ਮੋਬਾਈਲ ਵਿੰਗ ਦੀ ਟੈਕਸ ਚੋਰੀ ’ਤੇ ਕਾਰਵਾਈ, ਸਰੀਆ ਤੇ ਲੱਕੜੀ ਸਮੇਤ 7 ਵਾਹਨ ਜ਼ਬਤ, 11 ਲੱਖ ਜੁਰਮਾਨਾ ਵਸੂਲਿਆ

Monday, May 13, 2024 - 11:04 AM (IST)

ਮੋਬਾਈਲ ਵਿੰਗ ਦੀ ਟੈਕਸ ਚੋਰੀ ’ਤੇ ਕਾਰਵਾਈ, ਸਰੀਆ ਤੇ ਲੱਕੜੀ ਸਮੇਤ 7 ਵਾਹਨ ਜ਼ਬਤ, 11 ਲੱਖ ਜੁਰਮਾਨਾ ਵਸੂਲਿਆ

ਅੰਮ੍ਰਿਤਸਰ (ਇੰਦਰਜੀਤ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਨੇ ਟੈਕਸ ਚੋਰੀ ’ਤੇ ਵੱਡੀ ਕਾਰਵਾਈ ਕਰਦੇ ਹੋਏ ਮੰਡੀ ਗੋਵਿੰਦਗੜ੍ਹ ਤੋਂ ਨੌਸ਼ਹਿਰਾ ਪੰਨੂਆਂ ਪਹੁੰਚੇ ਲੋਹੇ ਦੇ ਸਰੀਆ ਨਾਲ ਲੱਦੇ ਟਰੱਕ ਨੂੰ ਕਾਬੂ ਕਰਦੇ ਹੋਏ 5 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਸੇ ਤਰ੍ਹਾਂ ਪੱਖੇ, ਲੱਕੜ ਦੀਆਂ ਸ਼ਤੀਰੀਆਂ, ਸਕ੍ਰੈਪ ਦੇ ਵਾਹਨਾਂ ’ਤੇ ਕਾਰਵਾਈ ਕਰਦੇ ਹੋਏ ਕੱਲ 11 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਮੋਬਾਈਲ ਵਿੰਗ ਟੀਮਾਂ ਦੀ ਇਸ ਕਾਰਵਾਈ ਨਾਲ ਟੈਕਸ ਮਾਫੀਆ ’ਤੇ ਇਕ ਵਾਰ ਫਿਰ ਘਬਰਾਹਟ ਵਧਣ ਲੱਗੀ ਹੈ।

ਇਹ ਵੀ ਪੜ੍ਹੋ- ਸੈਰ ਕਰ ਰਹੀ ਔਰਤ ਨਾਲ ਵਾਪਰਿਆ ਭਾਣਾ, ਸੋਚਿਆ ਵੀ ਨਹੀਂ ਸੀ ਇੰਝ ਆਵੇਗੀ ਮੌਤ (ਵੀਡੀਓ)

ਅੰਮ੍ਰਿਤਸਰ ਮੋਬਾਈਲ ਵਿੰਗ ਦੇ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਲਗਾਤਾਰ ਟੈਕਸ ਮਾਫੀਆ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਵਿਭਾਗ ਨੂੰ ਸੂਚਨਾ ਸੀ ਕਿ ਮੰਡੀ ਗੋਵਿੰਦਗੜ੍ਹ ਵੱਲੋਂ ਲੋਹੇ ਦੇ ਸਰੀਆ ਦਾ ਟਰੱਕ ਨੌਸ਼ਹਿਰਾ ਵੱਲ ਜਾ ਰਿਹਾ ਹੈ। ਇੱਥੇ ਆਉਣ ਉਪਰੰਤ ਇਸ ਨੂੰ ਛੋਟੇ-ਛੋਟੇ ਰਸਤਿਆਂ ਤੋਂ ਖਰੀਦਦਾਰ ਕੋਲ ਭੇਜਿਆ ਜਾਵੇਗਾ। ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੇ ਨਿਰਦੇਸ਼ ’ਤੇ ਕਾਰਵਾਈ ਦੇ ਲਈ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਇੰਸਪੈਕਟਰ ਦਿਨੇਸ਼ ਕੁਮਾਰ ਸੁਰੱਖਿਆ ਇੰਚਾਰਜ ਰਾਕੇਸ਼ ਕੁਮਾਰ, ਬਲਵੰਤ ਸਿੰਘ ਅਤੇ ਅਮਰੀਕ ਸਿੰਘ ਸ਼ਾਮਲ ਸਨ।

