''ਜੇਕਰ ਇਜ਼ਰਾਈਲ ਨੂੰ ਇਕੱਲੇ ਖੜ੍ਹੇ ਹੋਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਇਕੱਲਾ ਹੀ ਖੜ੍ਹਾ ਹੋਵੇਗਾ''

Saturday, May 11, 2024 - 10:35 AM (IST)

ਤੇਲ ਅਵੀਵ (ਏ. ਐੱਨ.ਆਈ.) : ਗਾਜ਼ਾ ਵਿਚ ਜੰਗ ਰੋਕਣ ਲਈ ਅੰਤਰਰਾਸ਼ਟਰੀ ਦਬਾਅ ਨੂੰ ਟਿੱਚ ਜਾਣਦਿਆਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਜੇਕਰ ਮਜਬੂਰ ਕੀਤਾ ਗਿਆ ਤਾਂ ਇਜ਼ਰਾਈਲ ਹਮਾਸ ਦੇ ਖਿਲਾਫ ਆਪਣੀ ਜੰਗ ਵਿਚ ਇਕੱਲਾ ਖੜ੍ਹਾ ਰਹੇਗਾ।

ਨੇਤਨਯਾਹੂ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਉਸ ਬਿਆਨ ਤੋਂ ਬਾਅਦ ਕਹੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਦੱਖਣੀ ਗਾਜ਼ਾ ਦੇ ਰਾਫਾ ਸ਼ਹਿਰ ’ਤੇ ਇਜ਼ਰਾਈਲ ਦੇ ਹਮਲੇ ਲਈ ਹਥਿਆਰ ਮੁਹੱਈਆ ਨਹੀਂ ਕਰੇਗਾ।

ਨੇਤਨਯਾਹੂ ਨੇ ਕਿਹਾ, “ਇਕਲੌਤੇ ਯਹੂਦੀ ਰਾਜ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਮੈਂ ਅੱਜ ਯੇਰੂਸ਼ਲਮ ਤੋਂ ਇਸ ‘ਹੋਲੋਕਾਸਟ ਯਾਦ ਦਿਵਸ’ ’ਤੇ ਵਾਅਦਾ ਕਰਦਾ ਹਾਂ ਕਿ ਇਜ਼ਰਾਈਲ ਆਪਣੀ ਲੜਾਈ ਇਕੱਲਾ ਲੜੇਗਾ।

ਉਨ੍ਹਾਂ ਕਿਹਾ ਕਿ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇਕੱਲੇ ਨਹੀਂ ਹਾਂ ਕਿਉਂਕਿ ਦੁਨੀਆ ਭਰ ਦੇ ਅਣਗਿਣਤ ਸਭਿਅਕ ਲੋਕ ਸਾਡੇ ਸਹੀ ਮਕਸਦ ਦਾ ਸਮਰਥਨ ਕਰਦੇ ਹਨ ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਸੀਂ ਆਪਣੇ ਨਸਲਕੁਸ਼ੀ ਦੁਸ਼ਮਣਾਂ ਨੂੰ ਹਰਾ ਕੇ ਰਹਾਂਗੇ।’’

