RCB vs KKR : ਅੰਪਾਇਰ ਨਾਲ ਪੰਗਾ ਲੈਣਾ ਵਿਰਾਟ ਕੋਹਲੀ ਨੂੰ ਪਿਆ ਭਾਰੀ, ਲੱਗਾ ਵੱਡਾ ਜੁਰਮਾਨਾ
Monday, Apr 22, 2024 - 07:26 PM (IST)
ਸਪੋਰਟਸ ਡੈਸਕ : ਵਿਰਾਟ ਕੋਹਲੀ 'ਤੇ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਆਚਾਰ ਸੰਹਿਤਾ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਹੋਇਆ ਇਹ ਕਿ ਪਹਿਲਾਂ ਖੇਡਦੇ ਹੋਏ ਕੋਲਕਾਤਾ ਨਾਈਟ ਰਾਈਡਰਜ਼ ਨੇ ਫਿਲ ਸਾਲਟ ਦੀਆਂ 48 ਦੌੜਾਂ ਅਤੇ ਸ਼੍ਰੇਅਸ ਅਈਅਰ ਦੀਆਂ 50 ਦੌੜਾਂ ਦੀ ਮਦਦ ਨਾਲ 222 ਦੌੜਾਂ ਬਣਾਈਆਂ ਸਨ। ਜਵਾਬ 'ਚ ਖੇਡਣ ਉਤਰੀ ਬੈਂਗਲੁਰੂ ਦੀ ਟੀਮ ਇਕ ਵਾਰ ਫਿਰ ਤੋਂ ਫਾਰਮ 'ਚ ਚੱਲ ਰਹੇ ਵਿਰਾਟ 'ਤੇ ਨਜ਼ਰ ਰੱਖ ਬਣਾਏ ਹੋਏ ਸੀ। ਵਿਰਾਟ ਨੇ ਪਹਿਲੇ ਦੋ ਓਵਰਾਂ 'ਚ ਦੋ ਛੱਕੇ ਲਗਾ ਕੇ ਆਪਣਾ ਇਰਾਦਾ ਜ਼ਾਹਰ ਕੀਤਾ ਸੀ। ਪਰ ਤੀਜੇ ਓਵਰ ਵਿੱਚ ਉਹ ਹਰਸ਼ਿਤ ਰਾਣਾ ਦੀ ਪਹਿਲੀ ਹੀ ਲਾਲੀਪਾਪ ਗੇਂਦ ਉੱਤੇ ਕੈਚ ਹੋ ਗਿਆ। ਦਰਅਸਲ ਹਰਸ਼ਿਤ ਨੇ ਹੌਲੀ ਗੇਂਦ ਸੁੱਟੀ ਸੀ ਜਿਸ 'ਤੇ ਵਿਰਾਟ ਨੇ ਹੜਬੜਾਹਟ 'ਚ ਬੱਲੇਬਾਜ਼ੀ ਕੀਤੀ। ਬੱਲੇ ਨਾਲ ਟਕਰਾਉਣ ਤੋਂ ਬਾਅਦ ਗੇਂਦ ਗੇਂਦਬਾਜ਼ ਵੱਲ ਚਲੀ ਗਈ ਅਤੇ ਹਰਸ਼ਿਤ ਨੇ ਇਸ ਨੂੰ ਫੜਨ ਵਿਚ ਕੋਈ ਗਲਤੀ ਨਹੀਂ ਕੀਤੀ।
ਇਸ ਦੌਰਾਨ ਵਿਰਾਟ ਨੂੰ ਭਰੋਸਾ ਸੀ ਕਿ ਇਹ ਨੋ ਬਾਲ ਦਿੱਤੀ ਜਾਵੇਗੀ। ਪਰ ਅਜਿਹਾ ਨਹੀਂ ਹੋਇਆ। ਡੀਆਰਐਸ ਲਿਆ ਗਿਆ ਸੀ। ਥਰਡ ਅੰਪਾਇਰ ਮਾਈਕਲ ਗਫ ਨੇ ਰੀਪਲੇ ਦੇਖਣ ਤੋਂ ਬਾਅਦ ਫੈਸਲਾ ਸੁਣਾਇਆ ਕਿ ਕਿਉਂਕਿ ਵਿਰਾਟ ਪਹਿਲਾਂ ਹੀ ਕ੍ਰੀਜ਼ ਦੇ ਬਾਹਰ ਖੜ੍ਹਾ ਸੀ, ਇਸ ਲਈ ਗੇਂਦ ਉਸ ਦੀ ਕਮਰ ਦੇ ਹੇਠਾਂ ਜਾ ਲੱਗੀ। ਬਾਲ-ਟਰੈਕਿੰਗ ਵਿੱਚ ਵੀ, ਗੇਂਦ ਨੂੰ ਹੇਠਾਂ ਜਾਂਦਾ ਦੇਖਿਆ ਗਿਆ। ਜਿਵੇਂ ਹੀ ਤੀਜੇ ਅੰਪਾਇਰ ਦਾ ਫੈਸਲਾ ਆਇਆ ਤਾਂ ਕੋਹਲੀ ਨਿਰਾਸ਼ ਹੋ ਗਏ। ਜਦੋਂ ਉਹ ਪਵੇਲੀਅਨ ਵੱਲ ਪਰਤਿਆ ਤਾਂ ਉਹ ਗੁੱਸੇ ਵਿੱਚ ਨਜ਼ਰ ਆਇਆ। ਇਸ ਦੌਰਾਨ ਉਹ ਮੈਦਾਨੀ ਅੰਪਾਇਰ ਵੱਲ ਮੁੜਿਆ ਅਤੇ ਫੈਸਲੇ ਨੂੰ ਲੈ ਕੇ ਬਹਿਸ ਵੀ ਕੀਤੀ। ਕੋਹਲੀ ਦਾ ਇਹ ਰੂਪ ਦੇਖ ਕੇ ਕੁਮੈਂਟੇਟਰਾਂ ਦੇ ਨਾਲ-ਨਾਲ ਦਰਸ਼ਕ ਵੀ ਹੈਰਾਨ ਰਹਿ ਗਏ। ਪ੍ਰਸ਼ੰਸਕਾਂ ਨੇ ਲੰਬੇ ਸਮੇਂ ਬਾਅਦ ਵਿਰਾਟ ਦਾ ਅਜਿਹਾ ਹਮਲਾਵਰ ਰੂਪ ਵੇਖਿਆ ਸੀ। ਜਦੋਂ ਤੱਕ ਕੋਹਲੀ ਡਗਆਊਟ 'ਤੇ ਪਹੁੰਚੇ ਤਾਂ ਉਨ੍ਹਾਂ ਦੇ ਚਿਹਰੇ 'ਤੇ ਨਿਰਾਸ਼ਾ ਸਾਫ ਦਿਖਾਈ ਦੇ ਰਹੀ ਸੀ।
ਇੰਝ ਰਿਹਾ ਮੈਚ
ਮੈਚ ਦੀ ਗੱਲ ਕਰੀਏ ਤਾਂ ਕੋਲਕਾਤਾ ਨੇ ਪਹਿਲਾਂ ਖੇਡਦੇ ਹੋਏ ਫਿਲ ਸਾਲਟ ਦੀ ਬਦੌਲਤ ਸ਼ਾਨਦਾਰ ਸ਼ੁਰੂਆਤ ਕੀਤੀ। ਸਾਲਟ ਨੇ 14 ਗੇਂਦਾਂ 'ਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਨਰੇਨ ਨੇ 10 ਅਤੇ ਰਘੂਵੰਸ਼ੀ ਨੇ 3 ਦੌੜਾਂ ਦਾ ਯੋਗਦਾਨ ਪਾਇਆ। ਮਿਡਲ ਆਰਡਰ 'ਚ ਸ਼੍ਰੇਅਸ ਅਈਅਰ ਨੇ 36 ਗੇਂਦਾਂ 'ਤੇ 50 ਦੌੜਾਂ, ਰਿੰਕੂ ਸਿੰਘ ਨੇ 24 ਦੌੜਾਂ, ਆਂਦਰੇ ਰਸਲ ਨੇ 20 ਗੇਂਦਾਂ 'ਤੇ 27 ਦੌੜਾਂ ਅਤੇ ਰਣਦੀਪ ਸਿੰਘ ਨੇ 9 ਗੇਂਦਾਂ 'ਤੇ 24 ਦੌੜਾਂ ਬਣਾ ਕੇ ਸਕੋਰ ਨੂੰ 222 ਤੱਕ ਪਹੁੰਚਾਇਆ, ਜਿਸ ਦੇ ਜਵਾਬ 'ਚ ਬੈਂਗਲੁਰੂ ਨੇ ਸ਼ੁਰੂਆਤ ਵਿਚ ਹੀ ਆਪਣੇ ਦੋ ਸਲਾਮੀ ਬੱਲੇਬਾਜ਼ ਗੁਆ ਦਿੱਤੇ। ਇਸ ਤੋਂ ਬਾਅਦ ਬੈਂਗਲੁਰੂ ਜਿੱਤ ਤੋਂ ਸਿਰਫ 1 ਦੌੜ ਦੂਰ ਸੀ ਪਰ ਬਦਕਿਸਤਮੀ ਨਾਲ ਬੈਂਗਲੁਰੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8