ਹਾਰਦਿਕ ਪੰਡਯਾ IPL ਆਚਾਰ ਸੰਹਿਤਾ ਦੀ ਉਲੰਘਣਾ ਤਹਿਤ ਮੁਅੱਤਲ, 30 ਲੱਖ ਦਾ ਜੁਰਮਾਨਾ ਵੀ ਲੱਗਾ
Saturday, May 18, 2024 - 02:12 PM (IST)
ਮੁੰਬਈ : ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਆਈਪੀਐਲ ਦੇ ਇਸ ਸੀਜ਼ਨ ਵਿੱਚ ਹੌਲੀ ਓਵਰਰੇਟ ਦੇ ਤੀਜੇ ਅਪਰਾਧ ਲਈ ਇੱਕ ਮੈਚ ਲਈ ਮੁਅੱਤਲ ਅਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਮੁੰਬਈ ਦੀ ਇਸ ਸੀਜ਼ਨ ਦੀ ਮੁਹਿੰਮ ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਆਖਰੀ ਲੀਗ ਮੈਚ ਨਾਲ ਖਤਮ ਹੋ ਗਈ, ਮਤਲਬ ਪੰਡਯਾ ਅਗਲੇ ਸੀਜ਼ਨ 'ਚ ਪਹਿਲਾ ਮੈਚ ਨਹੀਂ ਖੇਡ ਸਕੇਗਾ।
ਇੱਕ ਮੀਡੀਆ ਰਿਲੀਜ਼ ਵਿੱਚ ਕਿਹਾ ਗਿਆ ਹੈ, "ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ 17 ਮਈ ਨੂੰ ਵਾਨਖੇੜੇ ਸਟੇਡੀਅਮ ਵਿੱਚ ਲਖਨਊ ਸੁਪਰਜਾਇੰਟਸ ਦੇ ਖਿਲਾਫ ਆਈਪੀਐਲ 2024 ਦੇ ਮੈਚ ਦੌਰਾਨ ਹੌਲੀ ਓਵਰਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ।" ਇਸ 'ਚ ਕਿਹਾ ਗਿਆ ਹੈ, 'ਇਹ ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ ਹੌਲੀ ਓਵਰ-ਰੇਟ ਦਾ ਮੁੰਬਈ ਇੰਡੀਅਨਜ਼ ਦਾ ਤੀਜਾ ਅਪਰਾਧ ਸੀ, ਇਸ ਲਈ ਹਾਰਦਿਕ ਪੰਡਯਾ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਅਗਲੇ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ।'
ਇੰਪੈਕਟ ਖਿਡਾਰੀ ਰੋਹਿਤ ਸ਼ਰਮਾ ਸਮੇਤ ਟੀਮ ਦੇ ਬਾਕੀ ਮੈਂਬਰਾਂ 'ਤੇ ਮੈਚ ਫੀਸ ਦਾ 50 ਫੀਸਦੀ ਜਾਂ 12 ਲੱਖ ਰੁਪਏ, ਜੋ ਵੀ ਘੱਟ ਹੋਵੇ, ਜੁਰਮਾਨਾ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਨੇ ਸੀਜ਼ਨ 'ਚ ਆਪਣਾ 10ਵਾਂ ਮੈਚ ਹਾਰ ਕੇ ਵਿਦਾਈ ਲਈ। ਮੁੰਬਈ ਇਸ ਸੀਜ਼ਨ 'ਚ ਹਾਰਦਿਕ ਪੰਡਯਾ ਦੀ ਕਪਤਾਨੀ 'ਚ 14 'ਚੋਂ ਸਿਰਫ 4 ਮੈਚ ਜਿੱਤ ਸਕੀ। ਮੁੰਬਈ ਨੇ ਇਹ ਜਿੱਤ ਦਿੱਲੀ, ਬੈਂਗਲੁਰੂ, ਪੰਜਾਬ ਅਤੇ ਹੈਦਰਾਬਾਦ ਦੇ ਖਿਲਾਫ ਹਾਸਲ ਕੀਤੀ। ਸ਼ੁੱਕਰਵਾਰ ਨੂੰ ਉਹ ਲਖਨਊ ਸੁਪਰ ਜਾਇੰਟਸ ਦੇ ਸਾਹਮਣੇ ਸੀ ਜਿੱਥੇ ਕੇਐਲ ਰਾਹੁਲ ਦੀ ਕਪਤਾਨੀ ਵਾਲੀ ਟੀਮ ਨੇ ਪਹਿਲਾਂ ਖੇਡਦੇ ਹੋਏ ਛੇ ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ।
ਲਖਨਊ ਲਈ ਕੇਐੱਲ ਰਾਹੁਲ ਨੇ 55 ਦੌੜਾਂ ਅਤੇ ਨਿਕੋਲਸ ਪੂਰਨ ਨੇ 29 ਗੇਂਦਾਂ 'ਤੇ 75 ਦੌੜਾਂ ਬਣਾਈਆਂ। ਜਵਾਬ 'ਚ ਮੁੰਬਈ ਲਈ ਰੋਹਿਤ ਸ਼ਰਮਾ ਅਤੇ ਨਮਨ ਧੀਰ ਨੇ ਅਰਧ ਸੈਂਕੜੇ ਲਗਾਏ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲੈ ਜਾ ਸਕੇ। ਮੁੰਬਈ ਨੂੰ ਸੂਰਿਆਕੁਮਾਰ 0, ਈਸ਼ਾਨ ਕਿਸ਼ਨ 14, ਹਾਰਦਿਕ ਪੰਡਯਾ 16 ਦੀ ਛੋਟੀਆਂ ਪਾਰੀਆਂ ਦਾ ਖਮਿਆਜ਼ਾ ਭੁਗਤਨਾ ਪਿਆ। ਉਹ ਇਹ ਮੈਚ 18 ਦੌੜਾਂ ਨਾਲ ਹਾਰ ਗਏ ਸਨ।