ਐਵੋਲਾਨ ਨੇ ਰੱਦ ਕੀਤਾ 75 ਬੋਇੰਗ 737 ਮੈਕਸ ਜਹਾਜ਼ਾਂ ਦਾ ਆਰਡਰ

04/05/2020 1:59:52 AM

ਨਿਊਯਾਰਕ (ਭਾਸ਼ਾ)-ਕਿਰਾਏ ’ਤੇ ਜਹਾਜ਼ ਉਪਲੱਬਧ ਕਰਵਾਉਣ ਵਾਲੀ ਆਇਰਲੈਂਡ ਦੀ ਕੰਪਨੀ ਐਵੋਲਾਨ ਨੇ 75 ਬੋਇੰਗ 737 ਮੈਕਸ ਜਹਾਜ਼ਾਂ ਦਾ ਆਰਡਰ ਰੱਦ ਕਰ ਦਿੱਤਾ ਹੈ। ਕੋਰੋਨਾ ਵਾਇਰਸ ਸੰਕਟ ਕਾਰਣ ਹਵਾਈ ਯਾਤਰਾਵਾਂ ਘਟਣ ਦੇ ਮੱਦੇਨਜ਼ਰ ਕੰਪਨੀ ਨੇ ਇਹ ਫੈਸਲਾ ਕੀਤਾ ਹੈ। ਬੋਇੰਗ ਨੂੰ ਇਨ੍ਹਾਂ ਜਹਾਜ਼ਾਂ ਦੀ ਸਪਲਾਈ 2020 ਤੋਂ 2023 ’ਚ ਕਰਨੀ ਸੀ। ਐਵੋਲਾਨ ਨੇ 2024 ਤੱਕ ਖਰੀਦ ਕੀਤੇ ਜਾਣ ਵਾਲੇ 16 ਹੋਰ 737 ਮੈਕਸ ਜਹਾਜ਼ਾਂ ਦੀ ਡਲਿਵਰੀ ਤੋਂ ਵੀ ਹੱਥ ਖਿੱਚ ਲਏ ਹਨ। ਨਾਲ ਹੀ ਉਸ ਦੀ 4 ਏਅਰਬੱਸ ਏ330 ਨਿਓ ਜਹਾਜ਼ਾਂ ਦੀ ਖਰੀਦ ਨੂੰ ਵੀ ਰੱਦ ਕਰਨ ਦੀ ਯੋਜਨਾ ਹੈ।

ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾਮਨਾਲ ਸਲੈਟਰੀ ਨੇ ਕਿਹਾ, ‘‘ਅਸੀਂ ਮੌਜੂਦਾ ਸਮੇਂ ’ਚ ਜਹਾਜ਼ਾਂ ਦੇ ਕਮਰਸ਼ੀਅਲ ਸੰਚਾਲਨ ਦੇ ਇਤਿਹਾਸ ਦੇ ਸਭ ਤੋਂ ਮੁਸ਼ਕਿਲ ਸਮੇਂ ਨਾਲ ਜੂਝ ਰਹੇ ਹਨ।’’ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵੱਖ-ਵੱਖ ਦੇਸ਼ਾਂ ਨੇ ਯਾਤਰਾ ਰੋਕ ਲਾਈ ਹੈ। ਇਸ ਨਾਲ ਹਵਾਬਾਜ਼ੀ ਉਦਯੋਗ ਕਾਫੀ ਪ੍ਰਭਾਵਿਤ ਹੋਇਆ ਹੈ। ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਦਾ ਅਨੁਮਾਨ ਹੈ ਕਿ ਕੌਮਾਂਤਰੀ ਪੱਧਰ ’ਤੇ ਹਵਾਬਾਜ਼ੀ ਕੰਪਨੀਆਂ ਦੀ ਕਮਾਈ ’ਚ 2020 ’ਚ 252 ਅਰਬ ਡਾਲਰ ਦੀ ਗਿਰਾਵਟ ਆਵੇਗੀ।


Karan Kumar

Content Editor

Related News