ ਹੈ। ਭਾਰਤ ਵੱਲੋਂ ਅਨੇਕ ਕੰਟੇਨਰ ਚੀਨ ਗਏ ਸਨ ਜੋ ਕੋਰੋਨਾ ਵਾਇਰਸ ਕਾਰਣ ਵਾਪਸ ਹੀ ਨਹੀਂ ਆਏ।

ਇਹ ਵੀ ਪੜ੍ਹੋ : Spicejet ਦੇ ਰਹੀ Pre-Booking Extra Baggage 'ਤੇ 25% ਦੀ ਛੋਟ, ਜਾਣੋ ਕੀ ਹੈ ਰੇਟ ਅਤੇ ਸਲੈਬ

ਪੰਜਾਬ ’ਚ 21 ਮੰਡੀਆਂ ’ਚ ਕਪਾਹ ਦੀ ਖਰੀਦ ਅੱਜ ਤੋਂ ਸ਼ੁਰੂ

ਮੋਦੀ ਸਰਕਾਰ ਨੇ ਇਕ ਹੋਰ ਦੂਜਾ ਪੱਤਾ ਹਰਿਆਣਾ ’ਚ ਸੁੱਟ ਕੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਮੇਂ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ’ਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਹੈ। ਸੂਤਰਾਂ ਅਨੁਸਾਰ ਹਰਿਆਣੇ ਦੇ ਮੁੱਯ ਮੰਤਰੀ ਮਨਮੋਹਣ ਲਾਲ ਖੱਟਰ ਸੂਬੇ ’ਚ ਕਿਸਾਨਾਂ ਦੀ ਕਪਾਹ ਖਰੀਦ ਨੂੰ ਲੈ ਕੇ ਕੇਂਦਰ ਮੰਤਰੀ ਸਿਮਰਤੀ ਈਰਾਨੀ ਨੂੰ ਮਿਲੇ। ਉਨ੍ਹਾਂ ਨਾਲ ਉਪ ਮੁੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਮੌਜੂਦ ਸਨ। ਸੀ. ਐੱਮ. ਹਰਿਆਣੇ ਦੇ ਕਹਿਣ ’ਤੇ ਕੇਂਦਰੀ ਮੰਤਰੀ ਸਿਮਰਤੀ ਈਰਾਨੀ ਨੇ ਹਰਿਆਣਾ ’ਚ ਸੀ. ਸੀ. ਆਈ. ਨੂੰ ਕਪਾਹ ਦੀ ਖਰੀਦ ਤੁਰੰਤ ਕਰਨ ਦਾ ਆਦੇਸ਼ ਜਾਰੀ ਕੀਤਾ। ਹਰਿਆਣਾ ਵਿੱਚ ਤਾਂ ਕਪਾਹ ਦੀ ਖਰੀਦ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਹਰਿਆਣਾ ’ਚ ਫਤਿਹਾਬਾਦ, ਭਟੂ, ਭੁੰਨਿਆ, ਉੱਚਾਨਾ, ਮੇਹਮ, ਪਲਵਾਨ, ਚਰਖੀ ਦਾਦਰੀ, ਭਿਵਾਨੀ, ਢਿਗਾਵਾ, ਸਿਰਸਾ, ਕਾਲਾਂਵਾਲੀ, ਡਬਵਾਲੀ, ਐਲਨਾਬਾਦ, ਹਿਸਾਰ, ਆਦਮਪੁਰ, ਬਰਵਾਲਾ ਅਤੇ ਹਾਂਸੀ ਤੋਂ ਸੀ. ਸੀ. ਆਈ. ਹੇਠਲੇ ਸਮਰਥਨ ਮੁੱਲ ’ਤੇ ਕਿਸਾਨਾਂ ਤੋਂ ਸਿੱਧੀ ਕਪਾਹ ਖਰੀਦੇਗੀ।

ਸੀ. ਸੀ. ਆਈ . ਪੰਜਾਬ ਬ੍ਰਾਂਚ ਦੇ ਮਹਾਪ੍ਰਬੰਧਕ ਨੀਰਜ ਕੁਮਾਰ ਨੇ ਦੱਸਿਆ ਕਿ ਪੰਜਾਬ ’ਚ ਨਿਗਮ 21 ਮੰਡੀਆਂ ’ਚ ਕਪਾਹ ਦੀ ਖਰੀਦ 5 ਅਕਤੂਬਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰੀਦ ਦੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖੁਸ਼ਖਬਰੀ: ਸਟੇਸ਼ਨਾਂ 'ਤੇ ਕੁਝ ਦਿਨਾਂ ਲਈ ਮਿਲ ਸਕੇਗਾ ਗਰਮਾਗਰਮ ਭੋਜਨ


Harinder Kaur

Content Editor

Related News