ਮੋਬਾਈਲ ਵਿੰਗ ਦੇ ਡਰ ਨਾਲ ਜ਼ਿਆਦਾਤਰ ਟੈਕਸ ਚੋਰੀ ਕਰਨ ਵਾਲੇ ਲੋਕ ਆਪਣੇ ਤੌਰ ਤਰੀਕੇ ਬਦਲ ਰਹੇ ਹਨ। ਇਨ੍ਹਾਂ ਟਰੱਕਾਂ ਦੇ ਬਾਰੇ ’ਚ ਵੀ ਇਹੀ ਖੇਡ ਖੇਡੀ ਜਾ ਰਹੀ ਸੀ। ਇਨ੍ਹਾਂ ਵਿਚ ਕਈ ਵਾਹਨ ਤਾਂ ਅਜਿਹੇ ਵੀ ਫੜੇ ਜਾਂਦੇ ਹਨ ਜੋ ਅੰਮ੍ਰਿਤਸਰ ਤੋਂ ਇਲਾਵਾ ਹੋਰ ਖੇਤਰਾਂ ’ਚ ਵੀ ਜਾਣ ਵਾਲੇ ਹੁੰਦੇ ਹਨ। ਦੱਸਿਆ ਜਾਂਦਾ ਹੈ ਕਿ ਮੋਬਾਈਲ ਵਿੰਗ ਟੀਮ ਨੇ ਇਸ ’ਤੇ ਕਾਰਵਾਈ ਕਰਨ ਲਈ ਸਵੇਰੇ ਤੜਕੇ ਹੀ 4 ਵਜੇ ਨਾਕਾਬੰਦੀ ਸ਼ੁਰੂ ਕਰ ਦਿੱਤੀ। ਇਸ ਦੇ ਬਾਵਜੂਦ ਕਿਸੇ ਦੂਜੇ ਰਸਤੇ ਤੋਂ ਆਪਣੀ ਮੰਜ਼ਿਲ ’ਤੇ ਪਹੁੰਚਣ ’ਤੇ ਕਾਮਯਾਬ ਹੋਇਆ ਪਰ ਇੱਥੇ ਮੋਬਾਈਲ ਵਿੰਗ ਦੀ ਟੀਮ ਨੇ ਟਰੱਕ ਨੂੰ ਘੇਰ ਲਿਆ। ਚੈਕਿੰਗ ਕਰਨ ’ਤੇ ਪਤਾ ਲੱਗਾ ਕਿ ਮਾਲ ਦੇ ਬਣਾਏ ਗਏ ਬਿੱਲ ਫਰਜ਼ੀ ਸਨ। ਮੋਬਾਈਲ ਵਿੰਗ ਟੀਮ ਨੇ ਇਸ ’ਤੇ 5 ਲੱਖ ਜੁਰਮਾਨਾ ਕੀਤਾ।

ਇਹ ਵੀ ਪੜ੍ਹੋ- ਚੋਣ ਡਿਊਟੀ ਦੀ ਰਿਹਰਸਲ 'ਚ ਗੈਰ-ਹਾਜ਼ਰ ਰਹਿਣ ਵਾਲੇ ਕਰਮਚਾਰੀ ਹੋ ਜਾਣ ਸਾਵਧਾਨ, ਹਦਾਇਤਾਂ ਹੋਈਆਂ ਜਾਰੀ

