5000 ਕਰੋੜ ਦਾ ਵਿਆਹ... Amazon ਦੇ ਸੰਸਥਾਪਕ ਜੈੱਫ ਬੇਜੋਸ ਨੇ ਦੱਸਿਆ ਸੱਚ
Tuesday, Dec 24, 2024 - 04:38 PM (IST)
ਨਵੀਂ ਦਿੱਲੀ - ਐਮਾਜ਼ੋਨ ਦੇ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ਵਿੱਚੋਂ ਇੱਕ ਜੈਫ ਬੇਜੋਸ (60) ਆਪਣੀ ਪ੍ਰੇਮਿਕਾ ਲੌਰੇਨ ਸਾਂਚੇਜ਼ (55) ਨਾਲ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ 28 ਦਸੰਬਰ ਨੂੰ ਐਸਪੇਨ, ਕੋਲੋਰਾਡੋ ਵਿੱਚ ਹੋਵੇਗਾ। ਇਸ ਵਿਆਹ ਦੇ ਖਰਚੇ ਨੂੰ ਲੈ ਕੇ ਮੀਡੀਆ 'ਚ ਕਾਫੀ ਅਟਕਲਾਂ ਚੱਲ ਰਹੀਆਂ ਸਨ।
ਇਸ ਵਿਆਹ ਲਈ ਆਉਣ ਵਾਲਾ ਖ਼ਰਚ ਲਗਭਗ 200-300 ਕਰੋੜ ਰੁਪਏ ਤੋਂ 5000 ਕਰੋੜ ਰੁਪਏ ਤੱਕ ਦੱਸਿਆ ਜਾ ਰਿਹਾ ਹੈ। ਅਮਰੀਕਾ 'ਚ ਇਸ ਵਿਆਹ ਦਾ ਖਰਚ 600 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ, ਜੋ ਕਿ ਲਗਭਗ ਪੰਜ ਹਜ਼ਾਰ ਕਰੋੜ ਰੁਪਏ ਹੈ। ਜਦੋਂ ਡੇਲੀ ਮੇਲ ਅਤੇ ਨਿਊਯਾਰਕ ਪੋਸਟ ਵਿੱਚ ਇਹ ਦਾਅਵੇ ਕੀਤੇ ਗਏ ਤਾਂ ਭਾਰਤੀ ਮੀਡੀਆ ਵਿੱਚ ਇਨ੍ਹਾਂ ਦੇ ਹਵਾਲੇ ਨਾਲ ਖ਼ਬਰਾਂ ਪ੍ਰਕਾਸ਼ਿਤ ਹੋਈਆਂ। ਹੁਣ ਜੇਫ ਬੇਜੋਸ ਅਤੇ ਉਨ੍ਹਾਂ ਦੀ ਪ੍ਰੇਮਿਕਾ ਲੌਰੇਨ ਸਾਂਚੇਜ਼ ਨੇ ਇਨ੍ਹਾਂ ਦਾਅਵਿਆਂ ਨੂੰ ਹਕੀਕਤ ਤੋਂ ਦੂਰ ਦੱਸਿਆ ਹੈ। ਦੋਹਾਂ ਨੇ ਵਿਆਹ 'ਤੇ ਖਰਚ ਹੋਣ ਵਾਲੇ ਦਾਅਵਿਆਂ ਨੂੰ ਨਕਾਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।
ਜੈਫ ਨੇ X 'ਤੇ ਲਿਖਿਆ "ਇਹ ਸਾਰੀ ਗੱਲ ਪੂਰੀ ਤਰ੍ਹਾਂ ਝੂਠ ਹੈ। ਇਸ ਵਿੱਚੋਂ ਕੁਝ ਵੀ ਨਹੀਂ ਹੋ ਰਿਹਾ ਹੈ।
