ਦ੍ਰਾਵਿੜ ਨੂੰ ਮੁੱਖ ਕੋਚ ਅਹੁਦੇ ''ਤੇ ਬਣੇ ਰਹਿਣਾ ਹੈ ਤਾਂ ਫਿਰ ਤੋਂ ਅਪਲਾਈ ਕਰਨਾ ਹੋਵੇਗਾ: ਜੈ ਸ਼ਾਹ

05/10/2024 2:12:38 PM

ਮੁੰਬਈ: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਜੇਕਰ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਅਹੁਦੇ 'ਤੇ ਬਣੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਕੋਚ ਦੀ ਨਿਯੁਕਤੀ ਤਿੰਨ ਸਾਲਾਂ ਲਈ ਹੋਵੇਗੀ। ਦ੍ਰਾਵਿੜ ਦਾ ਇਕਰਾਰਨਾਮਾ ਸ਼ੁਰੂ ਵਿਚ ਦੋ ਸਾਲਾਂ ਲਈ ਸੀ ਪਰ ਉਨ੍ਹਾਂ ਨੂੰ ਅਤੇ ਸਹਿਯੋਗੀ ਸਟਾਫ ਨੂੰ ਨਵੰਬਰ ਵਿਚ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਇਸ ਵਿਚ ਵਾਧਾ ਕਰ ਦਿੱਤਾ ਗਿਆ ਸੀ।
ਸ਼ਾਹ ਨੇ ਇੱਥੇ ਬੀਸੀਸੀਆਈ ਦਫ਼ਤਰ ਵਿੱਚ ਕਿਹਾ, ‘ਅਸੀਂ ਅਗਲੇ ਕੁਝ ਦਿਨਾਂ ਵਿੱਚ ਅਰਜ਼ੀਆਂ ਮੰਗਵਾਂਵਾਗੇ। ਰਾਹੁਲ ਦ੍ਰਵਿੜ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਜੇਕਰ ਉਹ ਅਹੁਦੇ 'ਤੇ ਬਣੇ ਰਹਿਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨਾ ਹੋਵੇਗਾ। ਅਸੀਂ ਤਿੰਨ ਸਾਲਾਂ ਲਈ ਲੰਬੇ ਸਮੇਂ ਦਾ ਕੋਚ ਚਾਹੁੰਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵੱਖ-ਵੱਖ ਫਾਰਮੈਟਾਂ ਲਈ ਵੱਖਰੇ ਕੋਚ ਰੱਖਣ ਦਾ ਕੋਈ ਚਲਨ ਨਹੀਂ ਹੈ ਪਰ ਆਖਿਰਕਾਰ ਫੈਸਲਾ ਕ੍ਰਿਕਟ ਸਲਾਹਕਾਰ ਕਮੇਟੀ ਨੂੰ ਹੀ ਲੈਣਾ ਪੈਂਦਾ ਹੈ। ਕਮੇਟੀ ਵਿੱਚ ਜਤਿਨ ਪਰਾਂਜਪੇ, ਅਸ਼ੋਕ ਮਲਹੋਤਰਾ ਅਤੇ ਸੁਲਕਸ਼ਨਾ ਨਾਇਕ ਸ਼ਾਮਲ ਹਨ।
ਸ਼ਾਹ ਨੇ ਕਿਹਾ, 'ਭਾਰਤੀ ਕ੍ਰਿਕਟ 'ਚ ਵੱਖ-ਵੱਖ ਫਾਰਮੈਟਾਂ ਲਈ ਵੱਖ-ਵੱਖ ਕੋਚ ਰੱਖਣ ਦਾ ਰੁਝਾਨ ਨਹੀਂ ਰਿਹਾ। ਇਸ ਤੋਂ ਇਲਾਵਾ ਸਾਡੇ ਕੋਲ ਕਈ ਖਿਡਾਰੀ ਹਨ ਜੋ ਸਾਰੇ ਫਾਰਮੈਟਾਂ ਵਿੱਚ ਖੇਡਦੇ ਹਨ ਜਿਵੇਂ ਰਿਸ਼ਭ ਪੰਤ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ। ਉਨ੍ਹਾਂ ਨੇ ਕਿਹਾ, 'ਇਹ ਫੈਸਲਾ ਕ੍ਰਿਕਟ ਸਲਾਹਕਾਰ ਕਮੇਟੀ ਨੇ ਲੈਣਾ ਹੈ। ਉਹ ਜੋ ਵੀ ਫੈਸਲਾ ਲੈਣਗੇ, ਮੈਂ ਉਸ 'ਤੇ ਅਮਲ ਕਰਾਂਗਾ। ਜੇਕਰ ਉਹ ਕਹਿੰਦੇ ਹਨ ਕਿ ਉਹ ਵਿਦੇਸ਼ੀ ਕੋਚ ਚਾਹੁੰਦੇ ਹਨ ਤਾਂ ਮੈਂ ਦਖਲ ਨਹੀਂ ਦੇਵਾਂਗਾ।
ਅੰਤਰਰਾਸ਼ਟਰੀ ਕ੍ਰਿਕਟ ਕਮੇਟੀ ਦੇ ਚੇਅਰਮੈਨ ਵਜੋਂ ਗ੍ਰੇਗ ਬਾਰਕਲੇ ਦਾ ਕਾਰਜਕਾਲ ਇਸ ਸਾਲ ਖਤਮ ਹੋ ਰਿਹਾ ਹੈ ਪਰ ਸ਼ਾਹ ਨੇ ਇਹ ਨਹੀਂ ਦੱਸਿਆ ਕਿ ਉਹ ਇਸ ਅਹੁਦੇ ਦੀ ਦੌੜ ਵਿੱਚ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ, 'ਮੈਨੂੰ ਇੱਥੇ ਬੀ.ਸੀ.ਸੀ.ਆਈ. ਵਿੱਚ ਰਹਿਣ ਦਿਓ। ਕਿਆਸਅਰਾਈਆਂ ਹੋਣ ਦਿਓ ਪਰ ਮੈਨੂੰ ਇੱਥੇ ਹੀ ਰਹਿਣ ਦਿਓ। ਕੀ ਮੈਂ ਚੰਗਾ ਕੰਮ ਨਹੀਂ ਕਰ ਰਿਹਾ?


Aarti dhillon

Content Editor

Related News