ਇਸੇ ਤਰ੍ਹਾਂ ਹੋਰ ਮਾਮਲੇ ’ਚ ਆ ਰਹੇ ਇਕ ਵਾਹਨ ’ਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਜੋ ਬਠਿੰਡਾ ਤੋਂ ਅੰਮ੍ਰਿਤਸਰ ਵੱਲ ਆ ਰਿਹਾ ਸੀ। ਇਸ ਵਿਚ ਜ਼ਿੰਕ ਸਿਆਹੀ ਆਦਿ ਮਟੀਰੀਅਲ ਲੱਦਿਆ ਹੋਇਆ ਸੀ। ਚੈਕਿੰਗ ਕਰਨ ’ਤੇ ਪਤਾ ਲੱਗਾ ਕਿ ਮਾਲ ਦਾ ਬਿੱਲ ਤਾਂ ਅਸਲੀ ਸੀ ਪਰ ਵੈਲਿਊ ਘੱਟ ਸੀ। ਇਸ ਅੰਡਰ-ਵੈਲਿਊ ਬਿਲਿੰਗ ਦੇ ਮਾਮਲੇ ’ਚ ਉਪਰੋਕਤ ਕਾਰਵਾਈ ਹੋਈ। ਕਾਰਵਾਈ ਦੌਰਾਨ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ’ਚ ਬੈਟਰੀ ਪੇਪਰ ਦੇ ਪਦਾਰਥ ਦਾ ਵਾਹਨ ਰੋਕਿਆ ਗਿਆ ਤਾਂ ਇਸ ਵਿਚ ਵੀ ਟੈਕਸ ਚੋਰੀ ਦਾ ਘਪਲਾ ਨਿਕਲਿਆ। ਮਾਲ ਨਾਲ ਭਰੇ ਵਾਹਨ ਨੂੰ ਮੋਬਾਈਲ ਵਿੰਗ ਦਫਤਰ ’ਚ ਲਿਆਉਣ ਉਪਰੰਤ ਉਸ ਦੀ ਵੈਲਿਊਏਸ਼ਨ ਕੀਤੀ ਗਈ ਤਾਂ ਉਸ ’ਤੇ 74 ਹਜ਼ਾਰ ਰੁਪਏ ਜੁਰਮਾਨਾ ਵਸੂਲ ਹੋਇਆ। ਇਸੇ ਤਰ੍ਹਾਂ ਟੀਮ ਸਮੇਤ ਕਾਰਵਾਈ ’ਚ ਅੰਮ੍ਰਿਤਸਰ ਤੋਂ ਫਤਹਿਗੜ੍ਹ ਚੂੜੀਆਂ ਜਾਂਦਾ ਹੋਇਆ ਇਕ ਵਾਹਨ ਰੋਕਿਆ ਤਾਂ ਉਸ ਵਿਚ ਸਪੇਅਰ ਪਾਰਟ ਮਿਲਿਆ। ਇਸ ’ਤੇ 40 ਹਜ਼ਾਰ ਜੁਰਮਾਨਾ ਵਸੂਲਿਆ ਗਿਆ ਸੀ।

ਅੰਮ੍ਰਿਤਸਰ ਤੋਂ ਬਟਾਲਾ ਜਾ ਰਹੇ ਪੱਖਿਆਂ ’ਤੇ 1.30 ਲੱਖ ਜੁਰਮਾਨਾ ਵਸੂਲਿਆ

ਮੋਬਾਈਲ ਵਿੰਗ ਟੀਮ ਨੇ ਅੰਮ੍ਰਿਤਸਰ ਤੋਂ ਬਟਾਲਾ ਜਾਣ ਵਾਲੇ ਇਕ ਛੋਟੇ ਆਟੋ ਦੀ ਚੈਕਿੰਗ ਕੀਤੀ ਤਾਂ ਉਸ ਵਿਚ ਪੱਖੇ ਲੱਦੇ ਹੋਏ ਸਨ। ਮਾਲ ਨੂੰ ਲੋਡ ਕਰ ਕੇ ਚਾਲਕ ਇਸ ਨੂੰ ਅਜੇ ਮੇਨ ਰੋਡ ’ਤੇ ਉਤਾਰਨ ਵਾਲਾ ਸੀ ਕਿ ਵੱਲਾ/ਵੇਰਕਾ ਦੇ ਨੇੜੇ ਸੇਲ ਟੈਕਸ ਵਾਲਿਆਂ ਦੇ ਕਾਬੂ ਆ ਗਿਆ। ਆਮ ਤੌਰ ’ਤੇ ਇਸ ਤਰ੍ਹਾਂ ਦੇ ਛੋਟੇ ਵਾਹਨਾਂ ਦੀ ਚੈਕਿੰਗ ਨਹੀਂ ਹੁੰਦੀ। ਪੰਡਿਤ ਰਮਨ ਸ਼ਰਮਾ ਟੀਮ ਨੇ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਵਿਚ ਟੈਕਸ ਚੋਰੀ ਦਾ ਮਾਮਲਾ ਬਣਦਾ ਹੈ। ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਹਨ ਚਾਲਕ ਕੋਲੋਂ ਮੰਗਣ ’ਤੇ ਉਹ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਆਖਿਰਕਾਰ ਟੈਕਸ ਚੋਰੀ ਦਾ ਮਾਮਲਾ ਬਣਿਆ ਤਾਂ 1.30 ਲੱਖ ਜੁਰਮਾਨਾ ਵਸੂਲਿਆ।

ਇਹ ਵੀ ਪੜ੍ਹੋ- ਵਧ ਰਹੀ ਗਰਮੀ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਤਰਨਤਾਰਨ ਤੋਂ ਫੜਿਆ ਸ਼ਤੀਰੀਆਂ ਦਾ ਟਰੱਕ, ਟੀਮ ਨੇ ਵਸੂਲੇ 1.40 ਲੱਖ

