ਜਹਾਜ਼ ਵਿਚੋਂ ਟਾਇਲਟ ਕੂੜਾ ਸੁੱਟਿਆ ਤਾਂ ਏਅਰਲਾਈਨ ਨੂੰ ਹੋਵੇਗਾ 50,000 ਦਾ ਜੁਰਮਾਨਾ

09/02/2018 2:48:09 PM

ਨਵੀਂ ਦਿੱਲੀ — ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਭਾਰਤ ਵਿਚ ਕੰਮ ਕਰਨ ਵਾਲੀਆਂ ਏਅਰਲਾਈਨਜ਼ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਜਹਾਜ਼ ਦੀ ਲੈਂਡਿੰਗ ਜਾਂ ਉਡਾਣ ਭਰਨ ਸਮੇਂ ਟਾਇਲਟ ਦੀ ਟੈਂਕੀ ਖਾਲੀ ਕਰਨਗੇ ਤਾਂ ਉਨ੍ਹਾਂ ਨੂੰ 50,000 ਰੁਪਏ ਤੱਕ ਦਾ ਜ਼ੁਰਮਾਨਾ ਅਦਾ ਕਰਨਾ ਹੋਵੇਗਾ।

ਜ਼ਿਕਰਯੋਗ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ(ਐੱਨ.ਜੀ.ਟੀ.) ਨੇ 30 ਅਗਸਤ ਨੂੰ ਆਵਾਜਾਈ ਰੈਗੂਲੇਟਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਉਹ 31 ਅਗਸਤ ਤੱਕ ਇਹ ਆਦੇਸ਼ ਜਾਰੀ ਨਹੀਂ ਕਰਦੇ ਤਾਂ ਉਨ੍ਹਾਂ ਦੀਆਂ ਤਨਖਾਹਾਂ ਨੂੰ ਰੋਕ ਦਿੱਤਾ ਜਾਵੇਗਾ।

NGT ਨੇ ਸਾਰੇ ਏਅਰ ਆਪਰੇਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੇ ਜਹਾਜ਼ ਉਡਾਣ ਭਰਨ ਸਮੇਂ ਜਾਂ ਉਤਰਣ ਸਮੇਂ ਕਿਸੇ ਵੀ ਤਰ੍ਹਾਂ ਦੀ ਰਹਿੰਦ-ਖੂੰਹਦ ਨੂੰ ਏਅਰਪੋਰਟ ਦੇ ਨੇੜੇ ਨਹੀਂ ਸੁੱਟਣਗੇ।

ਓਪਰੇਟਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਜਹਾਜ਼ ਟਾਇਲਟ ਦਾ ਰਹਿੰਦ-ਖਹੂੰਦ ਹਵਾ ਵਿਚ ਸੁੱਟਦੇ ਮਿਲਦੇ ਹਨ ਤਾਂ ਉਨ੍ਹਾਂ ਨੂੰ 50,000 ਰੁਪਏ ਦਾ ਭੁਗਤਾਨ ਵਾਤਾਵਰਨ ਮੁਆਵਜ਼ੇ ਵਜੋਂ ਕਰਨਾ ਹੋਵੇਗਾ। ਇਸ ਦੇ ਨਾਲ ਹੀ ਡੀਜੀਸੀਏ ਨੇ ਉਨ੍ਹਾਂ ਨੂੰ ਮਹੀਨਾਵਾਰ ਰਿਪੋਰਟਾਂ ਵੀ ਪੇਸ਼ ਕਰਨ ਲਈ ਕਿਹਾ ਹੈ।

ਏਅਰਲਾਈਨਜ਼ ਖਿਲਾਫ ਮਿਲੀ ਸੀ ਸ਼ਿਕਾਇਤ

ਸਾਬਕਾ ਲੈਫਟੀਨੈਂਟ ਜਨਰਲ ਸਤਵੰਤ ਸਿੰਘ ਦਹੀਆ ਜਿਹੜੇ ਕਿ ਦਿੱਲੀ ਹਵਾਈ ਅੱਡੇ ਦੇ ਨੇੜੇ ਹੀ ਰਹਿੰਦੇ ਹਨ, ਉਨ੍ਹਾਂ ਨੇ 2016 ਵਿਚ ਦੋਸ਼ ਲਗਾਇਆ ਸੀ ਕਿ ਜਹਾਜ਼ ਉਤਰਨ ਸਮੇਂ ਟਾਇਲਟ ਦੇ ਕੂੜੇ ਨੂੰ ਉਨ੍ਹਾਂ ਦੀ ਛੱਤ ਅਤੇ ਆਸ-ਪਾਸ ਸੁੱਟ ਰਹੇ ਹਨ। 5 ਦਸੰਬਰ 2016 ਨੂੰ ਡੀਜੀਸੀਏ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ।

