ਯਾਤਰਾ ਅਤੇ ਖਰੀਦਦਾਰੀ ’ਤੇ ਖਰਚ ਕਰਨਾ ਚਾਹੁੰਦੇ ਹਨ 80 ਫੀਸਦੀ ਪਰਿਵਾਰ

Thursday, Nov 24, 2022 - 11:20 AM (IST)

ਯਾਤਰਾ ਅਤੇ ਖਰੀਦਦਾਰੀ ’ਤੇ ਖਰਚ ਕਰਨਾ ਚਾਹੁੰਦੇ ਹਨ 80 ਫੀਸਦੀ ਪਰਿਵਾਰ

ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ਦੇ 80 ਫੀਸਦੀ ਤੋਂ ਵੱਧ ਲੋਕਾਂ ਦਾ ਛੁੱਟੀਆਂ ਦਾ ਸੀਜ਼ਨ ਆਪਣੇ ਪਰਿਵਾਰ ਨਾਲ ਮਨਾਉਣ ਦਾ ਇਰਾਦਾ ਹੈ ਅਤੇ ਉਹ ਯਾਤਰਾ ਅਤੇ ਖਰੀਦਦਾਰੀ ’ਤੇ ਸਭ ਤੋਂ ਵੱਧ ਖਰਚ ਕਰਨ ਦੇ ਇਛੁੱਕ ਹਨ। ਇਕ ਸਰਵੇਖਣ ’ਚ ਇਹ ਨਤੀਜਾ ਕੱਢਿਆ ਗਿਆ ਹੈ। ਅਮਰੀਕਨ ਐਕਸਪ੍ਰੈੱਸ ਦੀ ਰੁਝਾਨ ਨੂੰ ਦਰਸਾਉਣ ਵਾਲੀ ਰਿਪੋਰਟ ਅਮੈਕਸ ਟ੍ਰੇਂਡੈਕਸ ਮੁਤਾਬਕ ਕਰੀਬ 88 ਫੀਸਦੀ ਭਾਰਤੀ ਇਸ ਗੱਲ ਤੋਂ ਸਹਿਮਤ ਹਨ ਕਿ ਉਹ ਇਸ ਛੁੱਟੀਆਂ ਦੇ ਮੌਸਮ ’ਚ ਆਨਲਾਈਨ ਖਰੀਦਦਾਰੀ ਲਈ ਕ੍ਰੈਡਿਟ ਕਾਰਡ ਐਵਾਰਡ ਹਾਸਲ ਕਰਨਾ ਚਾਹੁੰਦੇ ਹਨ। ਹਾਲਾਂਕਿ ਸਰਵੇਖਣ ’ਚ ਲੋਕਾਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ।

ਸਰਵੇ ਮੁਤਾਬਕ 87 ਫੀਸਦੀ ਭਾਰਤੀ ਖਪਤਕਾਰਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਹੈ ਕਿ ਉਹ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਵਿਸ਼ੇਸ਼ ਸਮਾਂ ਬਿਤਾਉਣ ਦੀ ਇੱਛਾ ਨਾਲ ਛੁੱਟੀਆਂ ਦੇ ਮੌਸਮ ’ਚ ਯਾਤਰਾ ਕਰਨ ਦੀ ਪਰੰਪਰਾ ਨੂੰ ਸ਼ੁਰੂ ਕਰਨ ਜਾਂ ਮੁੜ ਸ਼ੁਰੂ ਕਰਨ ਬਾਰੇ ਸੋਚ ਰਹੇ ਹਨ। ਅਮੈਕਸ ਟ੍ਰੇਂਡੈਕਸ ਨੇ ਕਿਹਾ ਕਿ ਭਾਰਤੀ ਖਪਤਕਾਰਾਂ ਲਈ ਸਥਾਨਕ ਅਰਥਵਿਵਸਥਾ ਦਾ ਸਮਰਥਨ ਕਰਨਾ ਅਹਿਮ ਰਿਹਾ ਕਿਉਂਕਿ 10 ’ਚੋਂ 6 ਲੋਕ 2021 ਦੀ ਤੁਲਨਾ ’ਚ ਇਨ੍ਹਾਂ ਛੁੱਟੀਆਂ ’ਚ ਛੋਟੇ ਕਾਰੋਬਾਰਾਂ ’ਤੇ ਵਧੇਰੇ ਖਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕਨ ਐਕਸਪ੍ਰੈੱਸ ਬੈਂਕਿੰਗ ਕਾਰਪੋਰੇਸ਼ਨ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੰਜੇ ਖੰਨਾ ਨੇ ਕਿਹਾ ਕਿ ਅਸੀਂ ਇਨ੍ਹਾਂ ਛੁੱਟੀਆਂ ਦੇ ਮੌਸਮ ’ਚ ਭਾਰਤੀ ਖਪਤਕਾਰਾਂ ਦੇ ਖਰਚ ਕਰਨ ਦੇ ਤਰੀਕੇ ’ਚ ਮਜ਼ਬੂਤ ਬਦਲਾਅ ਦੇਖਿਆ ਹੈ। ਇਕ ਤਾਂ ਉਹ ਆਪਣਾ ਸਮਾਂ ਪਰਿਵਾਰ ਅਤੇ ਦੋਸਤਾਂ ਨਾਲ ਬਿਤਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਸੋਚ-ਵਿਚਾਰ ਨਾਲ ਟਿਕਾਊ ਸਥਾਨਕ ਉਤਪਾਦ ਤੋਹਫੇ ਵਜੋਂ ਦੇਣਾ ਚਾਹੁੰਦੇ ਹਨ, ਜਿਸ ਨਾਲ ਛੋਟੇ ਦੁਕਾਨਦਾਰਾਂ ਨੂੰ ਸਮਰਥਨ ਮਿਲੇਗਾ।


author

Harinder Kaur

Content Editor

Related News