ਈ. ਟੀ. ਓ. ਪੰਡਿਤ ਰਮਨ ਸ਼ਰਮਾ ਦੀ ਅਗਵਾਈ ’ਚ ਟੀਮ ਨੇ ਅੰਮ੍ਰਿਤਸਰ ਤੋਂ ਰਾਜਸਥਾਨ ਜਾ ਰਹੇ ਟਰੱਕ ਨੂੰ ਰੋਕਿਆ ਤਾਂ ਪਤਾ ਲੱਗਾ ਕਿ ਟਰੱਕ ’ਚ ਲੱਕੜ ਦੀਆਂ ਸ਼ਤੀਰੀਆਂ ਲੱਦੀਆਂ ਹੋਈਆਂ ਹਨ। ਇਸ ਤਰ੍ਹਾਂ ਦੀਆਂ ਲੱਕੜਾਂ ਦੀ ਰਾਜਸਥਾਨ ’ਚ ਬਹੁਤ ਡਿਮਾਂਡ ਹੈ। ਮੋਬਾਈਲ ਵਿੰਗ ਟੀਮ ਨੇ ਜਦੋਂ ਵੈਲਿਊਏਸ਼ਨ ਕੀਤੀ ਤਾਂ ਵਾਹਨ ’ਚ ਪਈ ਲੱਕੜ ‘ਸੁਲਗਣ’ ਲੱਗੀ ਤੇ 1.40 ਲੱਖ ਜੁਰਮਾਨਾ ਵਸੂਲ ਕੀਤਾ ਗਿਆ।

ਮਜ਼ਬੂਤ ਟੀਮ ਹੈ ਮੋਬਾਈਲ ਵਿੰਗ ਕੋਲ..ਟੈਕਸ ਚੋਰਾਂ ਨੂੰ ਫੜਨ ਲਈ ਬਦਲੇ ਗਏ ਅੰਦਾਜ਼!

ਇਸ ਸਮੇਂ ਅੰਮ੍ਰਿਤਸਰ ਰੇਂਜ ’ਚ ਮੋਬਾਈਲ ਵਿੰਗ ਦੀਆਂ ਟੀਮਾਂ ਕਾਫੀ ਮਜ਼ਬੂਤ ਹਨ ਅਤੇ ਇਨ੍ਹਾਂ ਵਿਚ ਤੇਜ਼-ਤਰਾਰ ਅਧਿਕਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਵਿਚ ਸੈਲਫ ਅਸਿਸਟੈਂਟ ਕਮਿਸ਼ਨਰ ਮਹੇਸ਼ ਗੁਪਤਾ, ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ, ਈ. ਟੀ. ਓ. ਓਮ ਪ੍ਰਕਾਸ਼ ਸ਼ਰਮਾ, ਦੇਵੇਂਦਰ ਸਿੰਘ ਵਰਗੇ ਕੁਸ਼ਲ ਅਧਿਕਾਰੀ ਮੋਬਾਈਲ ਵਿੰਗ ਕੋਲ ਮੌਜੂਦ ਹਨ। ਪਤਾ ਲੱਗਾ ਹੈ ਕਿ ਆਮ ਤੌਰ ’ਤੇ ਦਿੱਲੀ, ਲੁਧਿਆਣਾ, ਮੰਡੀ ਗੋਬਿੰਦਗੜ੍ਹ ਤੋਂ ਆਉਣ ਵਾਲਾ ਮਾਲ ਵਾਇਆ ਜੀ. ਟੀ. ਰੋਡ ਹੀ ਆਉਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ ਸਿਟੀ ਦੀ ਮੋਬਾਈਲ ਵਿੰਗ ਟੀਮਾਂ ਵੱਲੋਂ ਤਰਨਤਾਰਨ ਤੋਂ ਪੱਟੀ, ਹਰੀਕੇ ਪੱਤਣ, ਮੋਗਾ ਰੋਡ ’ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ’ਚ ਇਨ੍ਹਾਂ ਰਸਤਿਆਂ ’ਤੇ ਵੀ ਉਹੀ ਟਰੱਕ ਫੜੇ ਗਏ ਸਨ, ਜਿਨ੍ਹਾਂ ਦਾ ਰਾਹ ਸਹੀ ਮਾਇਨੇ ’ਚ ਅੰਮ੍ਰਿਤਸਰ-ਜਲੰਧਰ-ਲੁਧਿਆਣਾ ਰੋਡ ਹੀ ਬਣਦਾ ਹੈ। ਕਈ ਵਾਰ ਤਾਂ ਲੁਧਿਆਣਾ ਜਗਰਾਓਂ ਅਤੇ ਰਾਜਸਥਾਨ ਪੰਜਾਬ ਦੇ ਬੈਰੀਅਰ ਦੇ ਰਸਤਿਆਂ ਤੱਕ ਵੀ ਅੰਮ੍ਰਿਤਸਰ ਦੀਆਂ ਮੋਬਾਈਲ ਟੀਮਾਂ ਨੇ ਵਾਹਨਾਂ ਦਾ ਪਿੱਛਾ ਕਰ ਕੇ ਜੁਰਮਾਨੇ ਵਸੂਲੇ ਹਨ। ਜਾਣਕਾਰ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਇਨ੍ਹਾਂ ਰਸਤਿਆਂ ’ਤੇ ਚੱਲਣ ਵਾਲੇ ਲੋਕਾਂ ਨੂੰ ਮੋਬਾਈਲ ਵਿੰਗ ਦੀਆਂ ਟੀਮਾਂ ਦਾ ਪਤਾ ਲੱਗਦਾ ਹੈ ਤਾਂ ਇਹ ਲੋਕ ਤੁਰੰਤ ਹੀ ਕਿਸੇ ਪਿੰਡ ਵੱਲ ਵਾਹਨ ਨੂੰ ਮੋੜ ਲੈਂਦੇ ਹਨ ਪਰ ਹੁਣ ਇਸ ਤਰ੍ਹਾਂ ਦੀਆਂ ਗੱਡੀਆਂ ਫੜਨ ਲਈ ਮੋਬਾਈਲ ਵਿੰਗ ਨੇ ਵੀ ਆਪਣੇ ਸਟਾਈਲ ਬਦਲ ਦਿੱਤੇ ਹਨ, ਜਿਨ੍ਹਾਂ ਦੇ ਨਤੀਜੇ ਸਾਹਮਣੇ ਹਨ।