ਜਾਂਚ ਕਮੇਟੀ ਨੇ ਸਰੀਰਕ ਮੁਆਇਨੇ ਅਤੇ ਡਰੇਨੇਜ ਮੁਆਇਨੇ ਦੇ ਅਧਾਰ 'ਤੇ ਵੱਖ-ਵੱਖ ਏਅਰਲਾਈਨਜ਼ ਦੇ ਡਰੇਨੇਜ ਸਿਸਟਮ ਦੀ ਜਾਂਚ ਕਰਕੇ ਸਿੱਟਾ ਕੱਢਿਆ ਕਿ ਏਅਰ ਲਾਈਨਜ਼ ਕੋਲ ਜਹਾਜ਼ਾਂ ਦੀ ਰਹਿੰਦ-ਖੂੰਹਦ ਨਿਪਟਾਉਣ ਦਾ ਕੋਈ ਤਰੀਕਾ ਨਹੀਂ ਹੈ। ਇਸੇ ਅਧਾਰ 'ਤੇ 20 ਦਸੰਬਰ 2016 ਨੂੰ ਐੱਨ.ਜੀ.ਟੀ. ਨੇ ਆਰਡਰ ਜਾਰੀ ਕਰਕੇ ਡੀਜੀਸੀਏ ਨੂੰ ਏਅਰਲਾਈਨਜ਼ ਨੂੰ ਸਰਕੂਲਰ ਜਾਰੀ ਕਰਨ ਲਈ ਕਿਹਾ।

ਦੂਜੇ ਪਾਸੇ ਜਹਾਜ਼ ਨਿਰਮਾਤਾ ਦਾਅਵਾ ਕਰਦੇ ਹਨ ਕਿ ਟਾਇਲਟ ਨੂੰ ਅੱਧ-ਵਿਚਕਾਰ ਖਾਲੀ ਕਰਨਾ ਅਸੰਭਵ ਹੈ। 
ਇਕ ਪਾਇਲਟ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ,'ਜਹਾਜ਼ ਦੇ ਬਾਇਓ ਵੈਕਿਊਮ ਟਾਇਲਟ ਦੀ ਸੁਰੱਖਿਆ ਦੇ ਤਿੰਨ ਪੱਧਰ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਲੀਕੇਜ਼ ਹੋਣਾ ਬਹੁਤ ਹੀ ਦੁਰਲੱਭ ਹੈ। ਇਥੋਂ ਤੱਕ ਕਿ ਲੈਂਡਿੰਗ ਤੋਂ ਬਾਅਦ ਵੀ ਜੇਕਰ ਤੁਸੀਂ ਟੈਕ ਖੋਲ੍ਹਦੇ ਹੋ ਤਾਂ ਰਹਿੰਦ-ਖੂੰਹਦ ਬਾਹਰ ਡਿੱਗ ਜਾਂਦੀ ਹੈ।

ਡੀਜੀਸੀਏ ਵਲੋਂ ਜਾਰੀ ਇਹ ਆਰਡਰ ਸਾਰੀਆਂ ਘਰੇਲੂ ਏਅਰਲਾਈਨਜ਼, ਭਾਰਤ ਤੋਂ ਅਤੇ ਭਾਰਤ ਤੋਂ ਅਤੇ ਭਾਰਤ ਲਈ ਉਡਾਣ ਭਰਨ ਵਾਲੀਆਂ ਸਾਰੇ ਵਿਦੇਸ਼ੀ ਜਹਾਜ਼ਾਂ, ਸੂਬਾ ਸਰਕਾਰ ਅਤੇ ਪ੍ਰਾਇਵੇਟ ਆਪਰੇਟਰਾਂ ਲਈ ਲਾਗੂ ਹੁੰਦਾ ਹੈ।


Related News