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ 80 ਸਾਲ ਪਹਿਲਾਂ ਹੋਲੋਕਾਸਟ ਦੌਰਾਨ ਯਹੂਦੀ ਲੋਕ ਉਨ੍ਹਾਂ ਲੋਕਾਂ ਦੇ ਖਿਲਾਫ ਪੂਰੀ ਤਰ੍ਹਾਂ ਬੇਸਹਾਰਾ ਸਨ ਜੋ ਸਾਡੀ ਤਬਾਹੀ ਚਾਹੁੰਦੇ ਸਨ। ਕੋਈ ਵੀ ਰਾਸ਼ਟਰ ਸਾਡੀ ਮਦਦ ਲਈ ਨਹੀਂ ਆਇਅਾ। ਅੱਜ ਅਸੀਂ ਫਿਰ ਆਪਣੀ ਤਬਾਹੀ ’ਤੇ ਤੁਲੇ ਹੋਏ ਦੁਸ਼ਮਣਾਂ ਦਾ ਸਾਹਮਣਾ ਕਰ ਰਹੇ ਹਾਂ। ਮੈਂ ਵਿਸ਼ਵ ਦੇ ਨੇਤਾਵਾਂ ਨੂੰ ਕਹਿੰਦਾ ਹਾਂ ਕਿ ਕੋਈ ਵੀ ਦਬਾਅ, ਕਿਸੇ ਵੀ ਅੰਤਰਰਾਸ਼ਟਰੀ ਮੰਚ ਦਾ ਕੋਈ ਵੀ ਫੈਸਲਾ ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਤੋਂ ਨਹੀਂ ਰੋਕ ਸਕੇਗਾ।

ਨੇਤਨਯਾਹੂ ਨੇ ਕਿਹਾ ਕਿ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਆਪਣੇ ਨਹੁੰਆਂ ਨਾਲ ਲੜਾਂਗੇ, ਪਰ ਸਾਡੇ ਕੋਲ ਨਹੁੰਆਂ ਤੋਂ ਜ਼ਿਆਦਾ ਸਾਧਨ ਹਨ।

‘ਯੋਮ ਹਾਸ਼ੋਆ’ ਉਹ ਦਿਨ ਹੈ ਜਿਸ ਨੂੰ ਇਜ਼ਰਾਈਲ ਜਰਮਨੀ ਅਤੇ ਇਸਦੇ ਸਹਿਯੋਗੀਆਂ ਵੱਲੋਂ ਕਤਲੇਅਾਮ ਵਿਚ ਕਤਲ ਕੀਤੇ ਗਏ 6 ਮਿਲੀਅਨ ਯਹੂਦੀਆਂ ਦੀ ਯਾਦ ਵਿਚ ਮਨਾਉਂਦਾ ਹੈ।

ਰਾਫਾ ’ਚ ਜੰਗ ਤੋਂ ਡਰੇ 1 ਲੱਖ ਤੋਂ ਵੱਧ ਫਿਲਸਤੀਨੀਆਂ ਦੀ ਸ਼ਹਿਰ ਤੋਂ ਹਿਜਰਤ

ਗਾਜ਼ਾ: ਇਜ਼ਰਾਈਲੀ ਫੌਜੀ ਮੁਹਿੰਮ ਦੇ ਦੱਖਣੀ ਗਾਜ਼ਾ ਪੱਟੀ ਦੇ ਰਾਫਾ ਸ਼ਹਿਰ ਨੇੜਿਓਂ 1,10,000 ਲੋਕ ਹਿਜਰਤ ਕਰਨ ਲਈ ਮਜਬੂਰ ਹੋਏ ਹਨ।

ਫਿਲੀਸਤੀਨ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ (ਯੂ.ਐਨ.ਆਰ.ਡਬਲ.ਯੂ.ਏ.) ਨੇ ਇਕ ਵਾਰ ਫਿਰ ਖੇਤਰ ਵਿਚ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ।

ਇਜ਼ਰਾਈਲੀ ਫੌਜ ਨੇ ਰਾਫਾ ਦੇ ਪੂਰਬੀ ਹਿੱਸਿਆਂ ਵਿਚ ਇਕ ਫੌਜੀ ਕਾਰਵਾਈ ਸ਼ੁਰੂ ਕੀਤੀ ਅਤੇ ਮਿਸਰ ਦੇ ਨਾਲ ਰਾਫਾ ਕਰਾਸਿੰਗ ਦੇ ਗਾਜ਼ਾ ਵਾਲੇ ਪਾਸੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਸ਼ਹਿਰ ਵਿਚ 10 ਲੱਖ ਤੋਂ ਵੱਧ ਲੋਕ ਪਨਾਹ ਲੈ ਰਹੇ ਹਨ।


Harinder Kaur

Content Editor

Related News