ਇਹ ਵੀ ਪੜ੍ਹੋ- ਗਰਮੀ ਨਾਲ ਬੇਹਾਲ ਹੋਏ ਲੋਕ, 42 ਡਿਗਰੀ ਤੱਕ ਪੁਹੰਚਿਆ ਗੁਰਦਾਸਪੁਰ ਦਾ ਤਾਪਮਾਨ

ਟੈਕਸੇਸ਼ਨ ਵਿਭਾਗ ਦੀ ਹਰ ਸੰਭਵ ਮਦਦ ਹੋਵੇਗੀ : ਡੀ. ਆਈ. ਜੀ.

ਹਾਲਾਂਕਿ ਪਿਛਲੇ ਸਮੇਂ ’ਚ ਟੈਕਸ ਮਾਫੀਆ ਵੱਲੋਂ ਮੋਬਾਈਲ ਵਿੰਗ ਅਧਿਕਾਰੀਆਂ ’ਤੇ ਹਮਲਾ ਵੀ ਕੀਤਾ ਗਿਆ, ਜਿਸ ਵਿਚ ਕੁਝ ਮੁਕੱਦਮੇ ਵੀ ਦਰਜ ਹੋਏ ਹਨ। ਉਥੇ ਹੀ ਡੀ. ਆਈ. ਜੀ. ਬਾਰਡਰ ਰੇਂਜ ਰਾਕੇਸ਼ ਕੌਸ਼ਲ ਨੇ ਕਿਹਾ ਹੈ ਕਿ ਸਰਹੱਦ ਰੇਂਜ ਦੀ ਪੁਲਸ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਰ ਸੰਭਵ ਮਦਦ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰੇਗੀ। ਉਨ੍ਹਾਂ ਕਿਹਾ ਕਿ ਭਾਵੇਂ ਉਹ ਆਬਕਾਰੀ ਵਿਭਾਗ ਹੋਵੇ ਜਾਂ ਜੀ. ਐੱਸ. ਟੀ. ਭਾਵ ਮੋਬਾਈਲ ਵਿੰਗ। ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਸਮੇਂ ਸਾਰੇ ਪੁਲਸ ਜ਼ਿਲਿਆਂ ’ਚ ਮਦਦ ਲੈ ਸਕਦਾ ਹੈ। ਡੀ. ਆਈ. ਜੀ. ਨੇ ਬਹਾਦਰੀ ਨਾਲ ਕੰਮ ਕਰਨ ਵਾਲੇ ਮੋਬਾਈਲ ਵਿੰਗ ਦੇ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News