ਦੂਜੇ ਪਾਸੇ ਲੌਰੇਨ ਸਾਂਚੇਜ਼ ਨੇ ਲਿਖਿਆ, "ਇਹ ਸਹੀ ਨਹੀਂ ਹੈ।"
ਕੀ ਵਿਆਹ 'ਚ ਸ਼ਾਮਲ ਹੋਣਗੀਆਂ ਮਸ਼ਹੂਰ ਹਸਤੀਆਂ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਬੇਜੋਸ ਅਤੇ ਸਾਂਚੇਜ਼ ਦੇ ਵਿਆਹ 'ਚ ਸਿਰਫ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣ ਜਾ ਰਹੇ ਹਨ। ਸਾਲ 2023 'ਚ ਉਨ੍ਹਾਂ ਨੇ ਜੋ ਮੰਗਣੀ ਕੀਤੀ ਸੀ, ਉਸ 'ਚ ਬਿਲ ਗੇਟਸ, ਲਿਓਨਾਰਡੋ ਡੀਕੈਪਰੀਓ ਅਤੇ ਕ੍ਰਿਸ ਜੇਨਰ ਵਰਗੇ ਮਹਿਮਾਨ ਆਏ ਸਨ। ਉਮੀਦ ਹੈ ਕਿ ਵਿਆਹ ਸਮਾਰੋਹ ਸਮੇਂ ਵੀ ਇਹ ਲੋਕ ਹੀ ਸ਼ਾਮਲ ਹੋਣਗੇ।
ਪ੍ਰਪੋਜ਼ ਕਰਨ ਸਮੇਂ ਦਿੱਤਾ ਸੀ ਹੀਰਾ
ਬੇਜੋਸ ਨੇ ਪ੍ਰਪੋਜ਼ ਕਰਨ ਲਈ ਸਾਂਚੇਜ਼ ਨੂੰ ਦਿਲ ਦੇ ਆਕਾਰ ਦੀ ਹੀਰੇ ਦੀ ਅੰਗੂਠੀ ਦਿੱਤੀ ਸੀ। ਇਹ ਹੀਰਾ 20 ਕੈਰੇਟ ਦਾ ਸੀ। ਸਾਂਚੇਜ਼ ਇੱਕ ਬਰਾਡਕਾਸਟ ਜਰਨਲਿਸਟ ਰਹਿ ਚੁੱਕੀ ਹੈ। ਉਹ ਇੱਕ ਹੈਲੀਕਾਪਟਰ ਪਾਇਲਟ ਅਤੇ ਬਲੈਕ ਓਪਸ ਏਵੀਏਸ਼ਨ ਦੀ ਸੰਸਥਾਪਕ ਵੀ ਹੈ।
2019 ਵਿੱਚ ਟੁੱਟ ਗਿਆ ਸੀ ਲੌਰੇਨ ਦਾ ਵਿਆਹ
ਬੇਜੋਸ ਨਾਲ ਆਪਣਾ ਰਿਸ਼ਤਾ ਸ਼ੁਰੂ ਕਰਨ ਤੋਂ ਪਹਿਲਾਂ, ਲੌਰੇਨ ਨੇ 2005 ਵਿੱਚ ਹਾਲੀਵੁੱਡ ਏਜੰਟ ਪੈਟਰਿਕ ਵਾਈਟਸੇਲ ਨਾਲ ਵਿਆਹ ਕੀਤਾ ਸੀ। ਇਹ ਵਿਆਹ 13 ਸਾਲ ਤੱਕ ਚੱਲਿਆ ਅਤੇ ਸਾਲ 2019 'ਚ ਦੋਹਾਂ ਦਾ ਤਲਾਕ ਹੋ ਗਿਆ। ਪੈਟਰਿਕ ਨਾਲ ਉਸ ਦੇ ਦੋ ਬੱਚੇ ਹਨ। ਬੇਟੇ ਦਾ ਨਾਮ ਇਵਾਨ ਅਤੇ ਇੱਕ ਬੇਸੀ ਏਲਾ ਹੈ। ਦੂਜੇ ਪਾਸੇ ਬੇਜੋਸ ਨੇ ਵੀ ਸਾਲ 2019 ਵਿੱਚ ਆਪਣੀ ਪਤਨੀ ਮੈਕੇਂਜੀ ਸਕਾਟ ਨੂੰ ਤਲਾਕ ਦੇ ਦਿੱਤਾ ਸੀ। ਦੋਹਾਂ ਦਾ ਵਿਆਹ ਸਾਲ 1994 'ਚ ਹੋਇਆ ਸੀ।